ਯੂਹੰਨਾ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21


ਕਾਂਡ 17

1 ਇਹ ਸਾਰੀਆਂ ਗੱਲਾਂ ਆਖਕੇ ਯਿਸੂ ਨੇ ਅਕਾਸ਼ ਵੱਲ ਤਕਿਆ ਅਤੇ ਪ੍ਰਾਰਥਨਾ ਕੀਤੀ, “ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਮਹਿਮਾ ਦੇ ਤਾਂ ਜੋ ਪੁੱਤਰ ਤੈਨੂੰ ਮਹਿਮਾ ਦੇ ਸਕੇ।
2 ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਪਰ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸਨੂੰ ਦਿੱਤੇ ਗਏ ਹਨ, ਸਦੀਵੀ ਜੀਵਨ ਦੇਵੇ।
3 ਇਹੀ ਅਮਰ ਜੀਵਨ ਹੈ: ਤੈਨੂੰ ਜਾਨਣਾ, ਸੱਚੇ ਪਰਮੇਸ਼ੁਰ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ।
4 ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਤੈਨੂੰ ਧਰਤੀ ਉੱਤੇ ਮਹਿਮਾਮਈ ਕੀਤਾ ਹੈ।
5 ਹੇ ਪਿਤਾ, ਹੁਣ ਤੂੰ ਆਪਣੀ ਹਾਜ਼ਰੀ ਵਿੱਚ ਮੈਨੂੰ ਮਹਿਮਾਮਈ ਕਰ। ਉਸ ਨਾਂ ਦੀ ਮਹਿਮਾ ਨਾਲ ਜਿਹੜੀ ਇਸ ਦੁਨੀਆਂ ਦੀ ਸਿਰਜਣਾ ਤੋਂ ਪਹਿਲਾਂ ਮੇਰੇ ਕੋਲ ਸੀ।
6 “ਤੂੰ ਮੈਨੂੰ ਇਸ ਵਿੱਚੋਂ ਕੁਝ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦਸਿਆ ਕਿ ਤੂੰ ਕੌਣ ਹੈਂ। ਉਹ ਤੇਰੇ ਨਾਲ ਸੰਬੰਧਿਤ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ।
7 ਹੁਣ ਉਹ ਜਾਣਦੇ ਹਨ ਕਿ ਜੋ ਕੁਝ ਵੀ ਤੂੰ ਮੈਨੂੰ ਬਖਸ਼ਿਆ ਹੈ ਤੈਥੋਂ ਹੀ ਆਇਆ ਹੈ।
8 ਮੈਂ ਉਨ੍ਹਾਂ ਨੂੰ ਉਹ ਉਪਦੇਸ਼ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸਨੂੰ ਕਬੂਲਿਆ। ਉਨ੍ਹਾਂ ਨੇ ਸੱਚਮੁੱਚ ਇਹ ਨਿਹਚਾ ਕਰ ਲਿਆ ਕਿ ਉਹ ਉਪਦੇਸ਼ ਤੇਰੇ ਤੋਂ ਆਏ ਹਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ।
9 ਹੁਣ ਮੈਂ ਉਨ੍ਹਾਂ ਲਈ ਅਰਦਾਸ ਕਰਦਾ ਹਾਂ। ਮੈਂ ਜਗਤ ਦੇ ਲੋਕਾਂ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੇਰੇ ਹੀ ਹਨ।
10 ਜੋ ਕੁਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁਝ ਤੇਰਾ ਹੈ ਸੋ ਮੇਰਾ ਹੈ। ਅਤੇ ਮੈਂ ਉਨ੍ਹਾਂ ਰਾਹੀਂ ਮਹਿਮਾਮਈ ਹੋਇਆ ਹਾਂ।
11 “ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਹੁਣ ਮੈਂ ਇਸ ਜਗਤ ਵਿੱਚ ਨਹੀਂ ਠਹਿਰਣਾ ਪਰ ਇਹ ਮਨੁੱਖ ਅਜੇ ਇਥੇ ਹੀ ਹਨ। ਪਵਿੱਤਰ ਪਿਤਾ! ਇਨ੍ਹਾਂ ਦੀ ਰੱਖਿਆ ਕਰੀਂ। ਆਪਣੇ ਨਾਂ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ। ਜੋ ਤੂੰ ਮੈਨੂੰ ਦਿੱਤਾ। ਤਾਂ ਜੋ ਉਹ ਇੱਕ ਮੁਠ ਰਹਿ ਸਕਣ ਜਿਵੇਂ ਕਿ ਤੂੰ ਤੇ ਮੈਂ ਹਾਂ।
12 ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਨੂੰ ਸੁਰਖਿਅਤ ਰੱਖਿਆ। ਮੈਂ ਉਨ੍ਹਾਂ ਨੂੰ ਤੇਰੇ ਨਾਮ ਦੀ ਸ਼ਕਤੀ ਦੁਆਰਾ ਸੁਰਖਿਅਤ ਰੱਖਿਆ। ਤੇਰੇ ਦਿੱਤੇ ਹੋਏ ਨਾਂ ਦੁਆਰਾ ਮੈਂ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਗੁਆਚਿਆ ਸੀ। ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ। ਉਹ ਗੁਆਚ ਗਿਆ ਸੀ। ਕਿਉਂਕਿ ਪੋਥੀ ਵਿੱਚ ਇਉਂ ਵਾਪਰਨ ਬਾਰੇ ਲਿਖਿਆ ਸੀ।
13 “ਹੁਣ ਮੈਂ ਤੇਰੇ ਕੋਲ ਆ ਗਿਆ ਹਾਂ। ਮੈਂ ਇਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜਦ ਕਿ ਅਜੇ ਮੈਂ ਇਸ ਦੁਨੀਆਂ ਵਿੱਚ ਹੀ ਹਾਂ। ਤਾਂ ਜੋ ਉਹ ਆਪਣੇ ਅੰਦਰ ਮੇਰੀ ਪੂਰੀ ਖੁਸ਼ੀ ਰਖ ਸਕਣ।
14 ਮੈਂ ਉਨ੍ਹਾਂ ਨੂੰ ਤੇਰਾ ਉਪਦੇਸ਼ ਦਿੱਤਾ ਹੈ ਅਤੇ ਦੁਨੀਆਂ ਨੇ ਇਨ੍ਹਾਂ ਆਦਮੀਆਂ ਨੂੰ ਨਫ਼ਰਤ ਕੀਤੀ ਹੈ। ਜਿਵੇਂ ਕਿ ਮੈਂ ਇਸ ਦੁਨੀਆਂ ਦਾ ਨਹੀਂ ਹਾਂ, ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ।
15 “ਮੈਂ ਤੈਥੋਂ ਇਹ ਨਹੀਂ ਮੰਗਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਜਗ੍ਗ ਤੋਂ ਬਾਹਰ ਕਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ।
16 ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ ਜਿਵੇਂ ਕਿ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ।
17 ਉਨ੍ਹਾਂ ਨੂੰ ਸੱਚ ਦੁਆਰਾ ਆਪਣੀ ਸੇਵਾ ਲਈ ਤਿਆਰ ਕਰ। ਤੇਰੀਆਂ ਸਿਖਿਆਵਾਂ ਸੱਚ ਹਨ।
18 ਜਿਵੇਂ ਕਿ ਤੂੰ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਵੀ ਉਨ੍ਹਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ।
19 ਮੈਂ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕੀਤਾ ਹੈ, ਤਾਂ ਜੋ ਉਹ ਵੀ ਆਪਣੇ-ਆਪ ਨੂੰ ਸੇਵਾ ਲਈ ਸੱਚਮੁੱਚ ਤਿਆਰ ਕਰ ਸਕਣ।
20 “ਮੈਂ ਇਨ੍ਹਾਂ ਮਨੁੱਖਾਂ ਲਈ ਪ੍ਰਾਰਥਨਾ ਕਰਦਾ ਹਾਂ ਪਰ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਵੀ ਅਰਦਾਸ ਕਰਦਾ ਹਾਂ ਜੋ ਇਨ੍ਹਾਂ ਲੋਕਾਂ ਦੀਆਂ ਸਿਖਿਆਵਾਂ ਸਦਕਾ ਮੇਰੇ ਵਿੱਚ ਨਿਹਚਾ ਰੱਖਣਗੇ।
21 ਪਿਤਾ ਮੈਂ ਅਰਦਾਸ ਕਰਦਾ ਕਿ ਲੋਕ ਮੇਰੇ ਵਿੱਚ ਨਿਹਚਾ ਰੱਖਣ। ਉਹ ਇੱਕ ਜੁਟ ਹੋਕੇ ਰਹਿਣ। ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ। ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਲੋਕ ਵੀ ਸਾਡੇ ਵਿੱਚ ਇੱਕ ਹੋਕੇ ਰਹਿਣ। ਇਸ ਤਰ੍ਹਾਂ ਦੁਨੀਆਂ ਵਿਸ਼ਵਾਸ ਕਰੇਗੀ ਕਿ ਤੂੰ ਮੈਨੂੰ ਭੇਜਿਆ ਹੈ।
22 ਮੈਂ ਉਨ੍ਹਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਤੂੰ ਮੈਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋ ਸਕਣ। ਜਿਵੇਂ ਕਿ ਤੂੰ ਤੇ ਮੈਂ ਇੱਕ ਹਾਂ।
23 ਮੈਂ ਉਨ੍ਹਾਂ ਵਿੱਚ ਨਿਵਾਸ ਕਰਾਂਗਾ ਅਤੇ ਤੂੰ ਮੇਰੇ ਵਿੱਚ। ਇਸ ਤਰੀਕੇ ਨਾਲ ਇਹ ਸਭ ਸੰਪੂਰਣ ਇਕੱਤਰਤਾ ਵਿੱਚ ਰਹਿਣਗੇ ਅਤੇ ਫਿਰ ਦੁਨੀਆਂ ਜਾਣ ਜਾਵੇਗੀ ਕਿ ਤੂੰ ਹੀ ਹੈ ਜਿਸਨੇ ਮੈਨੂੰ ਭੇਜਿਆ ਹੈ। ਅਤੇ ਤੂੰ ਉਨ੍ਹਾਂ ਨੂੰ ਪਿਆਰ ਕੀਤਾ ਹੈ। ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ।
24 “ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿਥੇ ਮੈਂ ਹਾਂ ਉਹ ਉਥੇ ਹੋਣ ਤਾਂ ਜੋ ਉਹ ਮਹਿਮਾ ਵੇਖ ਸਕਣ ਜੋ ਤੂੰ ਮੈਨੂੰ ਦਿੱਤੀ ਹੈ। ਤੂੰ ਮੈਨੂੰ ਇਸ ਜਗ ਦੀ ਸਿਰਜਣਾ ਤੋਂ ਵੀ ਪਹਿਲਾਂ ਪਿਆਰ ਕੀਤਾ।
25 ਧਰਮੀ ਪਿਤਾ, ਦੁਨੀਆਂ ਤੈਨੂੰ ਨਹੀਂ ਜਾਣਦੀ ਪਰ ਮੈਂ ਤੈਨੂੰ ਜਾਣਦਾ ਹਾਂ। ਅਤੇ ਇਹ ਲੋਕ ਜਾਣਦੇ ਹਨ ਕਿ ਤੂੰ ਹੀ ਮੈਨੂੰ ਭੇਜਣ ਵਾਲਾ ਹੈਂ।
26 ਮੈਂ ਉਨ੍ਹਾਂ ਨੂੰ ਵਿਖਾਇਆ ਕਿ ਤੂੰ ਕਿਸ ਤਰ੍ਹਾਂ ਦਾ ਹੈਂ ਅਤੇ ਮੈਂ ਅਜੇ ਫੇਰ ਉਨ੍ਹਾਂ ਨੂੰ ਵਿਖਾਵਾਂਗਾ ਕਿ ਜਿਹੜਾ ਪਿਆਰ ਤੈਨੂੰ ਮੇਰੇ ਵਿੱਚ ਹੈ, ਉਹੀ ਪਿਆਰ ਉਨ੍ਹਾਂ ਨੂੰ ਆਪਣੇ ਵਿੱਚ ਹੋਵੇਗਾ ਅਤੇ ਮੈਂ ਉਨ੍ਹਾਂ ਵਿੱਚ ਹੋਵਾਂਗਾ।”