ਮੱਤੀ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 2

1 ਯਿਸੂ ਯਹੂਦਿਯਾ ਦੇ ਨਗਰ ਬੈਤਲਹਮ ਵਿੱਚ ਜੰਮਿਆ ਸੀ। ਉਹ ਉਸ ਵਕਤ ਜਨਮਿਆ ਸੀ ਜਦੋਂ ਹੇਰੋਦੇਸ ਰਾਜਾ ਸੀ। ਯਿਸੂ ਦੇ ਜਨਮ ਤੋਂ ਬਾਅਦ ਪੂਰਬ ਵੱਲੋਂ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ।
2 ਜੋਤਸ਼ੀਆਂ ਨੇ ਲੋਕਾਂ ਨੂੰ ਪੁੱਛਿਆ, “ਨਵਾਂ ਜੁਆਕ ਕਿਥੇ ਹੈ ਜੋ ਕਿ ਯਹੂਦੀਆਂ ਦਾ ਰਾਜਾ ਹੈ? ਅਸੀਂ ਤਾਰਾ ਵੇਖਿਆ ਹੈ ਜੋ ਦਰਸਾਉਂਦਾ ਕਿ ਉਹ ਜਨਮਿਆ ਹੈ। ਅਸੀਂ ਉਸਦੀ ਉਪਾਸਨਾ ਕਰਨ ਲਈ ਆਏ ਹਾਂ।”
3 ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ।
4 ਹੇਰੋਦੇਸ ਨੇ ਯਹੂਦੀ ਪ੍ਰਧਾਨ ਜਾਜਕਾਂ ਤੇ ਨੇਮ ਦੇ ਉਸਦੇਸ਼ਕਾਂ ਨੂੰ ਇਕਠਿਆਂ ਕਰਕੇ, ਉਨ੍ਹਾਂ ਨੂੰ ਪੁੱਛਿਆ ਕਿ ਮਸੀਹ ਕਿਥੇ ਜੰਮੇਗਾ?
5 ਉਨ੍ਹਾਂ ਨੇ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ, ਕਿਉਂਕਿ ਨਬੀ ਨੇ ਇਸ ਬਾਰੇ ਪੋਥੀਆਂ ਵਿੱਚ ਲਿਖਿਆ ਹੈ:
6 ‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬੜਾ ਮਹੱਤਵਪੂਰਣ ਹੈ। ਹਾਂ,ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ, ਜਿਹੜਾ ਮੇਰੇ ਲੋਕਾਂ,ਅਤੇ ਇਸਰਾਏਲ ਦੀ ਅਗਵਾਈ ਕਰੇਗਾ।’”
7 ਫੇਰ ਹੇਰੋਦੇਸ ਨੇ ਪੂਰਬ ਤੋਂ ਆਏ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾਕੇ ਉਨ੍ਹਾਂ ਕੋਲੋਂ ਠੀਕ-ਠੀਕ ਪਤਾ ਕੀਤਾ ਕਿ ਉਨ੍ਹਾਂ ਨੂੰ ਤਾਰਾ ਪਹਿਲੀ ਵਾਰ ਕਦੋਂ ਦਿਖਾਈ ਦਿੱਤਾ ਸੀ।
8 ਫ਼ੇਰ ਹੇਰੋਦੇਸ ਨੇ ਉਨ੍ਹਾਂ ਨੂੰ ਬੈਤਲਹਮ ਵਿੱਚ, ਇਹ ਕਹਿ ਕੇ ਭੇਜ ਦਿੱਤਾ ਕਿ, “ਜਾਓ ਅਤੇ ਧਿਆਨ ਨਾਲ ਇਸ ਬਾਲਕ ਬਾਰੇ ਪਤਾ ਲਗਾਓ। ਜਦੋਂ ਤੁਸੀਂ ਬਾਲਕ ਨੂੰ ਲਭ ਲਵੋਂ, ਤਾਂ ਆਕੇ ਮੈਨੂੰ ਦੱਸ ਦਿਓ, ਤਾਂ ਜੋ ਮੈਂ ਵੀ ਜਾਵਾਂ ਅਤੇ ਉਸਦੀ ਉਪਾਸਨਾ ਕਰਾਂ।”
9 ਉਹ ਰਾਜੇ ਦੀ ਗੱਲ ਸੁਣਕੇ ਚਲੇ ਗਏ। ਅਤੇ ਉਹ ਤਾਰਾ, ਜਿਹੜਾ ਉਨ੍ਹਾਂ ਨੇ ਚਢ਼ਦੇ ਪਾਸੇ ਦੇਖਿਆ ਸੀ, ਜੋਤਸ਼ੀਆਂ ਨੇ ਉਸ ਤਾਰੇ ਦਾ ਪਿਛਾ ਕੀਤਾ। ਤਾਰੇ ਨੇ ਉਨ੍ਹਾਂ ਦੀ ਉਦੋਂ ਤੱਕ ਅਗਵਾਈ ਕੀਤੀ, ਜਦੋਂ ਤੱਕ ਕਿ ਉਹ ਉਸ ਜਗ਼੍ਹਾ ਉੱਤੇ ਆਕੇ ਨਹੀਂ ਰੁਕ ਗਿਆ ਜਿਥੇ ਉਹ ਬਾਲਕ ਸੀ।
10 ਜੋਤਸ਼ੀ ਉਦੋਂ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਨੇ ਤਾਰਾ ਵੇਖਿਆ।
11 ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸਨੂੰ ਮਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ।
12 ਪਰ ਸੁਫਨੇ ਵਿੱਚ ਪਰਮੇਸ਼ੁਰ ਨੇ ਜੋਤਸ਼ੀਆਂ ਨੂੰ ਖਬਰਦਾਰ ਕੀਤਾ ਕਿ ਉਹ ਹੇਰੋਦੇਸ ਕੋਲ ਫੇਰ ਨਾ ਜਾਣ। ਤਾਂ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ।
13 ਜਦੋਂ ਜੋਤਸ਼ੀ ਦੂਰ ਚਲੇ ਗਏ, ਤਾਂ ਪ੍ਰਭੂ ਦੇ ਦੂਤ ਨੇ ਯੂਸਫ ਦੇ ਸੁਫਨੇ ਵਿੱਚ ਦਰਸ਼ਨ ਦੇਕੇ ਆਖਿਆ, “ਉਠ! ਬਾਲਕ ਤੇ ਉਸਦੀ ਮਾਤਾ ਨੂੰ ਲੈਕੇ ਮਿਸਰ ਦੇਸ਼ ਵਿੱਚ ਚਲਾ ਜਾ। ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਬਾਲਕ ਨੂੰ ਮਾਰਣ ਵਾਸਤੇ ਲਭੇਗਾ।”
14 ਤਾਂ ਯੂਸੁਫ ਉਠਿਆ ਰਾਤੋ-ਰਾਤ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈਕੇ ਮਿਸਰ ਵੱਲ ਤੁਰ ਪਿਆ।
15 ਯੂਸੁਫ਼ ਹੇਰੋਦੇਸ ਦੇ ਮਰਨ ਤੱਕ ਮਿਸਰ ਵਿੱਚ ਹੀ ਰਿਹਾ। ਇਹ ਇਸ ਲਈ ਵਾਪਰਿਆ ਤਾਂ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਉਹ ਪੂਰਾ ਹੋਵੇ: ਪ੍ਰਭੂ ਨੇ ਆਖਿਆ, “ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸਦਿਆ।”
16 ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸਨੂੰ ਬੜਾ ਕ੍ਰੋਧ ਆਇਆ। ਫ਼ੇਰ ਉਸਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ।
17 ਤਾਂ ਨਬੀ ਯਿਰਮਿਯਾਹ ਦੁਆਰਾ ਬੋਲਿਆ ਪਰਮੇਸ਼ੁਰ ਦਾ ਸ਼ਬਦ ਪੂਰਾ ਹੋ ਗਿਆ ਸੀ:
18 “ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ।ਰੋਣਾ ਅਤੇ ਵੱਡੇ ਵਿਰਲਾਪ ਨਾਲ ਰਾਖੇਲ ਆਪਣੇ ਬਾਲ ਬਚਿਆਂਨੂੰ ਰੋਂਦੀ ਹੈ ਅਤੇ ਤਸਲ੍ਲੀ ਨਹੀਂ ਚਾਹੁੰਦੀ,ਕਿਉਂਕਿ ਉਸਦੇ ਬੱਚੇ ਮਰ ਚੁੱਕੇ ਹਨ।”
19 ਹੇਰੋਦੇਸ ਦੇ ਮਰਨ ਤੋਂ ਬਾਅਦ, ਪ੍ਰਭੂ ਦਾ ਇੱਕ ਦੂਤ ਮਿਸਰ ਵਿੱਚ ਯੂਸੁਫ਼ ਦੇ ਸੁਪਨੇ ਵਿੱਚ ਪ੍ਰਗਟਿਆ।
20 ਦੂਤ ਨੇ ਆਖਿਆ, “ਉਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈਕੇ ਇਸਰਾਏਲ ਦੇ ਦੇਸ਼ ਨੂੰ ਜਾ। ਕਿਉਂਕਿ ਜਿਹੜੇ ਲੋਕ ਬਾਲਕ ਨੂੰ ਮਾਰਨਾ ਚਾਹੁੰਦੇ ਸਨ ਉਹ ਹੁਣ ਮਰ ਚੁੱਕੇ ਹਨ।”
21 ਤਦ ਉਹ ਤਿਆਰ ਹੋਇਆ ਅਤੇ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈਕੇ ਇਸਰਾਏਲ ਦੇਸ਼ ਨੂੰ ਚਲਿਆ ਗਿਆ।
22 ਜਦੋਂ ਯੂਸੁਫ਼ ਨੇ ਸੁਣਿਆ ਕਿ ਅਰਕਿਲਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੀ ਮੌਤ ਤੋਂ ਬਾਅਦ ਰਾਜਾ ਬਣ ਗਿਆ ਹੈ ਤਾਂ ਉਹ ਉਥੇ ਜਾਣ ਤੋਂ ਡਰਦਾ ਸੀ। ਪਰ ਸੁਪਨੇ ਵਿੱਚ ਪਰਮੇਸ਼ੁਰ ਦੁਆਰਾ ਖ਼ਬਰ ਪਾਕੇ ਉਹ ਗਲੀਲ ਦੇ ਇਲਾਕੇ ਨੂੰ ਚਲਿਆ ਗਿਆ।
23 ਯੂਸੁਫ਼ ਨਾਸਰਤ ਨਾਮ ਦੇ ਇੱਕ ਨਗਰ ਵਿੱਚ ਜਾ ਵਸਿਆ ਅਤੇ ਇਸਨੇ ਉਹ ਬਚਨ ਪੂਰਾ ਕਰ ਦਿੱਤਾ ਜਿਹੜਾ ਪਰਮੇਸ਼ੁਰ ਨੇ ਨਬੀਆਂ ਰਾਹੀਂ ਆਖਿਆ ਸੀ। ਕਿ ਉਹ ਇੱਕ ਨਾਸਰੀ ਅਖਵਾਏਗਾ।