ਫ਼ਿਲਿੱਪੀਆਂ

ਕਾਂਡ : 1 2 3 4


ਕਾਂਡ 4

1 ਮੇਰੇ ਪਿਆਰੇ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ ਅਤੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਖੁਸ਼ੀ ਦਿਉ ਅਤੇ ਮੈਨੂੰ ਤੁਹਾਡੇ ਉੱਤੇ ਮਾਣ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਵਫ਼ਾਦਾਰੀ ਨਾਲ ਪ੍ਰਭੂ ਦਾ ਅਨੁਸਰਣ ਕਰਨਾ ਜਾਰੀ ਰਖੋ।
2 ਮੈਂ ਯੂਓਦੀਆ ਅਤੇ ਸੁੰਤੁਖੇ ਨੂੰ ਇੱਕ ਦੂਸਰੇ ਨਾਲ ਸਹਿਮਤ ਹੋਣ ਲਈ ਬੇਨਤੀ ਕਰਦਾ ਹੈ ਕਿਉਂਕਿ ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ।
3 ਮੇਰੇ ਮਿੱਤਰੋ, ਕਿਉਂਕਿ ਤੁਸੀਂ ਮੇਰੇ ਨਾਲ ਰਲਕੇ ਵਫ਼ਾਦਾਰੀ ਨਾਲ ਸੇਵਾ ਕੀਤੀ ਹੈ ਇਸ ਲਈ ਮੈਂ ਤੁਹਾਨੂੰ ਇਨ੍ਹਾਂ ਔਰਤਾਂ ਦੀ ਅਜਿਹਾ ਕਰਨ ਵਿੱਚ ਸਹਾਇਤਾ ਕਰਨ ਲਈ ਆਖਦਾ ਹਾਂ। ਇਨ੍ਹਾਂ ਨੇ ਕਲੇਮੰਸ ਨਾਲ ਮੇਰੇ ਪਖੋਂ ਅਤੇ ਮੇਰੇ ਹੋਰ ਸਾਥੀਆਂ ਨਾਲ ਮਿਲਕੇ ਖੁਸ਼ਖਬਰੀ ਫ਼ੈਲਾਉਣ ਵਿੱਚ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖੇ ਗਏ ਹਨ।
4 ਹਮੇਸ਼ਾ ਪ੍ਰਭੂ ਵਿੱਚ ਅਨੰਦ ਮਾਣੋ। ਮੈਂ ਇਸਨੂੰ ਫ਼ਿਰ ਆਖਾਂਗਾ, ਅਨੰਦ ਮਾਣੋ।
5 ਹਰ ਕਿਸੇ ਨੂੰ ਤੁਹਾਡੇ ਨਿਮ੍ਰ ਸੁਭਾਅ ਬਾਰੇ ਜਾਨਣ ਦਿਉ। ਪ੍ਰਭੂ ਛੇਤੀ ਆ ਰਿਹਾ ਹੈ।
6 ਕਾਸੇ ਦੀ ਵੀ ਚਿੰਤਾ ਨਾ ਕਰੋ। ਪਰ ਹਰ ਹਾਲਤ ਵਿੱਚ, ਪਰਮੇਸ਼ੁਰ ਨੂੰ ਉਹ ਪੁਛਦਿਆਂ ਹੋਇਆਂ ਪ੍ਰਾਰਥਨਾ ਕਰੋ ਜੋ ਤੁਹਾਨੂੰ ਲੋੜੀਂਦਾ ਹੈ। ਅਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸਦਾ ਸ਼ੁਕਰਾਨਾ ਕਰੋ।
7 ਪਰਮੇਸ਼ੁਰ ਦੀ ਸ਼ਾਂਤੀ ਇੰਨੀ ਮਹਾਨ ਹੈ ਕਿ ਇਸ ਨੂੰ ਸਾਡੇ ਮਨ ਸਮਝਣ ਲਾਇਕ ਨਹੀਂ ਹਨ। ਪਰ ਉਹ ਸ਼ਾਂਤੀ ਮਸੀਹ ਯਿਸੂ ਵਿੱਚ ਸਾਡੇ ਦਿਲਾਂ ਅਤੇ ਮਨਾਂ ਦੀ ਰਖਵਾਲੀ ਕਰੇਗੀ।
8 ਭਰਾਵੋ ਅਤੇ ਭੈਣੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਸੱਚੀਆਂ, ਸਤਿਕਾਰ ਯੋਗ, ਸਹੀ, ਸ਼ੁਧ, ਪਿਆਰ ਕਰਨ ਯੋਗ ਅਤੇ ਪ੍ਰਸੰਸਾ ਕਰਨਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾ ਯੋਗ ਹਨ।
9 ਉਹ ਗੱਲਾਂ ਕਰੋ ਜਿਹੜੀਆਂ ਤੁਸੀਂ ਮੈਥੋਂ ਸਿਖੀਆਂ ਅਤੇ ਪ੍ਰਾਪਤ ਕੀਤੀਆਂ ਹਨ। ਉਹ ਗੱਲਾਂ ਕਰੋ ਜੋ ਤੁਸੀਂ ਮੈਥੋਂ ਸੁਣੀਆਂ ਅਤੇ ਜੋ ਗੱਲਾਂ ਮੈਨੂੰ ਕਰਦਿਆਂ ਵੇਖਿਆ ਪਰਮੇਸ਼ੁਰ ਜਿਹੜਾ ਸ਼ਾਂਤੀ ਦਿੰਦਾ ਹੈ, ਤੁਹਾਡੇ ਨਾਲ ਹੋਵੇਗਾ।
10 ਤੁਸੀਂ ਮੇਰੇ ਹਿਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰ ਫ਼ੇਰ ਤੁਸੀਂ ਮੈਨੂੰ ਮਹਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ।
11 ਮੈਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ ਪਰ ਇਹ ਇਸ ਲਈ ਨਹੀਂ ਕਿ ਮੈਨੂੰ ਕੋਈ ਚੀਜ਼ ਲੋੜੀਂਦੀ ਹੈ। ਮੈਂ ਕਿਸੇ ਵੀ ਤਰ੍ਹਾਂ ਦੀਆਂ ਪਰਿਸਥਿਤੀਆਂ ਵਿੱਚ, ਜਿਨ੍ਹਾਂ ਵਿੱਚ ਮੈਂ ਜਿਉਂਦਾ ਹਾਂ, ਸੰਤੁਸ਼ਟ ਹੋਣਾ ਸਿਖ ਲਿਆ ਹੈ।
12 ਮੈਨੂੰ ਪਤਾ ਹੈ ਕਿ ਗਰੀਬੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਅਮੀਰੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ। ਮੈਂ ਹਰ ਸਮੇਂ ਅਤੇ ਹਰ ਪਰਿਸਥਿਤੀ ਵਿੱਚ ਭਾਵੇਂ ਰਜੇਵੇਂ ਵਿੱਚ ਰਹਿਣਾ ਪਵੇ ਅਤੇ ਭਾਵੇਂ ਭੁਖਮਰੀ ਵਿੱਚ, ਭਾਵੇਂ ਅਮੀਰੀ ਵਿੱਚ ਰਹਿਣਾ ਪਵੇ ਅਤੇ ਭਾਵੇਂ ਗਰੀਬੀ ਵਿੱਚ। ਖੁਸ਼ ਰਹਿਣ ਦਾ ਗੁਪਤ ਰਾਜ ਜਾਣ ਲਿਆ ਹੈ।
13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ।
14 ਪਰ ਇਹ ਚੰਗਾ ਸੀ ਕਿ ਮੁਸੀਬਤਾਂ ਵਿੱਚ ਤੁਸੀਂ ਮੇਰੀ ਮਦਦ ਕੀਤੀ।
15 ਫ਼ਿਲਿੱਪੈ ਵਿੱਚ ਤੁਸੀਂ ਲੋਕੋ, ਯਾਦ ਕਰੋ, ਜਦੋਂ ਮੈਂ ਉਥੇ ਪਹਿਲੀ ਵਾਰੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਮੈਕਦੂਨਿਯਾ ਛਡਿਆ, ਤੁਹਾਡੀ ਹੀ ਇਕੱਲੀ ਕਲੀਸਿਯਾ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ।
16 ਜਦੋਂ ਮੈਂ ਥਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ।
17 ਸੱਚਮੁਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ।
18 ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ।
19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ।
20 ਸਾਡੇ ਪਰਮੇਸ਼ੁਰ ਅਤੇ ਸਾਡੇ ਪਿਤਾ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।
21 ਮਸੀਹ ਯਿਸੂ ਵਿੱਚ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ। ਉਹ ਸਾਰੇ ਭਰਾ ਵੀ ਜੋ ਮੇਰੇ ਨਾਲ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।
22 ਪਰਮੇਸ਼ੁਰ ਦੇ ਸਾਰੇ ਲੋਕ, ਖਾਸਕਰ ਉਹ ਜਿਹੜੇ ਸੀਜ਼ਰ ਦੇ ਮਹਿਲ ਵਿੱਚ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।
23 ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਸਾਰਿਆਂ ਉੱਪਰ ਕਿਰਪਾ ਹੋਵੇ।