ਰੋਮੀਆਂ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 12

1 ਇਸ ਲਈ ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ੁਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਅੱਗੇ ਜਿਉਂਦੀ ਬਲੀ ਬਣਕੇ ਭੇਂਟ ਕਰੋ। ਇਹ ਭੇਂਟ ਸਿਰਫ਼ ਪਰਮੇਸ਼ੁਰ ਲਈ ਹੋਣੀ ਚਾਹੀਦੀ ਹੈ ਅਤੇ ਉਸਨੂੰ ਹੀ ਪ੍ਰਸੰਨ ਕਰਨ ਲਈ ਹੋਣੀ ਚਾਹੀਦੀ ਹੈ। ਆਪਣੇ ਆਪ ਦਾ ਇਹ ਬਲਿਦਾਨ ਤੁਹਾਡੀ ਪਰਮੇਸ਼ੁਰ ਦੀ ਆਤਮਕ ਉਪਾਸਨਾ ਹੈ।
2 ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ, ਪਰ ਆਪਣੇ ਮਨਾਂ ਨੂੰ ਤਾਜ਼ਾ ਕਰੋ ਅਤੇ ਇੱਕ ਨਵੇਂ ਢੰਗ ਨਾਲ ਸੋਚੋ ਤਾਂ ਜੋ ਤੁਸੀਂ ਪਛਾਣ ਸਕੋ ਅਤੇ ਪਰਮੇਸ਼ੁਰ ਦੀ ਇੱਛਾ ਕਬੂਲ ਸਕੋਂ। ਤੁਸੀਂ ਜਾਨਣ ਯੋਗ ਹੋਵੋਂਗੇ ਕਿ ਕਿਹੜੀਆਂ ਗੱਲਾਂ ਚੰਗੀਆਂ ਹਨ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ, ਅਤੇ ਕਿਹੜੀਆਂ ਗੱਲਾਂ ਸਹੀ ਹਨ।
3 ਪਰਮੇਸ਼ੁਰ ਨੇ ਮੈਨੂੰ ਇੱਕ ਖਾਸ ਤੋਹਫ਼ੇ ਨਾਲ ਨਿਵਾਜਿਆ ਹੈ। ਇਸੇ ਲਈ ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਕੁਝ ਆਖਣਾ ਚਾਹੁੰਦਾ ਹਾਂ। ਇਹ ਨਾ ਸਮਝਣਾ ਕਿ ਜੋ ਤੁਸੀਂ ਅਸਲ ਵਿੱਚ ਹੋ ਤੁਸੀਂ ਉਸ ਤੋਂ ਵਧ ਚੰਗੇ ਹੋ। ਤੁਹਾਨੂੰ ਆਪਣੇ ਆਪ ਨੂੰ ਉਵੇਂ ਵੇਖਣਾ ਚਾਹੀਦਾ ਹੈ ਕਿ ਜੋ ਤੁਸੀਂ ਅਸਲ ਵਿੱਚ ਹੋ। ਇਹ ਨਿਰਣਾ ਕਿ ਤੁਸੀਂ ਕਿਹੋ ਜਿਹੇ ਹੋ ਤੁਸੀਂ ਨਿਹਚਾ ਰਾਹੀਂ ਪਤਾ ਲਗਾ ਸਕਦੇ ਹੋ ਜਿਹੜੀ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ।
4 ਸਾਡੇ ਸਭਨਾਂ ਕੋਲ ਸ਼ਰੀਰ ਹੈ ਅਤੇ ਉਸ ਸ਼ਰੀਰ ਦੇ ਕਈ ਅੰਗ ਹਨ, ਇਹ ਸਾਰੇ ਅੰਗ ਇੱਕੋ ਜਿਹਾ ਕੰਮ ਨਹੀਂ ਕਰਦੇ।
5 ਇਸੇ ਤਰ੍ਹਾਂ, ਅਸੀਂ ਬਹੁਤ ਸਾਰੇ ਲੋਕ ਹਾਂ, ਪਰ ਮਸੀਹ ਵਿੱਚ ਅਸੀਂ ਇੱਕ ਸ਼ਰੀਰ ਹਾਂ। ਅਸੀਂ ਸਾਰੇ ਉਸ ਸ਼ਰੀਰ ਦੇ ਅੰਗ ਹਾਂ ਅਤੇ ਹਰੇਕ ਅੰਗ ਸਰੀਰ ਦੇ ਦੂਜੇ ਸਾਰੇ ਅੰਗਾਂ ਨਾਲ ਸੰਬੰਧਿਤ ਹੈ।
6 ਅਸੀਂ ਸਾਰੇ ਵਖ-ਵਖ ਸੁਗਾਤਾਂ ਨਾਲ ਨਿਵਾਜੇ ਗਏ ਹਾਂ ਹਰੇਕ ਸੁਗਾਤ ਪਰਮੇਸ਼ੁਰ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਈ ਹੈ। ਜੇਕਰ ਕਿਸੇ ਵਿਅਕਤੀ ਕੋਲ ਅਗੰਮ ਵਾਕ ਦੀ ਦਾਤ ਹੈ, ਤਾਂ ਉਸਨੂੰ ਇਹ ਆਪਣੀ ਨਿਹਚਾ ਅਨੁਸਾਰ ਵਰਤਨੀ ਚਾਹੀਦੀ ਹੈ।
7 ਜੇਕਰ ਕਿਸੇ ਨੂੰ ਸੇਵਾ ਕਰਨ ਦੀ ਦਾਤ ਪ੍ਰਾਪਤ ਹੋਈ ਹੈ ਤਾਂ ਉਸਨੂੰ ਸੇਵਾ ਕਰਨੀ ਚਾਹੀਦੀ ਹੈ। ਜੇਕਰ ਕਿਸੇ ਕੋਲ ਸਿਖਿਆ ਦਾ ਫ਼ਲ ਪ੍ਰਾਪਤ ਹੈ ਤਾਂ ਉਸਨੂੰ ਸਿਖਿਆ ਦੇਣੀ ਚਾਹੀਦੀ ਹੈ।
8 ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਅਰਾਮ ਦੇਣ ਦੀ ਦਾਤ ਹੈ, ਉਸਨੂੰ ਇਹ ਦੂਜਿਆਂ ਦੇ ਸੁਖ ਲਈ ਵਰਤਣ ਦਿਉ। ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਦੇਣ ਦੀ ਦਾਤ ਹੈ, ਉਸਨੂੰ ਉਦਾਰਤਾ ਨਾਲ ਦੇਣ ਦਿਉ। ਜੇ ਇੱਕ ਵਿਅਕਤੀ ਕੋਲ ਅਗਵਾਈ ਕਰਨ ਦੀ ਦਾਤ ਹੈ ਤਾਂ ਉਸਨੂੰ ਉਨ੍ਹਾਂ ਦੀ ਕੜੀ ਮਿਹਨਤ ਨਾਲ ਅਗਵਾਈ ਕਰਨ ਦਿਉ। ਜੇ ਇੱਕ ਵਿਅਕਤੀ ਕੋਲ ਦਇਆ ਦਰਸ਼ਾਉਣ ਦੀ ਦਾਤ ਹੈ ਤਾਂ ਉਸਨੂੰ ਉਹੀ ਖੁਸ਼ੀ ਨਾਲ ਕਰਨ ਦਿਉ।
9 ਤੁਹਾਡਾ ਪਿਆਰ ਸੱਚਾ ਹੋਵੇ, ਬਦੀ ਨੂੰ ਨਫ਼ਰਤ ਕਰੋ, ਸਿਰਫ਼ ਚੰਗੀਆਂ ਗੱਲਾਂ ਹੀ ਕਰੋ।
10 ਇੱਕ ਦੂਜੇ ਨਾਲ ਕੁਦਰਤੀ ਪਰਿਵਾਰਾਂ ਵਾਂਗ ਭੈਣਾਂ ਭਰਾਂਵਾਂ ਜਿੰਨਾ ਪਿਆਰ ਕਰੋ। ਤੁਸੀਂ ਆਪਣੇ-ਆਪ ਤੋਂ ਵਧ ਜਿੰਨਾ ਕਿ ਤੁਸੀਂ ਆਪਣੇ ਲਈ ਮਾਨ ਚਾਹੁੰਦੇ ਹੋ, ਉਸ ਤੋਂ ਵਧ ਮਾਨ ਆਪਣੇ ਭੈਣਾਂ ਭਰਾਵਾਂ ਨੂੰ ਦੇਵੋ।
11 ਜਦੋਂ ਤੁਹਾਨੂੰ ਪਰਮੇਸ਼ੁਰ ਲਈ, ਜਿੰਨਾ ਤੁਸੀਂ ਕਰ ਸਕਦੇ ਹੋ, ਕੰਮ ਕਰਨ ਦੀ ਜ਼ਰੂਰਤ ਪਵੇ ਤਾਂ ਆਲਸ ਮਹਿਸੂਸ ਨਾ ਕਰੋ। ਆਤਮਕ ਤੌਰ ਤੇ ਉਤਸਾਹਿਤ ਹੋਕੇ ਉਸਦੀ ਸੇਵਾ ਵਿੱਚ ਲੀਨ ਰਹੋ।
12 ਆਸ ਵਿੱਚ ਖੁਸ਼ ਰਹੋ ਅਤੇ ਸੰਕਟ ਵਿੱਚ ਧੀਰਜ ਰਖੋ। ਹਰ ਵਕਤ ਪ੍ਰਾਰਥਨਾ ਕਰੋ।
13 ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨਾਲ ਚੀਜ਼ਾਂ ਸਾਂਝੀਆਂ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਘਰੀਂ ਨਿਉਂਤਾ ਦਿਉ।
14 ਉਨ੍ਹਾਂ ਲੋਕਾਂ ਨੂੰ ਵੀ ਚੰਗੀਆਂ ਗੱਲਾਂ ਹੀ ਆਖੋ ਜੋ ਤੁਹਾਡੇ ਨਾਲ ਮਾੜਾ ਸਲੂਕ ਕਰਨ, ਅਤੇ ਉਨ੍ਹਾਂ ਨੂੰ ਸਰਾਪ ਨਾ ਦਿਉ।
15 ਜਦੋਂ ਦੂਜੇ ਲੋਕ ਖੁਸ਼ ਹੋਣ, ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਵੇ ਜੇਕਰ ਉਹ ਉਦਾਸ ਹੋਣ, ਉਨ੍ਹਾਂ ਦੀ ਉਦਾਸੀ ਸਾਂਝੀ ਕਰੋ।
16 ਇੱਕ ਦੂਜੇ ਨਾਲ ਅਮਨ ਸ਼ਾਂਤੀ ਵਿੱਚ ਰਹੋ। ਘਮੰਡੀ ਨਾ ਬਣੋ। ਸਾਧਾਰਣ ਲੋਕਾਂ ਨਾਲ ਦੋਸਤੀ ਕਰਨ ਦੇ ਚਾਹਵਾਨ ਬਣੋ। ਆਪਣੇ ਗਿਆਨ ਦਾ ਜ਼ਿਆਦਾ ਅੰਦਾਜ਼ਾ ਨਾ ਲਾਓ।
17 ਜੇਕਰ ਤੁਹਾਡੇ ਨਾਲ ਕੋਈ ਗਲਤ ਕੰਮ ਕਰੇ ਉਸਦੇ ਜਵਾਬ ਵਿੱਚ ਉਸ ਨਾਲ ਬੁਰਾ ਨਾ ਕਰੋ। ਆਪਣਾ ਉਹੀ ਉਦੇਸ਼ ਬਣਾਓ ਜੋ ਸਭ ਲਈ ਚੰਗਾ ਹੈ।
18 ਜਿੰਨਾ ਹੋ ਸਕੇ, ਸਾਰੇ ਲੋਕਾਂ ਨਾਲ ਸ਼ਾਂਤੀ ਵਿੱਚ ਰਹਿਣ ਲਈ, ਕਰੋ।
19 ਮੇਰੇ ਮਿੱਤਰੋ। ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸਦੇ ਬਦਲੇ ਵਿੱਚ ਉਸਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।”
20 ਪਰ ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ,“ਜੇਕਰ ਤੇਰਾ ਦੁਸ਼ਮਣ ਭੁਖਾ ਹੈ,ਉਸਨੂੰ ਭੋਜਨ ਦੇ।ਜੇਕਰ ਤੇਰਾ ਵੈਰੀ ਪਿਆਸਾ ਹੈ,ਉਸਨੂੰ ਕੁਝ ਪੀਣ ਲਈ ਦੇ।ਇੰਝ ਕਰਨ ਨਾਲ ਤੂੰ ਉਸਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਾਵੇਗਾ।”
21 ਬਦੀ ਤੋਂ ਨਾ ਹਾਰੋ, ਪਰ ਚੰਗਿਆਈ ਕਰਕੇ ਬਦੀ ਨੂੰ ਹਰਾਓ।