੨ ਕੁਰਿੰਥੀਆਂ

ਕਾਂਡ : 1 2 3 4 5 6 7 8 9 10 11 12 13


ਕਾਂਡ 4

1 ਪਰਮੇਸ਼ੁਰ ਨੇ ਸਾਨੂੰ ਇਹ ਕਾਰਜ ਆਪਣੀ ਮਿਹਰ ਰਾਹੀਂ ਦਿੱਤਾ ਸੀ। ਇਸ ਲਈ ਅਸੀਂ ਉਤਸਾਹ ਨਹੀਂ ਗੁਆਵਾਂਗੇ।
2 ਪਰੰਤੂ ਅਸੀਂ ਗੁਪਤ ਅਤੇ ਸ਼ਰਮਨਾਕ ਰਾਹਾਂ ਤੋਂ ਦੂਰ ਲੰਘ ਗਏ ਹਾਂ ਅਸੀਂ ਚਲਾਕੀਆਂ ਨਹੀਂ ਵਰਤਦੇ ਅਤੇ ਨਾਹੀ ਅਸੀਂ ਪਰਮੇਸ਼ੁਰ ਦੇ ਉਪਦੇਸ਼ ਨੂੰ ਤਬਦੀਲ ਕਰਦੇ ਹਾਂ। ਨਹੀਂ। ਅਸੀਂ ਸਪਸ਼ਟ ਤੌਰ ਤੇ ਸੱਚ ਦਾ ਪ੍ਰਚਾਰ ਕਰਦੇ ਹਾਂ। ਇਸੇ ਢੰਗ ਨਾਲ, ਅਸੀਂ ਲੋਕਾਂ ਨੂੰ ਦਿਖਉਂਦੇ ਹਾਂ ਅਸੀਂ ਕੌਣ ਹਾਂ। ਤਾਂ ਜੋ ਉਹ ਅਪਣੇ ਮਨਾਂ ਵਿੱਚ ਇਹ ਜਾਣ ਸਕਣ ਕਿ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਹਾਂ।
3 ਉਹ ਖੁਸ਼ ਖਬਰੀ ਜਿਸਦਾ ਅਸੀਂ ਪ੍ਰਚਾਰ ਕਰਦੇ ਹਾਂ, ਲੁਕੀ ਹੋਈ ਹੈ। ਪਰ ਇਹ ਸਿਰਫ਼ ਉਨ੍ਹਾਂ ਲੋਕਾਂ ਲਈ ਛੁਪੀ ਹੋਈ ਹੈ ਜਿਹੜੇ ਗੁਆਚੇ ਹੋਏ ਹਨ।
4 ਇਸ ਦੁਨੀਆਂ ਦੇ ਮਾਲਕ ਨੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਬਣਾ ਦਿੱਤਾ ਹੈ, ਜਿਹੜੇ ਵਿਸ਼ਵਾਸ ਨਹੀਂ ਕਰਦੇ। ਉਹ ਖੁਸ਼ਖਬਰੀ ਦੀ ਰੋਸ਼ਨੀ, ਮਸੀਹ ਦੀ ਮਹਿਮਾ ਦੀ ਖੁਸ਼ਖਬਰੀ ਨੂੰ, ਨਹੀਂ ਦੇਖ ਸਕਦੇ। ਸਿਰਫ਼ ਮਸੀਹ ਹੀ ਹੈ ਜਿਹੜਾ ਹੂ-ਬ-ਹੂ ਪਰਮੇਸ਼ੁਰ ਵਰਗਾ ਹੈ।
5 ਅਸੀਂ ਆਪਣੇ ਆਪ ਦਾ ਪ੍ਰਚਾਰ ਨਹੀਂ ਕਰਦੇ। ਪਰੰਤੂ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਯਿਸੂ ਮਸੀਹ ਪ੍ਰਭੂ ਹੈ। ਅਤੇ ਅਸੀਂ ਪ੍ਰਚਾਰ ਕਰਦੇ ਹਾਂ ਕਿ ਅਸੀਂ ਯਿਸੂ ਲਈ ਤੁਹਾਡੇ ਸੇਵਾਦਾਰ ਹਾਂ।
6 ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸਨੂੰ ਸਾਨੂੰ ਦਿੱਤਾ।
7 ਸਾਡੇ ਕੋਲ ਇਹ ਖਜ਼ਾਨਾ ਹੈ ਜੋ ਪਰਮੇਸ਼ੁਰ ਵੱਲੋਂ ਦਿੱਤਾ ਹੋਇਆ ਹੈ। ਪਰੰਤੂ ਅਸੀਂ ਸਿਰਫ਼ ਮਿੱਟੀ ਦੇ ਉਨ੍ਹਾਂ ਗਮਲਿਆਂ ਵਾਂਗ ਹਾਂ ਜਿਨ੍ਹਾਂ ਵਿੱਚ ਖਜ਼ਾਨਾ ਸਾਂਭਿਆ ਹੁੰਦਾ ਹੈ। ਇਸਤੋਂ ਪ੍ਰਤਖ ਹੁੰਦਾ ਹੈ ਕਿ ਇਹ ਮਹਾਨ ਸ਼ਕਤੀ ਸਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਦਿੱਤੀ ਹੋਈ ਹੈ।
8 ਅਸੀਂ ਮੁਸ਼ਕਿਲਾਂ ਵਿੱਚ ਘਿਰੇ ਹੋਏ ਹਾਂ ਪਰ ਅਸੀਂ ਹਾਰੇ ਹੋਏ ਨਹੀਂ ਹਾਂ। ਬਹੁਤੀ ਵਾਰ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ ਪਰ ਅਸੀਂ ਹਿੰਮਤ ਨਈਂ ਹਾਰਦੇ।
9 ਸਾਨੂੰ ਸਤਾਇਆ ਜਾਂਦਾ ਹੈ ਪਰ ਪਰਮੇਸ਼ੁਰ ਸਾਨੂੰ ਨਹੀਂ ਛੱਡਦਾ। ਕਈ ਵਾਰੀ ਸਾਨੂੰ ਥੱਲੇ ਸੁੱਟ ਦਿੱਤਾ ਜਾਂਦਾ ਹੈ ਪਰ ਅਸੀਂ ਕਦੇ ਵੀ ਤਬਾਹ ਨਹੀਂ ਹੁੰਦੇ।
10 ਯਿਸੂ ਦੀ ਮਾਤ ਸਾਡੇ ਸ਼ਰੀਰਾਂ ਵਿੱਚ ਹੈ ਅਤੇ ਜਿਥੇ ਵੀ ਅਸੀਂ ਜਾਂਦੇ ਹਾਂ, ਅਸੀਂ ਇਸ ਮੌਤ ਨੂੰ ਹਮੇਸ਼ਾ ਆਪਣੇ ਨਾਲ ਚੁੱਕਦੇ ਹਾਂ, ਤਾਂ ਜੋ ਯਿਸੂ ਦਾ ਜੀਵਨ ਸਾਡੇ ਸ਼ਰੀਰਾਂ ਵਿੱਚ ਵਿਖਾਇਆ ਜਾ ਸਕੇ।
11 ਅਸੀਂ ਜਿਉਂਦੇ ਹਾਂ ਪਰ ਯਿਸੂ ਲਈ ਅਸੀਂ ਸਾਰੇ ਮੌਤ ਦੇ ਖਤਰੇ ਹੇਠਾਂ ਰਹਿੰਦੇ ਹਾਂ ਇਹ ਸਾਡੇ ਨਾਲ ਵਾਪਰਦਾ ਹੈ ਤਾਂ ਜੋ ਸਾਡੇ ਮਰ ਜਾਣ ਵਾਲੇ ਸ਼ਰੀਰਾਂ ਵਿੱਚ ਯਿਸੂ ਦਾ ਜੀਵਨ ਦੇਖਿਆ ਜਾ ਸਕਦਾ ਹੈ।
12 ਇਸੇ ਲਈ ਮੌਤ ਸਾਡੇ ਵਿੱਚ ਕੰਮ ਕਰ ਰਹੀ ਹੈ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ।
13 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ; “ਮੈਂ ਵਿਸ਼ਵਾਸ ਕੀਤਾ ਇਸ ਲਈ, ਮੈਂ ਬੋਲਿਆ ਹਾਂ।” ਸਾਡੀ ਨਿਹਚਾ ਵੀ ਉਸੇ ਤਰ੍ਹਾਂ ਦੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਇਸੇ ਲਈ ਬੋਲਦੇ ਹਾਂ।
14 ਪਰਮੇਸ਼ੁਰ ਨੇ ਪ੍ਰਭੂ ਯਿਸੂ ਨੂੰ ਮੌਤ ਤੋਂ ਉਭਾਰਿਆ। ਅਤੇ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਸਾਨੂੰ ਵੀ ਯਿਸੂ ਦੇ ਸਮੇਤ ਉਭਾਰੇਗਾ। ਪਰਮੇਸ਼ੁਰ ਸਾਨੂੰ ਤੁਹਾਡੇ ਨਾਲ ਲਿਆਵੇਗਾ ਅਸੀਂ ਉਸਦੇ ਸਨਮੁਖ ਖੜੇ ਹੋਵਾਂਗੇ।
15 ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਇਸਲਈ ਪਰਮੇਸ਼ੁਰ ਦੀ ਕਿਰਪਾ ਵਧ ਤੋਂ ਵਧ ਲੋਕਾਂ ਨੂੰ ਦਿੱਤੀ ਗਈ ਹੈ। ਇਸ ਲਈ ਪਰਮੇਸ਼ੁਰ ਨੂੰ ਉਸਦੀ ਮਹਿਮਾ ਲਈ ਵਧ ਤੋਂ ਵਧ ਸ਼ੁਕਰਾਨੇ ਹੋਣਗੇ।
16 ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸ਼ਰੀਰ ਬੁਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ।
17 ਹੁਣ ਥੋੜੇ ਸਮੇਂ ਲਈ, ਸਾਨੂੰ ਛੋਟੀਆਂ ਤਕਲੀਫ਼ਾਂ ਮਿਲਣਗੀਆਂ। ਪਰ ਇਹ ਮੁਸ਼ਕਿਲਾਂ ਸਾਨੂੰ ਸਦੀਵੀ ਮਹਿਮਾ ਹਾਸਿਲ ਕਰਨ ਵਿੱਚ ਸਹਾਈ ਹੋ ਰਹੀਆਂ ਹਨ। ਉਹ ਸਦੀਵੀ ਮਹਿਮਾ ਇਨ੍ਹਾਂ ਮੁਸ਼ਕਿਲਾਂ ਨਾਲੋਂ ਕਿਤੇ ਮਹਾਨ ਹੈ।
18 ਇਸ ਲਈ ਅਸੀਂ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਦੇ ਜੋ ਅਸੀਂ ਦੇਖਦੇ ਹਾਂ, ਸਗੋਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਾਂ ਜੋ ਅਸੀਂ ਦੇਖ ਨਹੀਂ ਸਕਦੇ। ਜੋ ਚੀਜ਼ਾਂ ਅਸੀਂ ਦੇਖਦੇ ਹਾਂ ਉਹ ਥੋੜੇ ਚਿਰ ਲਈ ਹਨ ਅਤੇ ਜੋ ਚੀਜ਼ਾਂ ਅਸੀਂ ਦੇਖ ਨਹੀਂ ਸਕਦੇ, ਸਦੀਵੀ ਹਨ।