ਕਾਂਡ 1
1 ਮਸੀਹ ਯਿਸੂ ਦੇ ਸੇਵਕਾਂ ਪੌਲੁਸ ਅਤੇ ਤਿਮੋਥਿਉਸ ਵੱਲੋਂ, ਮਸੀਹ ਵਿੱਚ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਜੋ ਫ਼ਿਲਿੱਪੈ ਵਿੱਚ ਰਹਿੰਦੇ ਹਨ, ਅਤੇ ਤੁਹਾਡੇ ਸਾਰੇ ਬਜ਼ੁਰਗਾਂ ਅਤੇ ਖਾਸ ਸਹਾਇਕਾਂ ਨੂੰ ਸ਼ੁਭਕਾਮਨਾਵਾਂ।
2 ਪਰਮੇਸ਼ੁਰ, ਸਾਡੇ ਪਿਤਾ, ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਤੇ ਸ਼ਾਂਤੀ।
3 ਹਰ ਵੇਲੇ ਜਦੋਂ ਵੀ ਮੈਂ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
4 ਮੈਂ ਤੁਹਾਡੇ ਸਾਰਿਆਂ ਲਈ ਹਮੇਸ਼ਾ ਅਨੰਦ ਨਾਲ ਪ੍ਰਾਰਥਨਾਵਾਂ ਕਰਦਾ ਹਾਂ।
5 ਮੈਂ ਉਸ ਸਹਾਇਤਾ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜੀ ਤੁਸੀਂ ਉਸ ਪਹਿਲੇ ਦਿਨ ਤੋਂ ਲੈਕੇ ਹੁਣ ਤੱਕ ਖੁਸ਼ਖਬਰੀ ਫ਼ੈਲਾਉਣ ਵਿੱਚ ਕੀਤੀ ਹੈ।
6 ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਦਰਮਿਆਨ ਇਹ ਚੰਗਾ ਕੰਮ ਆਰੰਭਿਆ ਹੈ। ਉਹ ਉਸ ਕੰਮ ਨੂੰ ਜਾਰੀ ਰਖੇਗਾ ਅਤੇ ਮਸੀਹ ਯਿਸੂ ਦੀ ਪਹੁੰਚ ਵਾਲੇ ਦਿਨ ਇਸਨੂੰ ਪੂਰਾ ਕਰੇਗਾ।
7 ਅਤੇ ਮੈਂ ਜਾਣਦਾ ਹਾਂ ਕਿ ਮੇਰਾ ਤੁਹਾਡੇ ਸਾਰਿਆਂ ਲਈ ਇਉਂ, ਸੋਚਣਾ ਠੀਕ ਹੀ ਹੈ। ਤੁਹਾਡੀ ਮੇਰੇ ਦਿਲ ਵਿੱਚ ਇੱਕ ਖਾਸ ਜਗ਼੍ਹਾ ਹੈ। ਕਿਉਂਕਿ ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਨੂੰ ਸਾਂਝਾ ਕਰਦੇ ਹੋ। ਤੁਸੀਂ ਉਦੋਂ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਸਾਂਝੀ ਕਰਦੇ ਹੋ ਜਦੋਂ ਮੈਂ ਕੈਦ ਵਿੱਚ ਹੁੰਦਾ ਹਾਂ, ਜਦੋਂ ਮੈਂ ਖੁਸ਼ਖਬਰੀ ਦੀ ਰੱਖਿਆ ਕਰ ਰਿਹਾ ਹੁੰਦਾ ਹਾਂ, ਅਤੇ ਜਦੋਂ ਮੈਂ ਖੁਸ਼ਖਬਰੀ ਦੇ ਸੱਚ ਨੂੰ ਸਾਬਤ ਕਰ ਰਿਹਾ ਹੁੰਦਾ ਹਾਂ।
8 ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਮਸੀਹ ਯਿਸੂ ਦੇ ਪਿਆਰ ਨਾਲ ਦੇਖਣ ਦਾ ਚਾਹਵਾਨ ਹਾਂ।
9 ਤੁਹਾਡੇ ਲਈ ਮੇਰੀ ਇਹ ਪ੍ਰਾਰਥਨਾ ਹੈ:ਤੁਹਾਡਾ ਪ੍ਰੇਮ ਵਧ ਤੋਂ ਵਧ ਵਧੇ, ਤੁਹਾਡੇ ਕੋਲ ਸੱਚਾ ਗਿਆਨ ਹੋਵੇ ਅਤੇ ਤੁਹਾਡੇ ਪਿਆਰ ਨਾਲ ਸਮਝ ਹੋਵੇ;
10 ਤੁਸੀਂ ਚੰਗੇ ਤੇ ਮਾੜੇ ਵਿੱਚ ਫ਼ਰਕ ਕਰਨ ਯੋਗ ਹੋਵੋਂ ਅਤੇ ਆਪਣੇ ਲਈ ਸਭ ਤੋਂ ਚੰਗਾ ਚੁਣ ਸਕੋਂ; ਤੁਸੀਂ ਮਸੀਹ ਦੇ ਆਉਣ ਲਈ ਪਵਿੱਤਰ ਅਤੇ ਨਿਰਦੋਸ਼ ਹੋਵੋਂ।
11 ਤੁਸੀਂ ਯਿਸੂ ਮਸੀਹ ਦੀ ਸਹਾਇਤਾ ਨਾਲ ਪਰਮੇਸ਼ੁਰ ਨੂੰ ਮਹਿਮਾ ਅਤੇ ਉਸਤਤਿ ਲਿਆਉਣ ਲਈ ਚੰਗੀਆਂ ਕਰਨੀਆਂ ਕਰ ਸਕੋਂ।
12 ਭਰਾਵੋ ਅਤੇ ਭੈਣੋ, ਮੈਂ ਚਾਹੁੰਨਾ ਕਿ ਤੁਸੀਂ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਬਾਰੇ ਜਾਣੋ ਜਿਹੜੀਆਂ ਮੇਰੇ ਨਾਲ ਵਾਪਰੀਆਂ, ਤੇ ਜਿਨ੍ਹਾਂ ਨੇ ਮੈਨੂੰ ਖੁਸ਼ਖਬਰੀ ਨੂੰ ਵਧ ਤੋਂ ਵਧ ਫ਼ੈਲਾਉਣ ਵਿੱਚ ਸਹਾਇਤਾ ਕੀਤੀ ਹੈ।
13 ਹੁਣ ਇਹ ਗੱਲ ਸਾਫ਼ ਹੈ ਕਿ ਮੈਂ ਕੈਦ ਵਿੱਚ ਹਾਂ ਕਿਉਂਕਿ ਮੈਂ ਮਸੀਹ ਦੀ ਸੇਵਾ ਕਰਦਾ ਹਾਂ। ਸਾੜੇ ਰੋਮੀ ਪਹਿਰੇਦਾਰ ਤੇ ਹੋਰ ਸਾਰੇ ਲੋਕ ਵੀ ਇਹ ਜਾਣਦੇ ਹਨ।
14 ਕਿਉਂਕਿ ਮੈਂ ਕੈਦ ਵਿੱਚ ਹਾਂ, ਪ੍ਰਭੂ ਵਿੱਚ ਬਹੁਤ ਸਾਰੇ ਭਰਾ ਮਸੀਹ ਬਾਰੇ ਸੰਦੇਸ਼ ਨੂੰ ਹੋਰ ਵਧੇਰੇ ਹੌਂਸਲੇ ਅਤੇ ਦਲੇਰ ਹੋਕੇ ਬੋਲਣ ਨੂੰ ਤਿਆਰ ਹਨ।
15 ਕੁਝ ਮਸੀਹ ਬਾਰੇ ਈਰਖਾ ਅਤੇ ਸ਼ਰੀਕੇ ਕਾਰਣ ਪ੍ਰਚਾਰ ਕਰਦੇ ਹਨ, ਪਰ ਦੂਸਰੇ ਮਸੀਹ ਬਾਰੇ ਚੰਗੇ ਪ੍ਰਯੋਜਨਾਂ ਨਾਲ ਪ੍ਰਚਾਰ ਕਰਦੇ ਹਨ।
16 ਇਹ ਲੋਕ ਇਸ ਲਈ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਮੈਨੂੰ ਖੁਸ਼ਖਬਰੀ ਦੀ ਰੱਖਿਆ ਕਰਨ ਦਾ ਕਾਰਜ ਦਿੱਤਾ ਸੀ।
17 ਪਰ ਉਹ ਦੂਸਰੇ ਲੋਕ ਮਸੀਹ ਬਾਰੇ ਖੁਦਗਰਜ਼ੀ ਦੀ ਮਨੋਬਿਰਤੀ ਨਾਲ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਪ੍ਰਯੋਜਨ ਗਲਤ ਹਨ। ਉਹ ਸੋਚਦੇ ਹਨ ਕਿ ਉਹ ਮੇਰੇ ਲਈ ਅੜਚਨਾਂ ਪੈਦਾ ਕਰ ਸਕਦੇ ਹਨ ਜਦੋਂ ਕਿ ਮੈਂ ਕੈਦ ਵਿੱਚ ਹਾਂ।
18 ਮਹੱਤਵਪੂਰਣ ਗੱਲ ਇਹ ਹੈ ਕਿ ਹਰ ਢੰਗ ਵਿੱਚ ਭਾਵੇਂ ਚੰਗੇ ਪ੍ਰਯੋਜਨ ਨਾਲ ਜਾਂ ਮੰਦੇ ਨਾਲ, ਮਸੀਹ ਦੇ ਸੰਦੇਸ਼ ਦਾ ਪ੍ਰਚਾਰ ਹੋ ਰਿਹਾ ਹੈ।ਅਤੇ ਇਸ ਵਾਸਤੇ ਮੈਂ, ਪ੍ਰਸੰਨ ਹਾਂ ਅਤੇ ਪ੍ਰਸੰਨ ਹੋਣਾ ਜਾਰੀ ਰਖਾਂਗਾ।
19 ਤੁਸੀਂ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋ ਅਤੇ ਯਿਸੂ ਮਸੀਹ ਦਾ ਆਤਮਾ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਇਹ ਮੁਸ਼ਕਿਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਲਈ ਛੁਟਕਾਰਾ ਲਿਆਉਣਗੀਆਂ।
20 ਜੋ ਮੈਂ ਸਚਮੁੱਚ ਚਾਹੁੰਦਾ ਹਾਂ ਅਤੇ ਆਸ ਰਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ।
21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈ। “ਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ।”
22 ਜੋ ਮੈਂ ਸ਼ਰੀਰਕ ਤੌਰ ਤੇ ਜਿਉਂਦਾ ਰਹਿੰਦਾ ਹਾਂ ਤਾਂ ਜੋ ਮੈਂ ਪ੍ਰਭੂ ਲਈ ਕਾਰਜ ਕਰ ਸਕਾਂਗਾ। ਪਰ ਮੈਨੂੰ ਚੋਣ ਕਿਸ ਗੱਲ ਦੀ ਕਰਨੀ ਚਾਹੀਦੀ ਹੈ। ਜਿਉਣ ਦੀ ਜਾਂ ਮਰਨ ਦੀ? ਮੈਨੂੰ ਪਤਾ ਨਹੀਂ।
23 ਜਿਉਣ ਤੇ ਮਰਨ ਵਿਚਕਾਰ ਚੋਣ ਕਰਨੀ ਔਖੀ ਹੈ। ਸੱਚਮੁਚ ਮੈਂ ਇਹ ਜੀਵਨ ਛੱਡਣਾ ਚਾਹੁੰਦਾ ਹਾਂ ਅਤੇ ਮਸੀਹ ਨਾਲ ਰਹਿਣਾ ਚਾਹੁੰਦਾ ਹਾਂ। ਉਹ ਕਿਤੇ ਜ਼ਿਆਦੇ ਬਿਹਤਰ ਹੈ।
24 ਪਰ ਤੁਹਾਨੂੰ ਲੋਕਾਂ ਨੂੰ ਮੇਰੀ ਸ਼ਰੀਰਕ ਤੌਰ ਤੇ ਲੋੜ ਹੈ।
25 ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋੜ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇਥੇ ਠਹਿਰਾਂਗਾ ਤਾਂ ਕਿ ਤੁਸੀਂ ਵਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ।
26 ਇਸ ਲਈ ਤੁਸੀਂ ਮਸੀਹ ਯਿਸੂ ਵਿੱਚ ਬਹੁਤ ਖੁਸ਼ ਹੋਵੋਂਗੇ, ਜਦੋਂ ਮੈਂ ਫ਼ੇਰ ਤੁਹਾਡੇ ਨਾਲ ਹੋਵਾਂਗਾ।
27 ਇਹ ਨਿਸ਼ਚਿਤ ਹੋਵੋ ਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਦੀ ਯੋਗਤਾ ਦੇ ਢੰਗ ਵਿੱਚ ਰਹਿੰਦੇ ਹੋ। ਫ਼ੇਰ ਜੇ ਮੈਂ ਤੁਹਾਡੇ ਕੋਲ ਸਫ਼ਰ ਕਰਕੇ ਆਵਾਂ ਜਾਂ ਮੈਂ ਤੁਹਾਥੋਂ ਦੂਰ ਹੋਵਾਂ, ਮੈਂ ਤੁਹਾਡੇ ਬਾਰੇ ਚੰਗੀਆਂ ਗੱਲਾਂ ਸੁਣਾਂਗਾ। ਮੈਂ ਸੁਣਾਂਗਾ ਕਿ ਤੁਸੀਂ ਇੱਕ ਮਨ ਨਾਲ ਨਿਹਚਾ ਲਈ, ਜਿਹੜੀ ਖੁਸ਼ਖਬਰੀ ਤੋਂ ਆਉਂਦੀ ਹੈ, ਸੰਘਰਸ਼ ਕਰ ਰਹੇ ਹੋ।
28 ਅਤੇ ਤੁਹਾਨੂੰ ਉਨ੍ਹਾਂ, ਲੋਕਾਂ ਤੋਂ ਕੋਈ ਡਰ ਨਹੀਂ ਹੋਵੇਗਾ, ਜਿਹੜੇ ਤੁਹਾਡੇ ਖਿਲਾਫ਼ ਹਨ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਵੱਲੋਂ ਸਬੂਤ ਹਨ ਕਿ ਤੁਸੀਂ ਬਚਾਏ ਜਾਵੋਂਗੇ ਅਤੇ ਤੁਹਾਡੇ ਵੈਰੀ ਨਸ਼ਟ ਕੀਤੇ ਜਾਣਗੇ।
29 ਤੁਹਾਨੂੰ ਸਿਰਫ਼ ਮਸੀਹ ਵਿੱਚ ਵਿਸ਼ਵਾਸ ਰੱਖਣ ਦਾ ਹੀ ਅਧਿਕਾਰ ਨਹੀਂ ਦਿੱਤਾ ਗਿਆ, ਸਗੋਂ ਮਸੀਹ ਲਈ ਦੁਖ ਝੱਲਣ ਦਾ ਵੀ। ਪਰ ਇਹ ਗੱਲਾਂ ਮਸੀਹ ਲਈ ਮਹਿਮਾ ਲਿਆਉਂਦੀਆਂ ਹਨ।
30 ਤੁਸੀਂ ਉਹ ਜਦੋ-ਜਹਿਦ ਵੇਖੀ ਜੋ ਮੈਂ ਕੀਤੀ, ਅਤੇ ਅਜੇ ਵੀ ਤੁਸੀਂ ਉਨ੍ਹਾਂ ਸੰਘਰਸ਼ਾਂ ਬਾਰੇ ਸੁਣਦੇ ਹੋ ਜੋ ਮੈਨੂੰ ਹਨ। ਤੁਸੀਂ ਖੁਦ ਉਨ੍ਹਾਂ ਸੰਘਰਸ਼ਾਂ ਰਾਹੀਂ ਲੰਘ ਰਹੇ ਹੋ।