ਕਾਂਡ 1
1 ਇਹ ਚਿਠੀ ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਹੈ। ਮੈਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਰਸੂਲ ਬਣਇਆ ਹਾਂ।ਮੈਂ ਇਹ ਚਿਠੀ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਅਖਾਯਾ ਦੇ ਸਾਰੇ ਦੇਸ਼ ਵਿੱਚ ਵਸਦੇ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਲਿਖ ਰਿਹਾ ਹਾਂ।
2 ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
3 ਪਰਮੇਸ਼ੁਰ ਅਤੇ ਸਾਡੇ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ, ਸਾਡਾ ਪਿਤਾ, ਦਇਆ ਨਾਲ ਭਰਪੂਰ ਹੈ। ਉਹੀ ਪਰਮੇਸ਼ੁਰ ਹੈ ਜਿਹੜਾ ਹਰ ਤਰ੍ਹਾਂ ਨਾਲ ਦਿਲਾਸਾ ਦਿੰਦਾ ਹੈ।
4 ਜਦੋਂ ਵੀ ਸਾਨੂੰ ਕੋਈ ਮੁਸ਼ਕਿਲ ਹੁੰਦੀ ਹੈ ਉਹ ਸਾਨੂੰ ਦਿਲਾਸਾ ਦਿੰਦਾ ਹੈ। ਤਾਂ ਜੋ ਅਸੀਂ ਵੀ ਹੋਰਨਾਂ ਲੋਕਾਂ ਨੂੰ ਉਦੋਂ ਦਿਲਾਸਾ ਦੇਣ ਯੋਗ ਹੋ ਸਕੀਏ ਜਦੋਂ ਉਹ ਤਕਲੀਵ ਵਿੱਚ ਹੋਣ। ਜਿਹੜਾ ਦਿਲਾਸਾ ਸਾਨੂੰ ਪਰਮੇਸ਼ੁਰ ਦਿੰਦਾ ਹੈ ਉਸੇ ਤਰ੍ਹਾਂ ਦਾ ਦਿਲਾਸਾ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ।
5 ਅਸੀਂ ਮਸੀਹ ਦੇ ਬਹੁਤ ਕਸ਼ਟਾਂ ਵਿੱਚ ਭਾਗੀਦਾਰ ਬਣੇ। ਇਸੇ ਤਰ੍ਹਾਂ, ਅਸੀਂ ਵੀ ਮਸੀਹ ਰਾਹੀਂ ਵਧੇਰੇ ਸੁਖ ਪ੍ਰਾਪਤ ਕਰਦੇ ਹਾਂ।
6 ਜੇ ਸਾਨੂੰ ਦੁਖ ਤਕਲੀਫ਼ਾਂ ਮਿਲਦੀਆਂ ਹਨ ਤਾਂ ਇਹ ਸਾਡੇ ਸੁਖ ਅਤੇ ਮੁਕਤੀ ਲਈ ਹਨ। ਜੇ ਸਾਨੂੰ ਤੁਹਾਡੇ ਕੋਲੋਂ ਦਿਲਾਸਾ ਹੈ ਤਾਂ ਇਹ ਤੁਹਾਡੇ ਦਿਲਾਸੇ ਲਈ ਹੈ। ਇਹ ਸਾਨੂੰ ਸਾਡੇ ਕਸ਼ਟਾਂ ਵਿੱਚ ਵੀ ਸਹਿਨਸ਼ੀਲ ਬਣਾਉਂਦਾ ਹੈ।
7 ਤੁਹਾਡੇ ਲਈ ਸਾਡੇ ਕੋਲ ਬਹੁਤ ਮਜ਼ਬੂਤ ਆਸ਼ਾਵਾਂ ਹਨ। ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੇ ਕਸ਼ਟਾਂ ਵਿੱਚ ਸ਼ਰੀਕ ਹੋ। ਅਸੀਂ ਇਹ ਵੀ ਜਾਣਦੇ ਹਾਂ, ਕਿ ਤੁਸੀਂ ਸਾਡੇ ਦਿਲਾਸਿਆਂ ਵਿੱਚ ਵੀ ਸ਼ਰੀਕ ਹੋ।
8 ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ, ਕਿ ਤੁਸੀਂ ਅਸਿਯਾ ਦੇ ਪ੍ਰਦੇਸ਼ ਵਿੱਚ ਜਿਹੜੀ ਪਰੇਸ਼ਾਨੀ ਅਸੀਂ ਝੱਲੀ ਹੈ, ਉਸ ਬਾਰੇ ਜਾਣੋ। ਅਸੀਂ ਉਥੇ ਬਹੁਤ ਦੁਖ ਝੱਲੇ। ਜਿੰਨਾ ਅਸੀਂ ਝੱਲ ਸਕੀਏ ਇਹ ਉਸਤੋਂ ਵਧੇਰੇ ਸੀ। ਅਸੀਂ ਉਮੀਦ ਵੀ ਛੱਡ ਦਿੱਤੀ ਸੀ ਕਿ ਅਸੀਂ ਜੀਵਾਂਗੇ।
9 ਅਸੀਂ ਸੱਚਮੁੱਚ ਸਾਡੇ ਦਿਲਾਂ ਵਿੱਚ ਸੋਚ ਲਿਆ ਸੀ ਕਿ ਸਾਨੂੰ ਮਰਨ ਦੀ ਸਜ਼ਾ ਦਿੱਤੀ ਗਈ ਸੀ। ਪਰ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਆਪਣੇ-ਆਪ ਵਿੱਚ ਯਕੀਨ ਨਾ ਕਰੀਏ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਪਰਮੇਸ਼ੁਰ ਵਿੱਚ ਯਕੀਨ ਰੱਖ ਸਕੀਏ ਜਿਹੜਾ ਲੋਕਾਂ ਨੂੰ ਮੌਤ ਤੋਂ ਉਭਾਰਦਾ ਹੈ।
10 ਪਰਮੇਸ਼ੁਰ ਨੇ ਸਾਨੂੰ ਮੌਤ ਦੇ ਇਸ ਭਿਆਨਕ ਖਤਰੇ ਤੋਂ ਬਚਾਇਆ ਅਤੇ ਉਹ ਸਾਨੂੰ ਫ਼ੇਰ ਵੀ ਬਚਾਵੇਗਾ।
11 ਅਤੇ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਰਾਹੀਂ ਸਾਡੀ ਸਹਾਇਤਾ ਕਰ ਸਕਦੇ ਹੋ। ਫ਼ੇਰ ਅਨੇਕਾਂ ਲੋਕ ਸਾਡੇ ਲਈ ਸ਼ੁਕਰਾਨਾ ਦੇਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਰਹੀਂ ਸਾਨੂੰ ਅਸੀਸ ਦਿੱਤੀ।
12 ਅਸੀਂ ਇਹ ਆਖਣ ਵਿੱਚ ਮਾਣ ਕਰਦੇ ਹਾਂ, ਅਤੇ ਮੈਂ ਇਹ ਆਪਣੇ ਦਿਲੋਂ ਆਖ ਸਕਦਾ ਹਾਂ ਕਿ ਇਹ ਸੱਚ ਹੈ। ਉਹ ਹਰ ਕਰਨੀ ਜੋ ਅਸੀਂ ਇਸ ਦੁਨੀਆਂ ਵਿੱਚ ਕੀਤੀ, ਅਸੀਂ ਇਮਾਨਦਾਰੀ ਨਾਲ ਅਤੇ ਸਾਫ਼ ਦਿਲ ਨਾਲ ਕੀਤੀ, ਜੋ ਪਰਮੇਸ਼ੁਰ ਵੱਲੋਂ ਆਈ। ਉਨ੍ਹਾਂ ਕੰਮਾਂ ਬਾਰੇ ਵੀ, ਜਿਹੜੀ ਅਸੀਂ ਤੁਹਾਡੇ ਵਿਚਕਾਰ ਕੀਤੇ, ਇਹ ਹੋਰ ਵੀ ਵਧੇਰੇ ਸੱਚ ਹੈ। ਅਸੀਂ ਇਹ ਸਿਰਫ਼ ਪਰਮੇਸ਼ੁਰ ਦੀ ਮਿਹਰ ਨਾਲ ਕੀਤਾ ਹੈ ਨਾ ਕਿ ਇਸ ਦੁਨੀਆਂ ਦੀ ਸਿਆਣਪ ਨਾਲ।
13 ਅਸੀਂ ਸਿਰਫ਼ ਉਹੀ ਗੱਲਾਂ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਪੜ੍ਹਨ ਅਤੇ ਸਮਝਨ ਯੋਗ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਜਾਵੋਂਗੇ।
14 ਤੁਸੀਂ ਸਾਡੇ ਬਾਰੇ ਪਹਿਲਾਂ ਹੀ ਕੁਝ ਗੱਲਾਂ ਸਮਝ ਚੁੱਕੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝਨ ਯੋਗ ਹੋਵੋਂਗੇ ਅਤੇ ਸਾਡੇ ਉੱਤੇ ਉਸੇ ਤਰ੍ਹਾਂ ਮਾਣ ਕਰੋਂਗੇ, ਜਿਵੇਂ ਕਿ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਵਾਲੇ ਦਿਨ ਤੁਹਾਡੇ ਉੱਤੇ ਮਾਣ ਕਰਾਂਗੇ।
15 ਮੈਨੂੰ ਇਸ ਸਭ ਕੁਝ ਬਾਰੇ ਪੂਰਾ ਭਰੋਸਾ ਸੀ। ਇਸੇ ਲਈ ਮੈਂ ਤੁਹਾਡੇ ਕੋਲ ਪਹਿਲਾਂ ਆਉਣ ਦੀ ਯੋਜਨਾ ਬਣਾਈ ਸੀ। ਇਉਂ ਤੁਸੀਂ ਦੂਹਰੀ ਮੇਹਰ ਪ੍ਰਾਪਤ ਕਰ ਸਕਦੇ ਸੀ।
16 ਮੈਂ ਆਪਣੀ ਮੈਕਦੂਨਿਆ ਦੀ ਯਾਤਰਾ ਵੇਲੇ ਤੁਹਾਡੇ ਵੱਲ ਆਉਣ ਦੀ ਯੋਜਨਾ ਬਣਾਈ ਸੀ। ਅਤੇ ਵਾਪਸੀ ਵੇਲੇ ਫ਼ੇਰ ਤੁਹਾਨੂੰ ਮਿਲਣ ਦੀ ਯੋਜਨਾ ਬਣਾਈ ਸੀ। ਤਾਂ ਜੋ ਜਦੋਂ ਮੈਂ ਯਹੂਦਿਯਾ ਨੂੰ ਸਫ਼ਰ ਕਰਾਂਗਾ ਤੁਹਾਡੇ ਤੋਂ ਸਹਾਇਤਾ ਪ੍ਰਾਪਤ ਕਰ ਸਕਾਂਗਾ।
17 ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”।
18 ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਅਸੀਂ ਕਦੇ ਵੀ ਇੱਕੋ ਵੇਲੇ ਹਾਂ ਅਤੇ ਨਾਂਹ ਨਹੀਂ ਕਹਿੰਦੇ।
19 ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, ਜਿਸਦਾ ਮੈਂ, ਸਿਲਵਾਨੁਸ ਅਤੇ ਤਿਮੋਥਿਉਸ ਨੇ ਪ੍ਰਚਾਰ ਕੀਤਾ, ਇੱਕੋ ਵੇਲੇ “ਹਾਂ” ਅਤੇ “ਨਾ” ਨਹੀਂ ਸੀ। ਮਸੀਹ ਵਿੱਚ ਇਹ ਹਮੇਸ਼ਾ ਹੀ “ਹਾਂ” ਰਿਹਾ ਹੈ।
20 ਪਰਮੇਸ਼ੁਰ ਦੇ ਸਾਰੇ ਇਕਰਾਰਾਂ ਬਾਰੇ “ਹਾਂ” ਮਸੀਹ ਵਿੱਚ ਹੀ ਹੈ। ਅਤੇ ਇਸੇ ਲਈ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਨੂੰ “ਆਮੀਨ” ਆਖਦੇ ਹਾਂ।
21 ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਮਜ਼ਬੂਤ ਬਣਾਉਂਦਾ ਹੈ! ਪਰਮੇਸ਼ੁਰ ਨੇ ਸਾਨੂੰ ਉਸਦੀ ਖਾਸ ਅਸੀਸ ਦਿੱਤੀ ਸੀ।
22 ਉਸਨੇ ਸਾਡੇ ਉੱਤੇ ਆਪਣਾ ਨਿਸ਼ਾਨ ਲਗਾਇਆ ਹੈ ਇਹ ਦਰਸ਼ਾਉਣ ਲਈ ਕਿ ਅਸੀਂ ਉਸਦੇ ਲੋਕ ਹਾਂ। ਅਤੇ ਉਸਨੇ ਜ਼ਮਾਨਤ ਦੇ ਤੌਰ ਤੇ ਸਾਡੇ ਦਿਲਾਂ ਵਿੱਚ ਆਪਣਾ ਆਤਮਾ ਰੱਖ ਦਿੱਤਾ ਹੈ ਉਹ ਸਾਨੂੰ ਉਹੋ ਸਭ ਕੁਝ ਦੇਵੇਗਾ ਜਿਸਦਾ ਉਸਨੇ ਵਾਦਾ ਕੀਤਾ ਸੀ।
23 ਪਰਮੇਸ਼ੁਰ ਗਵਾਹ ਹੈ ਕਿ ਇਹ ਸੱਚ ਹੈ ਕਿ ਮੈਂ ਕੁਰਿੰਥੁਸ ਨੂੰ ਸਿਰਫ਼ ਇਸੇ ਕਾਰਣ ਨਹੀਂ ਆਇਆ ਕਿ ਮੈਂ ਤੁਹਾਨੂੰ ਕਸ਼ਟ ਜਾਂ ਸਜ਼ਾ ਦੇਣਾ ਨਹੀਂ ਚਾਹੁੰਦਾ ਸੀ।
24 ਮੇਰਾ ਇਹ ਮਤਲਬ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ ਉੱਪਰ ਨਿਯਂਤ੍ਰਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਵਿਸ਼ਵਾਸ ਦੇ ਪਕੇ ਹੋ। ਪਰ ਅਸੀਂ ਤਾਂ ਤੁਹਾਡੇ ਨਾਲ ਤੁਹਾਡੀ ਆਪਣੀ ਖੁਸ਼ੀ ਲਈ ਕਾਮੇ ਹਾਂ।