ਯੂਹੰਨਾ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21


ਕਾਂਡ 15

1 ਯਿਸੂ ਨੇ ਆਖਿਆ, “ਮੈਂ ਅੰਗੂਰ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ।
2 ਹਰ ਉਹ ਟਹਿਣੀ ਜਿਹੜੀ ਫਲ ਨਹੀਂ ਦਿੰਦੀ, ਉਹ ਕਟ੍ਟ ਸੁੱਟਦਾ ਹੈ। ਉਹ ਹਰ ਟਹਿਣੀ ਨੂੰ ਚੰਗੀ ਤਰ੍ਹਾਂ ਛਾਂਗਦਾ, ਜਿਹੜੀ ਫਲ ਦਿੰਦੀ ਹੈ ਅਤੇ ਉਸਨੂੰ ਸਾਫ਼ ਕਰਦਾ ਹੈ ਤਾਂ ਜੋ ਉਹ ਹੋਰ ਵਧੇਰੇ ਫਲ ਪੈਦਾ ਕਰੇ।
3 ਤੁਸੀਂ ਪਹਿਲਾਂ ਹੀ ਮੇਰੇ ਦਿੱਤੇ ਹੋਏ ਉਪਦੇਸ਼ ਦੁਆਰਾ ਸਾਫ਼ ਹੋਂ।
4 ਮੇਰੇ ਵਿੱਚ ਸਥਿਰ ਰਹੋ ਅਤੇ ਮੈਂ ਤੁਹਾਡੇ ਵਿੱਚ ਸਥਿਰ ਰਹਾਂਗਾ। ਕੋਈ ਵੀ ਟਹਿਣੀ ਆਪਣੇ-ਆਪ ਫ਼ਲ ਨਹੀਂ ਦੇ ਸਕਦੀ। ਇਸੇ ਤਰ੍ਹਾਂ, ਜੇਕਰ ਤੁਸੀਂ ਮੇਰੇ ਵਿੱਚ ਸਥਿਰ ਨਹੀਂ ਰਹੋਂਗੇ, ਤੁਸੀਂ ਫ਼ਲ ਪੈਦਾ ਕਰਨ ਦੇ ਯੋਗ ਨਹੀਂ ਹੋਵੋਂਗੇ।
5 “ਅੰਗੂਰਾਂ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜੇਕਰ ਕੋਈ ਮਨੁੱਖ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਮਨੁੱਖ ਅਨੇਕਾਂ ਫ਼ਲ ਦੇਵੇਗਾ ਪਰ ਮੈਥੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ।
6 ਜੇਕਰ ਕੋਈ ਮੇਰੇ ਵਿੱਚ ਸਥਿਰ ਨਹੀਂ ਰਹਿੰਦਾ, ਉਹ ਇੱਕ ਟਹਿਣੀ ਸੁਟਿਆ ਜਾਵੇਗਾ ਅਤੇ ਸੁੱਕ ਜਾਵੇਗਾ। ਅਜਿਹੀਆਂ ਟਹਿਣੀਆਂ ਨੂੰ ਲੋਕੀ ਅੱਗ ਵਿਚ ਸੁੱਟ ਦਿੰਦੇ ਹਨ।
7 “ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਸਿਖਿਆਵਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦਿੱਤਾ ਜਾਵੇਗ਼ਾ।
8 ਤੁਹਾਨੂੰ ਵਧੇਰੇ ਫ਼ਲ ਪੈਦਾ ਕਰਨੇ ਚਾਹੀਦੇ ਹਨ ਅਤੇ ਸਾਬਿਤ ਕਰੋ ਕਿ ਤੁਸੀਂ ਮੇਰੇ ਚੇਲੇ ਹੋ। ਇਸ ਰਾਹੀਂ ਮੇਰੇ ਪਿਤਾ ਦੀ ਮਹਿਮਾ ਹੋਵੇਗੀ।
9 “ਜਿਵੇਂ ਕਿ ਮੇਰਾ ਪਿਤਾ ਮੈਨੂੰ ਪਿਆਰ ਕਰਦਾ ਮੈਂ ਤੁਹਾਨੂੰ ਪਿਆਰ ਕੀਤਾ। ਇਸ ਲਈ ਤੁਸੀਂ ਮੇਰੇ ਪਿਆਰ ‘ਚ ਸਥਿਰ ਰਹੋ।
10 ਮੈਂ ਆਪਣੇ ਪਿਤਾ ਦੇ ਹੁਕਮਾਂ ਦਾ ਪਾਲਣ ਕੀਤਾ ਹੈ ਅਤੇ ਮੈਂ ਉਸਦੇ ਪਿਆਰ ਵਿੱਚ ਸਥਿਰ ਰਿਹਾ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਮੇਰੇ ਪਿਆਰ ਵਿੱਚ ਸਥਿਰ ਰਹੋਂਗੇ।
11 “ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਸਥਿਰ ਰਹਿ ਸਕੇ ਅਤੇ ਤੁਹਾਡੀ ਪ੍ਰਸੰਨਤਾ ਸੰਪੂਰਣ ਪ੍ਰਸੰਨਤਾ ਹੋ ਸਕੇ।
12 ਤੁਹਾਡੇ ਲਈ ਮੇਰਾ ਇਹ ਹੁਕਮ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ।
13 ਦੋਸਤ ਲਈ ਮਰਨਾ ਮਹਾਨ ਪਿਆਰ ਹੈ, ਜੋ ਕੋਈ ਵਿਅਕਤੀ ਦਰਸ਼ਾ ਸਕਦਾ ਹੈ।
14 ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਗੱਲਾਂ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ।
15 ਮੈਂ ਤੁਹਾਨੂੰ ਹੁਣ ਹੋਰ ਨੌਕਰ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ। ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਬੁਲਾਵਾਂਗਾ। ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ।
16 “ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਭੇਜਿਆ ਤਾਂ ਕਿ ਤੁਸੀਂ ਜਾਵੋਂ ਅਤੇ ਫਲ ਪੈਦਾ ਕਰ ਸਕੋਂ। ਮੇਰੀ ਇੱਛਾ ਇਹ ਹੈ ਕਿ ਤੁਹਾਡਾ ਫ਼ਲ ਹਮੇਸ਼ਾ ਤੁਹਾਡੇ ਜੀਵਨ ਵਿੱਚ ਰਹੇ। ਤਾਂ ਜੋ ਕੁਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇ ਸਕੇ।
17 ਇੱਕ ਦੂਜੇ ਨਾਲ ਪ੍ਰੇਮ ਕਰੋ, ਇਹੀ ਮੇਰਾ ਤੁਹਾਨੂੰ ਹੁਕਮ ਹੈ।
18 “ਜੇਕਰ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਦੁਨੀਆਂ ਨੇ ਮੈਨੂੰ ਵੀ ਨਫ਼ਰਤ ਕੀਤੀ ਸੀ।
19 ਜੇਕਰ ਤੁਸੀਂ ਦੁਨੀਆਂ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਗ ਪਿਆਰ ਕਰਦੀ। ਪਰ ਤੁਸੀਂ ਦੁਨੀਆਂ ਦੇ ਨਹੀਂ ਹੋ ਕਿਉਂਕਿ ਮੈਂ ਤੁਹਾਨੂੰ ਇਸ ਦੁਨੀਆਂ ਵਿੱਚੋਂ ਚੁਣਿਆ ਹੈ ਇਸੇ ਕਾਰਣ ਦੁਨੀਆਂ ਨੇ ਤੁਹਾਨੂੰ ਨਫ਼ਰਤ ਕੀਤੀ।
20 “ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਤਸੀਹੇ ਦੇਣਗੇ। ਜੇਕਰ ਉਨ੍ਹਾਂ ਨੇ ਮੇਰੇ ਉਪਦੇਸ਼ ਨੂੰ ਮੰਨਿਆ, ਉਹ ਤੁਹਾਡੇ ਉਪਦੇਸ਼ ਦੀ ਵੀ ਪਾਲਣਾ ਕਰਣਗੇ।
21 ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਣਗੇ ਕਿਉਂਕਿ ਉਹ ਉਸਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ।
22 ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀ ਹੈ।
23 “ਉਹ ਵਿਅਕਤੀ ਜੋ ਮੈਨੂੰ ਨਫ਼ਰਤ ਕਰਦਾ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ।
24 ਉਨ੍ਹਾਂ ਵਿਚਕਾਰ, ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਵੀ ਨਹੀਂ ਕੀਤੀਆਂ। ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ। ਪਰ ਹਾਲੇ ਵੀ ਉਹ ਮੈਨੂੰ, ਇਥੋਂ ਤੱਕ ਕਿ ਮੇਰੇ ਪਿਤਾ ਨੂੰ ਵੀ, ਨਫ਼ਰਤ ਕਰਦੇ ਹਨ।
25 ਪਰ ਇਹ ਇਸ ਲਈ ਹੋਇਆ ਹੈ ਕਿਉਂਕਿ ਜੋ ਭਵਿਖਬਾਣੀ ਉਨ੍ਹਾਂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਸੀ ਸ਼ਾਇਦ ਸੱਚ ਹੋ ਜਾਵੇ। ‘ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫ਼ਰਤ ਕੀਤੀ।’
26 “ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ। ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਤੋਂ ਆਉਂਦਾ ਹੈ। ਜਦੋਂ ਉਹ ਆਵੇਗਾ ਤਾਂ ਉਹ ਮੇਰੇ ਪਖ ਵਿੱਚ ਗਵਾਹੀ ਦੇਵੇਗਾ।
27 ਅਤੇ ਤੁਸੀਂ ਵੀ ਲੋਕਾਂ ਨੂੰ ਮੇਰੇ ਬਾਰੇ ਗਵਾਹੀ ਦਿਉਂਗੇ ਕਿਉਂਕਿ ਤੁਸੀਂ ਮੁਢ ਤੋਂ ਮੇਰੇ ਨਾਲ ਸੀ।