ਕਾਂਡ 26
1 ਜਦੋਂ ਯਿਸੂ ਇਹ ਸਭ ਬਚਨ ਆਖ ਹਟਿਆ, ਉਸਨੇ ਆਪਣੇ ਚੇਲਿਆਂ ਨੂੰ ਆਖਿਆ,
2 “ਤੁਹਾਨੂੰ ਪਤਾ ਹੈ ਕਿ ਪਰਸੋਂ ਪਸਾਹ ਦਾ ਤਿਉਹਾਰ ਹੈ। ਉਸ ਦਿਨ, ਮਨੁੱਖ ਦਾ ਪੁੱਤਰ ਆਪਣੇ ਦੁਸ਼ਮਨਾਂ ਹੱਥੀਂ ਸਲੀਬ ਦਿੱਤੇ ਜਾਣ ਲਈ ਦੇ ਦਿੱਤਾ ਜਾਵੇਗਾ।”
3 ਤਦ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਸਰਦਾਰ ਜਾਜਕ ਦੇ ਮਹਲ ਵਿੱਚ ਇਕਠੇ ਹੋਏ। ਸਰਦਾਰ ਜਾਜਕ ਦਾ ਨਾਓ ਕਯਾਫ਼ਾ ਸੀ।
4 ਅਤੇ ਉਸ ਸਭਾ ਵਿੱਚ, ਉਨ੍ਹਾਂ ਨੇ ਧੋਖੇ ਨਾਲ ਯਿਸੂ ਨੂੰ ਗਿਰਫ਼ਤਾਰ ਕਰਨ ਅਤੇ ਮਾਰ ਦੇਣ ਦੀ ਵਿਉਂਤ ਬਣਾਈ।
5 ਪਰ ਉਨ੍ਹਾਂ ਨੇ ਆਖਿਆ, “ਅਸੀਂ ਯਿਸੂ ਨੂੰ ਪਸਾਹ ਦੇ ਤਿਉਹਾਰ ਵੇਲੇ ਗਿਰਫ਼ਤਾਰ ਨਹੀਂ ਕਰ ਸਕਦੇ ਕਿਉਂਕਿ ਲੋਕ ਗੁੱਸੇ ਵਿੱਚ ਆ ਜਾਣਗੇ ਅਤੇ ਫ਼ਸਾਦ ਕਰ ਦੇਣਗੇ।”
6 ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋਢ਼ੀ ਦੇ ਘਰ ਸੀ।
7 ਤਾਂ ਇੱਕ ਔਰਤ ਉਸ ਕੋਲ ਆਈ। ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਵਿੱਚ ਬੜਾ ਮਹਿੰਗਾ ਅਤਰ ਭਰਿਆ ਹੋਇਆ ਸੀ। ਉਸ ਔਰਤ ਨੇ ਜਦੋਂ ਯਿਸੂ ਭੋਜਨ ਕਰ ਰਿਹਾ ਸੀ, ਇਹ ਅਤਰ ਉਸਦੇ ਸਿਰ ਉੱਤੇ ਰੋਢ਼ ਦਿੱਤਾ।
8 ਜਦੋਂ ਚੇਲਿਆਂ ਨੇ ਔਰਤ ਨੂੰ ਇਉਂ ਕਰਦਿਆਂ ਵੇਖਿਆ, ਉਹ ਬੜੇ ਪਰੇਸ਼ਾਨ ਹੋ ਗਏ ਅਤੇ ਆਖਿਆ, “ਇਹ ਬੇਕਾਰ ਹੀ ਕਿਉਂ?
9 ਇਹੋ ਅਤਰ ਮਹਿੰਗੇ ਮੁਲ੍ਲ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬ ਲੋਕਾਂ ਨੂੰ ਦਿੱਤੇ ਜਾ ਸਕਦੇ ਸਨ?
10 ਯਿਸੂ ਜਾਣਦਾ ਸੀ ਕਿ ਕੀ ਵਾਪਰਿਆ ਸੀ। ਇਸਲਈ ਉਸਨੇ ਆਖਿਆ, “ਤੁਸੀਂ ਇਸ ਔਰਤ ਨੂੰ ਕਿਉਂ ਖਿਝਾ ਰਹੇ ਹੋ? ਉਸਨੇ ਮੇਰੇ ਲਈ ਇਹ ਬਹੁਤ ਚੰਗਾ ਕੀਤਾ ਹੈ।
11 ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂਗਾ।
12 ਇਸ ਔਰਤ ਨੇ ਅਤਰ ਮੇਰੇ ਸ਼ਰੀਰ ਤੇ ਰੋਢ਼ਿਆ ਹੈ। ਇਸਨੇ ਇਹ ਸਭ ਕੁਝ ਮੇਰੇ ਮਰਨ ਉਪਰੰਤ ਦੇਹ ਨੂੰ ਦਫ਼ਨਾਉਣ ਲਈ ਕੀਤਾ ਹੈ।
13 ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਖੁਸ਼-ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਜਿਥੇ ਕਿਤੇ ਇਹ ਖੁਸ਼-ਖਬਰੀ ਪਹੁੰਚੇਗੀ, ਜੋ ਇਸ ਔਰਤ ਨੇ ਕੀਤਾ ਹੈ ਇਹ ਕਹਾਣੀ ਵੀ ਕਹੀ ਜਾਵੇਗੀ ਅਤੇ ਲੋਕ ਉਸਨੂੰ ਯਾਦ ਕਰਨਗੇ।”
14 ਤਦ ਉਨ੍ਹਾਂ ਬਾਰ੍ਹਾਂ ਚੇਲਿਆਂ ਵਿੱਚ ਇੱਕ ਨੇ ਜਿਸਦਾ ਨਾਉਂ ਯਹੂਦਾ ਇਸਕਰਿਯੋਤੀ ਸੀ, ਪ੍ਰਧਾਨ ਜਾਜਕ ਕੋਲ ਜਾਕੇ ਆਖਿਆ,
15 “ਮੈਂ ਯਿਸੂ ਨੂੰ ਤੁਹਾਡੇ ਹੱਥ ਫ਼ੜਵਾ ਦੇਵਾਂਗਾ ਤਾਂ ਤੁਸੀਂ ਮੈਨੂੰ ਇਸ ਕਾਰਜ ਲਈ ਕੀ ਦੇਵੋਂਗੇ?” ਤਾਂ ਉਨ੍ਹਾਂ ਜਾਜਕਾਂ ਨੇ ਉਸਨੂੰ ਤੀਹ ਚਾਂਦੀ ਦੇ ਸਿੱਕੇ ਦੇ ਦਿੱਤੇ।
16 ਉਸ ਵੇਲੇ ਤੋਂ ਬਾਦ ਯਹੂਦਾ ਯਿਸੂ ਨੂੰ ਜਾਜਕ ਦੇ ਹੱਥ ਫ਼ੜਵਾਉਨ ਦਾ ਦਾਅ ਲਭਣ ਲੱਗਾ।
17 ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸੂ ਕੋਲ ਆਕੇ ਆਖਿਆ, “ਤੁਹਾਡੇ ਖਾਣ ਲਈ ਪਸਾਹ ਦਾ ਭੋਜਨ ਅਸੀਂ ਕਿਥੇ ਤਿਆਰ ਕਰੀਏ?”
18 ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਅੰਦਰ ਜਾਓ ਅਤੇ ਉਸ ਵਿਅਕਤੀ ਨੂੰ ਮਿਲੋ ਜਿਸਨੂੰ ਮੈਂ ਜਾਨਦਾ ਹਾਂ ਅਤੇ ਉਸਨੂੰ ਦੱਸੋ ਕਿ ਤੇਰੇ ਗੁਰੂ ਨੇ ਕਿਹਾ, ‘ਮੇਰਾ ਚੁਣਿਆ ਹੋਇਆ ਵੇਲਾ ਨੇੜੇ ਆ ਗਿਆ ਹੈ ਅਤੇ ਮੈਂ ਪਸਾਹ ਦਾ ਭੋਜਨ ਆਪਣੇ ਚੇਲਿਆਂ ਸਮੇਤ ਤੇਰੇ ਘਰ ਹੀ ਕਰਾਂਗਾ।’”
19 ਜਿਸ ਤਰ੍ਹਾਂ ਯਿਸੂ ਨੇ ਚੇਲਿਆਂ ਨੂੰ ਕਿਹਾ, ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਵੇਂ ਪਸਾਹ ਦਾ ਭੋਜਨ ਤਿਆਰ ਹੋਇਆ।
20 ਸ਼ਾਮ ਵੇਲੇ ਯਿਸੂ ਆਪਣੇ ਬਾਰ੍ਹਾਂ ਚੇਲਿਆ ਸਮੇਤ ਮੇਜ਼ ਤੇ ਬੈਠਾ ਹੋਇਆ ਸੀ।
21 ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਚੇਲਾ ਮੈਨੂੰ ਜਲਦੀ ਹੀ ਮੇਰੇ ਦੁਸ਼ਮਨਾਂ ਦੇ ਹੱਥ ਫ਼ੜਾ ਦੇਵੇਗਾ।”
22 ਇਹ ਸੁਣਕੇ ਚੇਲੇ ਬੜੇ ਨਿਰਾਸ਼ ਹੋਏ। ਯਿਸੂ ਦੇ ਹਰ ਚੇਲੇ ਨੇ ਕਿਹਾ, “ਪ੍ਰਭੂ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?
23 ਯਿਸੂ ਨੇ ਉੱਤਰ ਦਿੱਤਾ, “ਜਿਸ ਆਦਮੀ ਨੇ ਮੇਰੇ ਨਾਲ ਇਸ ਕਟੋਰੇ ਵਿੱਚ ਹੱਥ ਡੁਬੋਇਆ ਹੈ ਉਹੀ ਵਿਅਕਤੀ ਹੈ ਜਿਹੜਾ ਮੈਨੂੰ ਦੁਸ਼ਮਨਾਂ ਦੇ ਹੱਥੀ ਫ਼ੜਾਵੇਗਾ।
24 ਮਨੁੱਖ ਦਾ ਪੁੱਤਰ ਜਾਵੇਗਾ ਅਤੇ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ, ਪੋਥੀਆਂ ਵਿੱਚ ਲਿਖਿਆ ਹੋਇਆ ਹੈ। ਪਰ ਉਸ ਮਨੁੱਖ ਤੇ ਲਾਹਨਤ ਜਿਹੜਾ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥੀਂ ਫ਼ੜਾਵੇਗਾ। ਉਸ ਮਨੁੱਖ ਲਈ ਭਲਾ ਹੁੰਦਾ ਕਿ ਉਹ ਨਾ ਹੀ ਜੰਮਦਾ।”
25 ਤਦ ਯਹੂਦਾ ਨੇ ਯਿਸੂ ਨੂੰ ਆਖਿਆ, “ਗੁਰੂ ਜੀ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ। ਕੀ ਇਹ ਸੱਚ ਨਹੀਂ ਹੈ?”ਯਹੂਦਾ ਹੀ ਉਹ ਮਨੁੱਖ ਸੀ ਜੋ ਯਿਸੂ ਨੂੰ ਉਸਦੇ ਦੁਸ਼ਮਨਾਂ ਦੇ ਹੱਥ ਫ਼ੜਵਾਉਨਾ ਚਾਹੁੰਦਾ ਸੀ ਤਾਂ ਯਿਸੂ ਨੇ ਆਖਿਆ, “ਹਾਂ ਉਹ ਤੂੰ ਹੈਂ।”
26 ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਥੋੜੀ ਰੋਟੀ ਲਈ। ਯਿਸੂ ਨੇ ਰੋਟੀ ਲਈ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਇਸਨੂੰ ਆਪਣੇ ਚੇਲਿਆਂ ਵਿੱਚ ਵੰਡ ਦਿੱਤਾ ਅਤੇ ਕਿਹਾ, “ਇਹ ਰੋਟੀ ਲਵੋ ਤੇ ਖਾ ਲਵੋ ਕਿਉਂ ਜੁ ਇਹ ਮੇਰਾ ਸ਼ਰੀਰ ਹੈ।”
27 ਫ਼ਿਰ ਯਿਸੂ ਨੇ ਮੈਅ ਦਾ ਪਿਆਲਾ ਫ਼ੜਿਆ ਅਤੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਇਸਨੂੰ ਪੀਓ।
28 ਇਹ ਮੇਰਾ ਲਹੂ ਹੈ। ਮੇਰਾ ਲਹੂ ਪਰਮੇਸ਼ੁਰ ਅਤੇ ਉਸਦੇ ਲੋਕਾਂ ਵਿਚਕਾਰ ਨਵਾਂ ਕਰਾਰ ਸ਼ੁਰੂ ਕਰਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪ ਮਾਫ਼ ਕਰਨ ਲਈ ਇਹ ਲਹੂ ਵਹਾਇਆ ਗਿਆ ਹੈ।
29 ਮੈਂ ਤੁਹਾਨੂੰ ਦੱਸਦਾ ਹਾਂ, ਕਿ ਮੈਂ ਇਸ ਮੈਅ ਨੂੰ ਫ਼ੇਰ ਕਦੇ ਨਹੀਂ ਪੀਵਾਂਗਾ। ਪਰ ਜਦੋਂ ਮੈਂ ਇਸਨੂੰ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਪੀਵਾਂਗਾ ਤਾਂ ਇਹ ਨਵੀਂ ਹੋਵੇਗੀ।”
30 ਫ਼ਿਰ ਉਨ੍ਹਾਂ ਨੇ ਭਜਨ ਗਾਇਆ। ਇਸਤੋਂ ਬਾਦ ਜੈਤੂਨ ਦੇ ਪਹਾੜ ਵੱਲ ਚਲੇ ਗਏ।
31 ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਰਾਤ ਮੇਰੇ ਕਾਰਣ ਤੁਸੀਂ ਸਾਰੇ ਆਪਣਾ ਭਰੋਸਾ ਗੁਆ ਲਵੋਂਗੇ। ਕਿਉਂ ਜੁ ਇਹ ਲਿਖਿਆ ਹੋਇਆ ਹੈ:‘ਮੈਂ ਆਜੜੀ ਨੂੰ ਮਾਰ ਦੇਵਾਂਗਾ,ਅਤੇ ਉਸਦੇ ਇੱਜੜ ਦੀਆਂ ਭੇਡਾਂ ਖਿਲ੍ਲਰ ਜਾਣਗੀਆਂ।’
32 ਪਰ ਮੈਂ ਮੌਤ ਤੋਂ ਬਾਦ ਫ਼ਿਰ ਜੀ ਉਠਾਂਗਾ ਅਤੇ ਗਲੀਲੀ ਵੱਲ ਜਾਵਾਂਗਾ। ਮੈਂ ਤੁਹਾਡੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਥੇ ਹੋਵਾਂਗਾ।”
33 ਤਦ ਪਤਰਸ ਨੇ ਉਸਨੂੰ ਉੱਤਰ ਦਿੱਤਾ, “ਭਾਵੇਂ ਤੇਰੇ ਕਾਰਨ ਬਾਕੀ ਸਾਰੇ ਚੇਲੇ ਭਰੋਸਾ ਗੁਆ ਬੈਠਣ, ਮੈਂ ਆਪਣਾ ਭਰੋਸਾ ਕਦੇ ਨਹੀਂ ਗੁਆਵਾਂਗਾ।
34 ਯਿਸੂ ਨੇ ਆਖਿਆ, “ਮੈਂ ਸੱਚ ਆਖਦਾ ਕਿ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਨਾਮੰਜ਼ੂਰ ਕਰੇਂਗਾ।”
35 ਪਰ ਪਤਰਸ ਨੇ ਆਖਿਆ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਪਵੇ ਮੈਂ ਤੈਨੂੰ ਕਦੇ ਵੀ ਨਾਮੰਜ਼ੂਰ ਨਹੀਂ ਕਰਾਂਗਾ।” ਅਤੇ ਇਉਂ ਹੀ ਬਾਕੀ ਸਰੇ ਚੇਲਿਆਂ ਨੇ ਵੀ ਕਿਹਾ।
36 ਫ਼ੇਰ, ਯਿਸੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮੇਂ ਦੀ ਇੱਕ ਥਾਂ ਤੇ ਗਿਆ, ਅਤੇ ਉਨ੍ਹਾਂ ਨੂੰ ਆਖਿਆ, “ਜਿੰਨਾ ਚਿਰ ਮੈਂ ਉਥੇ ਰਹਾਂ ਅਤੇ ਪ੍ਰਾਰਥਨਾ ਕਰਾਂ, ਤੁਸੀਂ ਇਥੇ ਬੈਠੋ।”
37 ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਆਪਣੇ ਨਾਲ ਆਉਣ ਨੂੰ ਕਿਹਾ ਪਰ ਨਾਲ ਹੀ ਯਿਸੂ ਬੜਾ ਉਦਾਸ ਅਤੇ ਬੇਕਰਾਰ ਨਜ਼ਰ ਆਉਣ ਲੱਗਾ।
38 ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਹਾਂ ਪੁੱਤਰਾਂ ਨੂੰ ਕਿਹਾ, “ਮੇਰਾ ਆਤਮਾ ਦੁਖ ਨਾਲ ਭਰਪੂਰ ਹੈ ਅਤੇ ਮੇਰਾ ਦਿਲ ਉਦਾਸੀ ਨਾਲ ਟੁਟ੍ਟਦਾ ਜਾ ਰਿਹਾ ਹੈ। ਤੁਸੀਂ ਇਥੇ ਮੇਰੇ ਨਾਲ ਜਾਗਦੇ ਰਹੋ ਅਤੇ ਰਤਾ ਉਡੀਕ ਕਰੋ।”
39 ਤਦ ਯਿਸੂ ਉਨ੍ਹਾਂ ਤੋਂ ਥੋੜਾ ਕੁ ਅੱਗੇ ਨੂੰ ਵਧਿਆ। ਯਿਸੂ ਮੂੰਹ ਭਾਰ ਜ਼ਮੀਨ ਉੱਤੇ ਪਿਆ ਅਤੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇਕਰ ਇਹ ਸੰਭਵ ਹੈ ਤਾਂ ਦੁਖ ਦਾ ਇਹ ਪਿਆਲਾ ਲੈ ਲਵੋ। ਪਰ ਤੂੰ ਉਹੀ ਕਰ ਜੋ ਤੂੰ ਚਾਹੁੰਦਾ ਹੈ ਨਾ ਕਿ ਜੋ ਮੈਂ ਚਾਹੁੰਦਾ ਹਾਂ।”
40 ਤਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਅਤੇ ਉਨ੍ਹਾਂ ਨੂੰ ਸੁਤਿਆਂ ਪਾਇਆ। ਯਿਸੂ ਨੇ ਪਤਰਸ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਇੱਕ ਘੰਟੇ ਲਈ ਵੀ ਨਹੀਂ ਜਾਗ ਸਕਦੇ?
41 ਜਾਗੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ। ਆਤਮਾ ਤਾਂ ਇਛੁੱਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ।”
42 ਫ਼ੇਰ ਯਿਸੂ ਦੂਜੀ ਵਾਰ ਉਥੇ ਚਲਿਆ ਗਿਆ ਅਤੇ ਪ੍ਰਾਰਥਨਾ ਕੀਤੀ, “ਮੇਰੇ ਪਿਤਾ, ਜੇਕਰ ਇਹ ਦੁਖਾ ਦਾ ਪਿਆਲਾ ਮੇਰੇ ਝੱਲਣ ਤੋਂ ਬਿਨਾ ਹਟਾਇਆ ਜਾਣਾ ਸੰਭਵ ਨਹੀਂ, ਕਾਸ਼ ਤੁਹਾਡੀ ਇੱਛਾ ਹੀ ਪੂਰਨ ਹੋਵੇ।”
43 ਜਦੋਂ ਯਿਸੂ ਵਾਪਿਸ ਆਇਆ, ਉਸਨੇ ਆਪਣੇ ਚੇਲਿਆਂ ਨੂੰ ਸੁਤਾ ਹੋਇਆ ਪਾਇਆ। ਉਨ੍ਹਾਂ ਦੀਆਂ ਅਖਾ ਥਕੀਆ ਹੋਈਆਂ ਸਨ।
44 ਤਾ ਯਿਸੂ ਤੋ ਵਿਦਾ ਹੋਕੇ ਇਕ ਵਾਰ ਫਿਰ ਚਲਾ ਗਿਆ ਅਤੇ ਤੀਜੀ ਵਾਰ ਉਹੀ ਬਚਨ ਆਖਦੇ ਹੋਏ ਪ੍ਰਾਰਥਨਾ ਕੀਤੀ।
45 ਯਿਸੂ ਵਾਪਿਸ ਚੇਲਿਆਂ ਕੋਲ ਗਿਆ ਅਤੇ ਆਖਣ ਲੱਗਾ, “ਤੁਸੀਂ ਅਜੇ ਵੀ ਸੌਂ ਰਹੇ ਹੋ ਅਤੇ ਅਰਾਮ ਕਰ ਰਹੇ ਹੋ? ਵੇਖੋ ਉਹ ਘੜੀ ਆ ਗਈ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫ਼ੜਾਇਆ ਜਾਣਾ ਹੈ।
46 ਵੇਖੋ, ਜੋ ਮਨੁੱਖ ਮੈਨੂੰ ਮੇਰੇ ਦੁਸ਼ਮਨਾਂ ਹੱਥੀਂ ਫ਼ੜਾਵੇਗਾ ਉਹ ਆ ਗਿਆ ਹੈ।”
47 ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਯਹੂਦਾ ਉਥੇ ਆ ਗਿਆ। ਪ੍ਰਧਾਨ ਜਾਜਕਾਂ ਦੁਆਰਾ ਭੇਜੇ ਹੋਏ ਬਹੁਤ ਸਾਰੇ ਲੋਕ ਅਤੇ ਲੋਕਾਂ ਦੇ ਬਜ਼ੁਰਗ ਆਗੂ ਵੀ ਉਸਦੇ ਨਾਲ ਸਨ। ਉਨ੍ਹਾਂ ਕੋਲ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਹੋਈਆਂ ਸਨ।
48 ਯਹੂਦਾ ਨੇ ਉਨ੍ਹਾਂ ਲੋਕਾਂ ਨੂੰ ਇਹ ਨਿਸ਼ਾਨ ਦਿੱਤਾ ਹੋਇਆ ਸੀ: “ਕਿ ਜਿਸ ਵਿਅਕਤੀ ਨੂੰ ਮੈਂ ਚੁੰਮਾਂ ਉਹੀ ਯਿਸੂ ਹੈ। ਉਸਨੂੰ ਗਿਰਫ਼ਤਾਰ ਕਰ ਲੈਣਾ”
49 ਤਾਂ ਯਹੂਡਾ ਸਿਧਾ ਯਿਸੂ ਕੋਲ ਗਿਆ ਅਤੇ ਆਖਿਆ, “ਗੁਰੂ ਜੀ ਨਮਸਕਾਰ!” ਫ਼ਿਰ ਉਸਨੇ ਉਸਨੂੰ ਚੁੰਮਿਆ।
50 ਯਿਸੂ ਨੇ ਉੱਤਰ ਦਿੱਤਾ, “ਮਿੱਤਰ, ਤੂੰ ਜੋ ਇਥੇ ਕਰਨ ਆਇਆ ਹੈਂ ਉਹ ਕਰ।”ਉਦੋਂ ਹੀ ਆਦਮੀ ਆਗਏ ਉਨ੍ਹਾਂ ਨੇ ਯਿਸੂ ਨੂੰ ਫ਼ੜਿਆ ਅਤੇ ਗਿਰਫ਼ਤਾਰ ਕਰ ਲਿਆ।
51 ਜਦੋਂ ਇੰਝ ਵਾਪਰਿਆ ਤਾਂ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕਢੀ ਅਤੇ ਸਰਦਾਰ ਜਾਜਕ ਦੇ ਸੇਵਕ ਤੇ ਚਲਾਈ ਅਤੇ ਉਸਦਾ ਕੰਨ ਵਢ ਦਿੱਤਾ।
52 ਯਿਸੂ ਨੇ ਉਸਨੂੰ ਕਿਹਾ, “ਆਪਣੀ ਤਲਵਾਰ ਮੁੜ ਮਿਆਨ ਵਿੱਚ ਪਾ ਲੈ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਤਲਵਾਰ ਨਾਲ ਹੀ ਮਾਰੇ ਜਾਣਗੇ।
53 ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਸਕਦਾ ਹਾਂ ਅਤੇ ਉਹ ਝੱਟ ਮੇਰੇ ਵਾਸਤੇ ਦੂਤਾਂ ਦੀਆਂ ਬਾਰ੍ਹਾਂ ਸੈਨਾ ਤੋਂ ਵਧ ਭੇਜ ਦੇਵੇਗਾ।
54 ਪਰ ਇਸਨੂੰ ਇਵੇਂ ਵਾਪਰਨਾ ਚਾਹੀਦਾ ਹੈ ਤਾਂ ਜੋ ਉਵੇਂ ਹੀ ਹੋਵੇ ਜਿਵੇਂ ਪੋਥੀਆਂ ਆਖਦੀਆਂ ਹਨ।”
55 ਤਦ ਯਿਸੂ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਇਨ੍ਹਾਂ ਤਲਵਾਰਾਂ ਅਤੇ ਡਾਂਗਾ ਨਾਲ ਮੈਨੂੰ ਗਿਰਫ਼ਤਾਰ ਕਰਨ ਲਈ ਆਏ ਹੋਂ, ਜਿਵੇਂ ਮੈਂ ਕੋਈ ਅਪਰਾਧੀ ਹੋਵਾਂ? ਹਰ ਰੋਜ਼ ਮੈਂ ਮੰਦਰ ਦੇ ਇਲਾਕੇ ਵਿੱਚ ਬੈਠਦਾ ਸੀ ਅਤੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ।
56 ਪਰ ਇਹ ਸਭ ਕੁਝ ਇਸਲਈ ਹੋਇਆ ਤਾਂ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।” ਇਸਤੋਂ ਬਾਦ ਯਿਸੂ ਦੇ ਸਾਰੇ ਚੇਲੇ ਉਸਨੂੰ ਛੱਡਕੇ ਭੱਜ ਗਏ।
57 ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸਨੂੰ ਸਰਦਾਰ ਜਾਜਕ ਕਯਾਫ਼ਾ ਦੇ ਘਰ ਲੈ ਗਏ ਜਿਥੇ ਨੇਮ ਦੇ ਉਪਦੇਸ਼ਕ ਅਤੇ ਵਡੇਰੇ ਆਗੂ ਇਕਠੇ ਹੋਏ ਸਨ।
58 ਜਦੋਂ ਉਸਨੂੰ ਸਰਦਾਰ ਜਾਜਕ ਦੇ ਘਰ ਲਿਜਾਇਆ ਜਾ ਰਿਹਾ ਸੀ ਤਾਂ ਪਤਰਸ ਨੇ ਕੁਝ ਵਿਥ ਨਾਲ ਉਸਦਾ ਪਿਛਾ ਕੀਤਾ। ਉਸਨੇ ਵਿਹੜੇ ਵਿੱਚ ਪ੍ਰਵੇਸ਼ ਕੀਤਾ ਅਤੇ ਸਿਪਾਹੀਆਂ ਨਾਲ ਬੈਠ ਗਿਆ। ਉਹ ਇਹ ਵੇਖਣ ਲਈ ਉਤਸੁਕ ਸੀ ਕਿ ਅੰਤ ਵਿੱਚ ਯਿਸੂ ਨਾਲ ਕੀ ਵਾਪਰੇਗਾ।
59 ਪ੍ਰਧਾਨ ਜਾਜਕ ਅਤੇ ਯਹੂਦੀਆਂ ਦੀ ਪੂਰੀ ਸਭਾ ਯਿਸੂ ਦੇ ਖਿਲਾਫ਼ ਝੂਠੇ ਗਵਾਹ ਲਭ ਰਹੀ ਸੀ। ਤਾਂ ਜੋ ਉਹ ਉਸਨੂੰ ਮਰਵਾ ਸਕਣ। ਉਹ ਅਜਿਹੇ ਲੋਕਾਂ ਨੂੰ ਲਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਯਿਸੂ ਦੇ ਵਿਰੁੱਧ ਕੁਝ ਕਹਿਣ।
60 ਬਹੁਤ ਸਾਰੇ ਲੋਕ ਸਾਮ੍ਹਣੇ ਆਏ ਜਿਨ੍ਹਾਂ ਨੇ ਯਿਸੂ ਬਾਰੇ ਝੂਠੀਆਂ ਗੱਲਾਂ ਆਖੀਆਂ। ਪਰ ਉਹ ਅਜਿਹੀ ਕੋਈ ਵੀ ਗਵਾਹੀ ਨਾ ਲਭ ਸਕੇ। ਫ਼ੇਰ ਦੋ ਲੋਕ ਬਾਹਰ ਆਏ ਅਤੇ ਉਨ੍ਹਾਂ ਆਖਿਆ,
61 “ਇਸ ਆਦਮੀ ਨੇ ਆਖਿਆ, ‘ਮੈਂ ਪਰਮੇਸ਼ੁਰ ਦਾ ਮੰਦਰ ਤਬਾਹ ਕਰ ਸਕਦਾ ਹਾਂ ਅਤੇ ਤਿੰਨ ਦਿਨਾਂ ਵਿੱਚ ਫ਼ੇਰ ਬਣਾ ਸਕਦਾ ਹਾਂ।’”
62 ਸਰਦਾਰ ਜਾਜਕ ਉਠਿਆ ਅਤੇ ਯਿਸੂ ਨੂੰ ਆਖਣ ਲੱਗਾ, “ਇਹ ਲੋਕ ਤੇਰੇ ਉੱਤੇ ਦੋਸ਼ ਲਾ ਰਹੇ ਹਨ। ਕੀ ਤੇਰੇ ਕੋਲ ਕੋਈ ਜਵਾਬ ਨਹੀਂ? ਕੀ ਇਹ ਲੋਕ ਸੱਚ ਆਖ ਰਹੇ ਹਨ?”
63 ਪਰ ਯਿਸੂ ਨੇ ਕੁਝ ਨਾ ਕਿਹਾ।ਦੋਬਾਰਾ ਸਰਦਾਰ ਜਾਜਕ ਨੇ ਯਿਸੂ ਨੂੰ ਪੁੱਛਿਆ, “ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਅਤੇ ਹੁਕਮ ਦਿੰਦਾ ਹਾਂ ਸਾਨੂੰ ਦੱਸ, ਕੀ ਪਰਮੇਸ਼ੁਰ ਦਾ ਪੁੱਤਰ ਮਸੀਹ ਤੂੰ ਹੈਂ?”
64 ਯਿਸੂ ਨੇ ਜਵਾਬ ਦਿੱਤਾ, “ਹਾਂ ਮੈਂ ਹੀ ਹਾਂ। ਪਰ ਮੈਂ ਤੁਹਾਨੂੰ ਦੱਸਦਾ ਹਾਂ, ਭਵਿਖ ਵਿੱਚ, ਤੁਸੀਂ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਬੈਠਿਆਂ, ਅਤੇ ਸਵਰਗਾਂ ਦੇ ਬੱਦਲਾਂ ਚੋਂ ਆਉਂਦਿਆਂ ਵੇਖੋਂਗੇ।”
65 ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ ਉਹ ਬੜੇ ਕਰੋਧ ਵਿੱਚ ਆਇਆ। ਤਾਂ ਉਸਨੇ ਆਪਣੇ ਕੱਪੜੇ ਪਾੜੇ ਅਤੇ ਆਖਿਆ, “ਇਸ ਮਨੁੱਖ ਨੇ ਉਹ ਗੱਲਾਂ ਆਖਿਆਂ ਹਨ ਜੋ ਪਰਮੇਸ਼ੁਰ ਦੇ ਖਿਲਾਪੰ ਹਨ, ਇਸਲਈ ਸਾਨੂੰ ਕੋਈ ਹੋਰ ਗਵਾਹੀ ਨਹੀਂ ਲੋੜੀਂਦੀ। ਤੁਸੀਂ ਸਭ ਨੇ ਇਸਨੂੰ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ।
66 ਤੁਹਾਡੀ ਕੀ ਸਲਾਹ ਹੈ?”ਯਹੂਦੀਆਂ ਨੇ ਉੱਤਰ ਦਿੱਤਾ, “ਇਹ ਕਸੂਰਵਾਰ ਹੈ, ਅਤੇ ਉਸਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।”
67 ਤਦ ਲੋਕਾਂ ਨੇ ਯਿਸੂ ਦੇ ਮੂੰਹ ਤੇ ਥੁਕਿਆ ਅਤੇ ਉਸਨੂੰ ਮੁੱਕੇ ਮਾਰੇ। ਹੋਰਨਾਂ ਲੋਕਾਂ ਨੇ ਯਿਸੂ ਨੂੰ ਥੱਪੜ ਮਾਰੇ।
68 ਉਨ੍ਹਾਂ ਕਿਹਾ, “ਦਿਖਾ ਕਿ ਤੂੰ ਇੱਕ ਨਬੀ ਹੈਂ। ਹੇ ਮਸੀਹ, ਅਗੰਮ ਵਾਕ ਕਰ ਕਿ ਤੈਨੂੰ ਕਿਸਨੇ ਮਾਰਿਆ ਹੈ।”
69 ਉਸ ਸਾਰੇ ਸਮੇਂ ਪਤਰਸ ਵਿਹੜੇ ਵਿੱਚ ਬੈਠਾ ਰਿਹਾ। ਇੱਕ ਨੋਕਰਾਨੀ ਪਤਰਸ ਕੋਲ ਆਈ ਅਤੇ ਆਖਿਆ, “ਤੂੰ ਵੀ ਗਲੀਲ ਦੇ ਯਿਸੂ ਨਾਲ ਸੀ।”
70 ਪਰ ਪਤਰਸ ਨੇ ਇਸਦਾ ਸਭ ਅੱਗੇ ਇਨਕਾਰ ਕੀਤਾ, ਅਤੇ ਆਖਿਆ, “ਮੈਂ ਨਹੀਂ ਜਾਣਦਾ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ।”
71 ਫ਼ੇਰ ਪਤਰਸ ਉਸ ਵਿਹੜੇ ਤੋਂ ਬਾਹਰ ਚਲਿਆ ਗਿਆ। ਫ਼ਾਟਕ ਕੋਲ ਇੱਕ ਹੋਰ ਨੋਕਰ ਕੁੜੀ ਨੇ ਉਸਨੂੰ ਵੇਖਿਆ ਅਤੇ ਉਥੇ ਲੋਕਾਂ ਨੂੰ ਆਖਿਆ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।”
72 ਫ਼ਿਰ, ਪਤਰਸ ਨੇ ਸੌਂਹ ਖਾਕੇ ਇਹ ਆਖਦਿਆਂ ਇਨਕਾਰ ਕਰ ਦਿੱਤਾ, “ਮੈਂ ਇਸ ਆਦਮੀ ਨੂੰ ਨਹੀਂ ਜਾਣਦਾ।”
73 ਕੁਝ ਦੇਰ ਬਾਦ, ਜੋ ਲੋਕ ਉਥੇ ਖਢ਼ੇ ਸਨ ਉਹ ਪਤਰਸ ਕੋਲ ਆਏ ਅਤੇ ਆਖਿਆ, “ਤੇਰੇ ਉੱਚਾਰਣ ਤੋਂ ਹੀ ਸਾਨੂੰ ਪਤਾ ਹੈ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ।”
74 ਤਦ ਉਹ ਖੁਦ ਨੂੰ ਸਰਾਪਣ ਲੱਗਾ ਅਤੇ ਉਸਨੇ ਆਖਿਆ, “ਮੈਂ ਪਰਮੇਸ਼ੁਰ ਦੀ ਸੌਹ ਖਾਂਦਾ ਹਾਂ ਕਿ ਮੈਂ ਇਸ ਆਦਮੀ ਨੂੰ ਨਹੀਂ ਜਾਣਦਾ।” ਜਿਵੇਂ ਹੀ ਪਤਰਸ ਨੇ ਇਹ ਆਖਿਆ, ਕੁੱਕੜ ਨੇ ਬਾਂਗ ਦਿੱਤੀ।
75 ਤਦ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਉਸਨੂੰ ਕੀ ਆਖਿਆ ਸੀ: “ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਮੈਨੂੰ ਤਿੰਨ ਵਾਰੀ ਜਾਨਣ ਤੋਂ ਇਨਕਾਰ ਕਰੇਂਗਾ।” ਫ਼ੇਰ ਪਤਰਸ ਬਾਹਰ ਗਿਆ ਅਤੇ ਭੁਬ੍ਬਾਂ ਮਾਰਕੇ ਰੋਇਆ।