ਰੋਮੀਆਂ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 11

1 ਇਸ ਲਈ ਤਾਂ ਮੈਂ ਪੁਛਦਾ ਹਾਂ, “ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਾਮੰਜ਼ੂਰ ਕੀਤਾ?” ਨਹੀਂ। ਮੈਂ ਖੁਦ ਇੱਕ ਇਸਰਾਏਲੀ ਹਾਂ। ਹਾਂ, ਮੈਂ ਅਬਰਾਹਾਮ ਦੇ ਪਰਿਵਾਰ ਅਤੇ ਬਿਨਜਾਮੀਨ ਦੇ ਵੰਸ਼ ਤੋਂ ਹਾਂ।
2 ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਆਪਣੇ ਲੋਕਾਂ ਵਾਂਗ ਉਨ੍ਹਾਂ ਦੇ ਜੰਮਣ ਤੋਂ ਵੀ ਪਹਿਲਾਂ ਚੁਣਿਆ ਤੇ ਉਸਨੇ ਉਨ੍ਹਾਂ ਨੂੰ ਨਾਮੰਜ਼ੂਰ ਨਹੀਂ ਕੀਤਾ। ਤੁਸੀਂ ਚੰਗੀ ਤਰ੍ਹਾਂ, ਜਾਣਦੇ ਹੋ ਕਿ ਏਲੀਯਾਹ ਬਾਰੇ ਪੋਥੀਆਂ ਕੀ ਆਖਦੀਆਂ ਹਨ। ਪੋਥੀਆਂ ਏਲੀਯਾਹ ਅਤੇ ਉਸ ਦੀਆਂ ਪਰਮੇਸ਼ੁਰ ਦੇ ਅੱਗੇ ਇਸਰਾਏਲ ਵਿਰੁੱਧ ਪ੍ਰਾਰਥਨਾਵਾਂ ਬਾਰੇ ਦੱਸਦੀਆਂ ਹਨ।
3 ਏਲੀਯਾਹ ਨੇ ਆਖਿਆ ਹੈ “ਪ੍ਰਭੂ। ਲੋਕਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਸੁਟਿਆ, ਤ੍ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਮੈਂ ਹੀ ਇਕੱਲਾ ਨਬੀ ਰਹਿ ਗਿਆ ਹਾਂ ਅਤੇ ਉਹ ਹੁਣ ਮੇਰੀ ਜਾਨ ਦੇ ਪਿਛੇ ਪਏ ਹੋਏ ਹਨ।”
4 ਪਰ ਪਰੇਮਸ਼ੁਰ ਨੇ ਏਲੀਯਾਹ ਨੂੰ ਬਲਾ ਕੀ ਜਵਾਬ ਦਿੱਤਾ? ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰਖ ਛਡਿਆ ਹੈ ਜੋ ਅਜੇ ਵੀ ਮੈਨੂੰ ਮਥਾ ਟੇਕਦੇ ਹਨ, ਜਿਹੜੇ ਬਆਲ-ਜ਼ਬੂਲ ਅੱਗੇ ਨਹੀਂ ਝੁਕੇ।”
5 ਇਸੇ ਤਰ੍ਹਾਂ ਹੁਣ ਵੀ ਉਥੇ ਕੁਝ ਲੋਕ ਹਨ ਜੋ ਪਰਮੇਸ਼ੁਰ ਦੁਆਰਾ ਉਸਦੀ ਕਿਰਪਾ ਕਾਰਣ ਚੁਣੇ ਗਏ।
6 ਜੇਕਰ ਪਰੇਮਸ਼ੁਰ ਆਪਣੇ ਮਨੁੱਖਾਂ ਨੂੰ ਆਪਣੀ ਕਿਰਪਾ ਕਰਕੇ ਚੁਣੇ, ਤਾਂ ਉਹ ਪਰਮੇਸ਼ੁਰ ਦੇ ਮਨੁੱਖ ਬਣ ਗਏ ਹਨ, ਨਾ ਕਿ ਆਪਣੀ ਕਰਨੀ ਕਾਰਣ। ਜੇਕਰ ਉਹ ਉਨ੍ਹਾਂ ਦੇ ਕੰਮਾਂ ਕਾਰਣ ਧਰਮੀ ਬਣਾਏ ਗਏ ਹਨ, ਫ਼ੇਰ ਪਰਮੇਸ਼ੁਰ ਦੀ ਦਯਾ ਦਾ ਤੋਹਫ਼ਾ ਹੋਰ ਵਧੇਰੇ ਤੋਹਫ਼ਾ ਨਾ ਹੁੰਦਾ।
7 ਤਾਂ ਫ਼ਿਰ ਕੀ ਹੋਇਆ। ਇਸਰਾਏਲ ਦੇ ਲੋਕਾਂ ਨੇ ਧਰਮੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ। ਪਰ ਪਰਮੇਸ਼ੁਰ ਦੁਆਰਾ ਚੁਣੇ ਲੋਕ ਧਰਮੀ ਬਣ ਗਏ। ਬਾਕੀ ਲੋਕ ਢੀਠ ਬਣੇ ਰਹੇ ਅਤੇ ਪਰਮੇਸ਼ੁਰ ਨੂੰ ਸੁਣਨ ਤੋਂ ਇਨਕਾਰੀ ਬਣ ਗਏ।
8 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ,“ਪਰਮੇਸ਼ੁਰ ਨੇ ਉਨ੍ਹਾਂ ਨੂੰ ਗਹਿਰਾ ਸੌਣ ਦਿੱਤਾ।” “ਪਰਮੇਸ਼ੁਰ ਨੇ ਉਨ੍ਹਾਂ ਨੂੰ ਸੌਣ ਦਿੱਤਾ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅਖਾਂ ਬੰਦ ਕਰ ਦਿੱਤੀਆਂ ਤਾਂ ਜੋ ਉਹ ਨਾ ਵੇਖ ਸਕਣ।ਉਸਨੇ ਉਨ੍ਹਾਂ ਦੇ ਕੰਨ ਬੰਦ ਕਰ ਦਿੱਤੇ ਤਾਂ ਜੋ ਉਹ ਸੁਣ ਨਾ ਸਕਣ।ਇਹ ਹਾਲੇ ਤੱਕ ਵਾਪਰ ਰਿਹਾ ਹੈ।”
9 ਅਤੇ ਦਾਊਦ ਆਖਦਾ ਹੈ:“ਉਨ੍ਹਾਂ ਦੀ ਆਪਣੀ ਦਾਵਤ ਨੂੰ ਉਨ੍ਹਾਂ ਲਈ ਝਾਂਸਾ ਬਣ ਜਾਣ ਦਿਉ।ਉਨ੍ਹਾਂ ਨੂੰ ਫ਼ਂਦੇ ਵਿੱਚ ਫ਼ਸ ਜਾਣ ਦਿਉ। ਉਨ੍ਹਾਂ ਨੂੰ ਡਿੱਗਣ ਅਤੇ ਸਜ਼ਾ ਪਾਉਣ ਦਿਉ।
10 ਉਨ੍ਹਾਂ ਦੀਆਂ ਅਖਾਂ ਧੁਂਦਲੀਆਂ ਹੋ ਜਾਣ ਤਾਂ ਜੋ ਉਹ ਨਾ ਵੇਖ ਸਕਣਅਤੇ ਉਹ ਹਮੇਸ਼ਾ ਸੰਕਤ ‘ਚ ਰਹਿਣ।”
11 ਤਾਂ ਮੈਂ ਪੁਛਦਾ ਹਾਂ; ਜਦੋਂ ਯਹੂਦੀ ਡਿੱਗੇ, ਕੀ ਉਸ ਗਿਰਾਵਟ ਨੇ ਉਨ੍ਹਾਂ ਨੂੰ ਤਬਾਹ ਕੀਤਾ? ਨਹੀਂ। ਪਰ ਉਨ੍ਹਾਂ ਦੀ ਗਲਤੀ ਨੇ ਹੋਰਾਂ ਕੌਮਾਂ ਲਈ ਮੁਕਤੀ ਲਿਆਂਦੀ। ਇਹ ਯਹੂਦੀਆਂ ਨੂੰ ਈਰਖਾਲੂ ਬਨਾਉਣ ਲਈ ਵਾਪਰਿਆ।
12 ਯਹੂਦੀਆਂ ਦੀ ਗਲਤੀ ਪੂਰੀ ਦੁਨੀਆਂ ਲਈ ਅਸੀਸਾਂ ਦਾ ਕਾਰਣ ਬਣੀ। ਜੋ ਯਹੂਦੀਆਂ ਨੇ ਗੁਆਇਆ ਗੈਰ-ਯਹੂਦੀਆਂ ਲਈ ਮਹਾਨ ਅਸੀਸਾਂ ਲਿਆਇਆ। ਇਸ ਢੰਗ ਨਾਲ, ਦੁਨੀਆਂ ਵਿੱਚ ਉਦੋਂ ਜਦੋਂ ਯਹੂਦੀ ਉਵੇਂ ਦੇ ਲੋਕ ਬਣ ਗਏ ਜੋ ਪਰਮੇਸ਼ੁਰ ਪਰਮੇਸ਼ੁਰ ਚਾਹੁੰਦਾ ਕਿ ਉਹ ਹੋਣ ਤਾਂ ਹੋਰ ਵਧੇਰੇ ਅਸੀਸਾਂ ਹੋਣਗੀਆਂ।
13 ਹੁਣ ਮੈਂ ਤੁਸਾਂ ਲੋਕਾਂ ਨੂੰ ਆਖ ਰਿਹਾ ਹਾਂ ਜੋ ਕਿ ਹੋਰਾਂ ਕੌਮਾਂ ਤੋਂ ਹਨ। ਮੈਂ ਹੋਰਾਂ ਕੌਮਾਂ ਲਈ ਰਸੂਲ ਹਾਂ, ਸੋ ਜਿਹੜਾ ਮੇਰਾ ਕੰਮ ਹੈ ਜੋ ਜਿੰਨਾ ਚੰਗਾ ਹੋ ਸਕੇ ਕਰਨ ਦੀ ਕੋਸ਼ਿਸ਼ ਕਰਾਂਗਾ।
14 ਮੈਨੂੰ ਆਸ ਹੈ, ਮੈਂ ਆਪਣੇ ਲੋਕਾਂ ਨੂੰ ਈਰਖਾਲੂ ਬਣਾ ਸਕਦਾ। ਇਸ ਤਰ੍ਹਾਂ, ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਬਚਾਉਣ ਵਿੱਚ ਮਦਦ ਕਰਨ ਯੋਗ ਹੋ ਸਕਾਂਗਾ।
15 ਪਰਮੇਸ਼ੁਰ ਨੇ ਯਹੂਦੀਆਂ ਤੋਂ ਆਪਣਾ ਮੂੰਹ ਮੋੜ ਲਿਆ। ਜਦੋਂ ਇੰਝ ਹੋਇਆ, ਤਾਂ ਇਹ ਸਪਸ਼ਟ ਹੋ ਗਿਆ ਕਿ ਪਰਮੇਸ਼ੁਰ ਪਰਾਈਆਂ ਕੌਮਾਂ ਦੇ ਲੋਕਾਂ ਦਾ ਮਿੱਤਰ ਬਣ ਗਿਆ ਹੈ। ਇਸ ਲਈ ਜਦੋਂ ਪਰਮੇਸ਼ੁਰ ਯਹੂਦੀਆਂ ਨੂੰ ਕਬੂਲਦਾ ਹੈ, ਤਾਂ ਨਿਸ਼ਚਿਤ ਹੀ ਇਹ ਦੁਨੀਆਂ ਲਈ ਮੌਤ ਤੋਂ ਬਾਅਦ ਜ਼ਿੰਦਗੀ ਲਿਆਵੇਗਾ।
16 ਜੇਕਰ ਰੋਟੀ ਦੀ ਪਹਿਲੀ ਗਰਾਹੀ ਪਰਮੇਸ਼ੁਰ ਨੂੰ ਭੇਂਟ ਕੀਤੀ ਜਾਵੇ, ਤਾਂ ਉਹ ਸਾਰੀ ਰੋਟੀ ਪਵਿੱਤਰ ਹੋ ਜਾਂਦੀ ਹੈ। ਜੇਕਰ ਦਰਖਤ ਦੀਆਂ ਜੜ੍ਹਾਂ ਪਵਿੱਤਰ ਹਨ, ਤਾਂ ਇਸ ਦੀਆਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ।
17 ਇਹ ਇਵੇਂ ਹੈ ਜਿਵੇਂ ਕਿ ਜੈਤੂਨ ਦੇ ਦਰਖਤ ਦੀਆਂ ਕੁਝ ਟਹਿਣੀਆਂ ਤੋੜ ਦਿੱਤੀਆਂ ਗਈਆਂ ਹੋਣ, ਅਤੇ ਜੰਗਲੀ ਜੈਤੂਨ ਦੇ ਦਰਖਤ ਦੀਆਂ ਟਹਿਣੀਆਂ ਨੂੰ ਪਹਿਲੇ ਜੈਤੂਨ ਦੇ ਦਰਖਤ ਨਾਲ ਲਾ ਦਿੱਤਾ ਹੋਵੇ। ਤੁਸੀਂ ਗੈਰ ਯਹੂਦੀ, ਜੋ ਜੰਗਲੀ ਟਹਿਣੀਆਂ ਵਾਂਗ ਹੋ, ਹੁਣ ਪਹਿਲੇ ਦਰਖਤ ਦੀ ਤਾਕਤ ਅਤੇ ਜੀਵਨ ਨੂੰ ਸਾਂਝਾ ਕਰ ਰਹੇ ਹੋ।
18 ਇਸ ਕਰਕੇ ਘਮੰਡ ਨਾ ਕਰੋ ਕਿ ਤੁਸੀਂ ਉਨ੍ਹਾਂ ਟੁਟੀਆਂ ਹੋਈਆਂ ਟਹਿਣੀਆਂ ਨਾਲੋਂ ਉੱਤਮ ਹੋ। ਤੁਹਾਡੇ ਘਮੰਡ ਕਰਨ ਦੀ ਕੋਈ ਵਜਹ ਨਹੀਂ ਹੈ। ਕਿਉਂਕਿ ਇਹ ਤੁਸੀਂ ਨਹੀਂ ਹੋ, ਜੋ ਟਹਿਣੀ ਰੁੱਖ ਨੂੰ ਜੀਵਨ ਦਿੰਦੀ ਹੈ, ਇਹ ਜੜ੍ਹ ਹੈ ਜੋ ਤੁਹਾਨੂੰ ਜੀਵਨ ਦਿੰਦੀ ਹੈ।
19 ਤੁਸੀਂ ਆਖੋਂਗੇ, “ਟਹਿਣੀਆਂ ਇਸ ਲਈ ਤੋੜੀਆਂ ਗਈਆਂ ਤਾਂ ਜੋ ਮੈਂ ਦਰਖਤ ਨਾਲ ਪਿਉਂਦ ਲਾਇਆ ਜਾ ਸਕਾਂ।”
20 ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਅਨਾਸਥਾ ਕਾਰਣ ਤੋੜਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਆਸਥਾ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ।
21 ਕਿਉਂਕਿ ਜੇਕਰ ਪਰੇਮਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਹੀਂ ਬਖਸ਼ਿਆ, ਤਾਂ ਜੇਕਰ ਤੂੰ ਆਸਥਾ ਵਿੱਚ ਸਥਿਰ ਨਹੀਂ ਰਹੇਂਗਾ। ਤਾਂ ਉਹ ਤੈਨੂੰ ਵੀ ਨਹੀਂ ਬਖਸ਼ੇਗਾ।
22 ਤਾਂ ਵੇਖ ਪਰਮੇਸ਼ੁਰ ਕਿੰਨਾ ਦਿਆਲੂ ਹੈ, ਅਤੇ ਉਹ ਕਿੰਨਾ ਸਖਤ ਵੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ ਜੋ ਉਸਨੂੰ ਮੰਨਣੋ ਹਟ ਜਾਂਦੇ ਹਨ, ਪਰ ਪਰਮੇਸ਼ੁਰ ਤੇਰੇ ਲਈ ਦਿਆਲੂ ਹੋਵੇਗਾ ਜੇਕਰ ਤੂੰ ਉਸਦੀ ਮਿਹਰ ਵਿੱਚ ਸਥਿਰ ਰਹੇਂ। ਨਹੀਂ ਤਾਂ ਤੂੰ ਵੀ ਦਰਖਤ ਤੋਂ ਵਢ ਦਿੱਤਾ ਜਾਵੇਂਗਾ।
23 ਇਉਂ ਉਨ੍ਹਾਂ ਲਈ, ਜੇਕਰ ਉਹ ਮੁੜ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਲੱਗਣ, ਤਾਂ ਵਾਪਸ ਰੁੱਖ ਦੀ ਪਿਉਂਦ ਲਾਏ ਜਾਣਗੇ। ਹਾਂ ਪਰਮੇਸ਼ੁਰ ਉਨ੍ਹਾਂ ਨੂੰ ਫ਼ਿਰ ਤੋਂ ਦਰਖਤ ਦੀ ਪਿਉਂਦ ਲਾਉਣ ਯੋਗ ਹੈ।
24 ਜੰਗਲੀ ਟਹਿਣੀ ਲਈ ਇੱਕ ਚੰਗੇ ਜੈਤੂਨ ਦੇ ਦਰਖਤ ਦੀ ਟਹਿਣੀ ਨਾਲ ਪੋਉਂਦ ਲਾਉਣੀ ਕੁਦਰਤੀ ਨਹੀਂ ਹੈ। ਪਰ ਤੁਸੀਂ ਗੈਰ ਯਹੂਦੀ ਉਨ੍ਹਾਂ ਟਹਿਣੀਆਂ ਵਾਂਗ ਹੋ ਜਿਹੜੀਆਂ ਜੰਗਲੀ ਜੈਤੂਨ ਦੇ ਦਰਖਤ ਤੋਂ ਵਢੀਆਂ ਗਈਆਂ ਹਨ। ਅਤੇ ਇੱਕ ਵਧੀਆਂ ਜੈਤੂਨ ਦੇ ਦਰਖਤ ਦੀ ਪਿਉਂਦ ਲਾਈਆਂ ਗਈਆਂ ਹੋ। ਪਰ ਉਹ ਯਹੂਦੀ ਉਨ੍ਹਾਂ ਟਹਿਣੀਆਂ ਵਰਗੇ ਹਨ ਜੋ ਚੰਗੇ ਦਰਖਤ ਤੇ ਉਗ੍ਗੀਆਂ। ਇਸ ਲਈ ਨਿਸ਼ਚਿਤ ਹੀ ਉਹ ਆਪਣੇ ਦਰਖਤ ਦੀ ਪਿਉਂਦ ਦੋਬਾਰਾ ਲਾਈਆਂ ਜਾ ਸਕਦੀਆਂ ਹਨ।
25 ਮੇਰੇ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੁਪਤ ਸੱਚ ਨੂੰ ਸਮਝੋ। ਇਹ ਸੱਚ ਤੁਹਾਨੂੰ ਇਹ ਤਥ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਸਭ ਕੁਝ ਨਹੀਂ ਪਤਾ। ਸੱਚ ਇਹ ਹੈ; ਇਸਰਾਏਲੀਆਂ ਦਾ ਇੱਕ ਹਿੱਸਾ ਕਠੋਰ ਬਣਾ ਦਿੱਤਾ ਗਿਆ ਹੈ। ਪਰ ਉਹ ਉਦੋਂ ਬਦਲੇਗਾ ਜਦੋਂ ਕਾਫ਼ੀ ਸਾਰੇ ਗੈਰ ਯਹੂਦੀ ਪਰਮੇਸ਼ੁਰ ਕੋਲ ਆ ਜਾਣਗੇ।
26 ਇੰਝ ਹੀ ਸਾਰੇ ਇਸਰਾਏਲੀ ਬਚਾਏ ਜਾਣਗੇ, ਇਹ ਪੋਥੀਆਂ ਵਿੱਚ ਕਿਹਾ ਗਿਆ ਹੈ:“ਮੁਕਤੀਦਾਤਾ ਸੀਯੋਨ ਤੋਂ ਆਵੇਗਾ।ਉਹ ਯਾਕੂਬ ਦੇ ਪਰਿਵਾਰ ਦੀਆਂ ਸਾਰੀਆਂ ਬੁਰਿਆਈਆਂ ਬਾਹਰ ਕਢ ਸੁੱਟੇਗਾ।
27 ਅਤੇ ਮੈਂ ਇਹ ਇਕਰਾਰਨਾਮਾ ਉਨ੍ਹਾਂ ਲੋਕਾਂ ਨਾਲ ਬਣਾਵਾਂਗਾ,ਜਦੋਂ ਮੈਂ ਉਨ੍ਹਾਂ ਦੇ ਪਾਪ ਕਢ ਦੇਵਾਂਗਾ।”
28 ਯਹੂਦੀਆਂ ਨੇ ਖੁਸ਼ ਖਬਰੀ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਉਹ ਪਰਮੇਸ਼ੁਰ ਦੇ ਵੈਰੀ ਹੋ ਗਏ। ਇਹ ਤੁਹਾਡੇ ਨਾਲ ਗੈਰ ਯਹੂਦੀਆਂ ਨੂੰ ਮਦਦ ਕਰਨ ਲਈ ਵਾਪਰਿਆ। ਪਰ ਯਹੂਦੀ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕ ਹਨ। ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਉਨ੍ਹਾਂ ਵਾਦਿਆ ਖਾਤਰ ਪ੍ਰੇਮ ਕਰਦਾ ਹੈ ਜੋ ਉਸਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਕੀਤੇ ਸਨ।
29 ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਆਪਣਾ ਮਨ ਕਦੀ ਨਹੀਂ ਬਦਲੇਗਾ ਜਿਨ੍ਹਾਂ ਨੂੰ ਉਹ ਸੱਦਦਾ ਹੈ ਤੇ ਜੋ ਦਾਤਾਂ ਉਹ ਉਨ੍ਹਾਂ ਨੂੰ ਦਿੰਦਾ ਹੈ।
30 ਇੱਕ ਸਮੇਂ ਤੁਸੀਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਹੁਣ ਤੁਹਾਨੂੰ ਮਿਹਰ ਪ੍ਰਾਪਤ ਹੋਈ ਹੈ, ਕਿਉਂਕਿ ਉਨ੍ਹਾਂ ਲੋਕਾਂ ਨੇ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ।
31 ਅਤੇ ਹੁਣ, ਯਹੂਦੀ ਆਗਿਆ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਤੇ ਮਿਹਰ ਦਰਸਾਈ, ਪਰ ਇਹ ਇਸ ਲਈ ਵਾਪਰਿਆ ਤਾਂ ਕਿ ਉਹ ਵੀ ਪਰਮੇਸ਼ੁਰ ਪਾਸੋਂ ਮਿਹਰ ਪ੍ਰਾਪਤ ਕਰ ਸਕਣ।
32 ਪਰਮੇਸ਼ੁਰ ਨੇ ਉਨ੍ਹਾਂ ਸਭਨਾਂ ਲੋਕਾਂ ਨੂੰ ਇਕਠਿਆਂ ਕਰ ਲਿਆ ਹੈ, ਜਿਨ੍ਹਾਂ ਨੇ ਉਸਦੀ ਆਗਿਆ ਮੰਨਣ ਤੋਂ ਇਨਕਾਰ ਕੀਤਾ, ਤਾਂ ਕਿ ਪਰਮੇਸ਼ੁਰ ਉਨ੍ਹਾਂ ਸਭਨਾਂ ਲੋਕਾਂ ਉੱਤੇ ਆਪਣੀ ਮਿਹਰ ਦਰਸਾ ਸਕੇ।
33 ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸਦੇ ਨਿਰਣੇ ਦੀ ਵਿਆਖਿਆ ਨਹੀਂ ਕਰ ਸਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸਕਦਾ ਹੈ।
34 ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ,“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?ਕੌਣ ਹੈ ਜੋ ਉਸਦਾ ਸਲਾਹੀ ਬਣੇ?”
35 “ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ?ਜਿਹ ਦਾ ਉਸਨੂੰ ਮੁੜ ਵਾਪਸ ਦਿੱਤਾ ਜਾਵੇ।”
36 ਹਾਂ, ਪਰਮੇਸ਼ੁਰ ਹੀ ਸਭ ਦਾ ਸਿਰਜਣਹਾਰਾ ਹੈ। ਉਸਦੇ ਰਾਹੀਂ ਸਭ ਕੁਝ ਥਾਂ ਟਿਕਾਣੇ ਤੇ ਹੈ ਅਤੇ ਉਸ ਵਾਸਤੇ ਸਭ ਕੁਝ ਹੈ। ਪਰਮੇਸ਼ੁਰ ਨੂੰ ਸਦਾ ਲਈ ਮਹਿਮਾ। ਆਮੀਨ।