ਕਾਂਡ 36
1 ਰਾਜੇ ਹਿਜ਼ਕੀਯਾਹ ਦੇ ਰਾਜ ਦੇ ਚੌਦ੍ਹਵੇਂ ਵਰ੍ਹੇ ਵਿੱਚ ਅੱਸ਼ੂਰ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਸਾਰੇ ਮਜ਼ਬੂਤ ਸ਼ਹਿਰਾਂ ਦੇ ਵਿਰੁੱਧ ਲੜਨ ਲਈ ਗਿਆ। ਸਨਹੇਰੀਬ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾ ਦਿੱਤਾ।
2 ਸਨਹੇਰੀਬ ਨੇ ਯਰੂਸ਼ਲਮ ਦੇ ਰਾਜੇ ਹਿਜ਼ਕੀਯਾਹ ਵੱਲ ਇੱਕ ਵੱਡੀ ਫ਼ੌਜ ਦੇ ਨਾਲ ਆਪਣੇ ਕਮਾਂਡਰ ਨੂੰ ਭੇਜਿਆ। ਕਮਾਂਡਰ ਅਤੇ ਉਸਦੀ ਫ਼ੌਜ ਲਾਕੀਸ਼ ਤੋਂ ਯਰੂਸ਼ਲਮ ਨੂੰ ਰਵਾਨਾ ਹੋ ਗਈ। ਉਹ ਪਾਣੀ ਵਾਲੀ ਇੱਕ ਖਾਈ ਨੇੜੇ ਉੱਪਰ ਤਲਾਅ ਉੱਤੇ ਰੁਕ ਗਏ। ਉੱਪਰਲਾ ਤਲਾਅ ਧੋਬੀਘਾਟ ਵਾਲੀ ਸੜਕ ਉੱਤੇ ਹੈ।
3 ਯਰੂਸ਼ਲਮ ਵਿੱਚੋਂ ਤਿੰਨ ਬੰਦੇ ਕਮਾਂਡਰ ਨਾਲ ਗੱਲ ਬਾਤ ਕਰਨ ਲਈ ਗਏ। ਇਹ ਬੰਦੇ ਸਨ ਹਿਲਕੀਆਹ ਦਾ ਪੁੱਤਰ ਅਲਯਾਕੀਮ, ਆਸਾਫ਼ ਦਾ ਪੁੱਤਰ ਯੋਆਹ ਅਤੇ ਸ਼ਬਨਾ। ਅਲਯਾਕੀਮ ਮਹਿਲਾਂ ਦਾ ਪ੍ਰਬੰਧਕ ਸੀ ਯੋਆਹ ਲੇਖਕਾਰ ਸੀ। ਅਤੇ ਸ਼ਬਨਾ ਸ਼ਾਹੀ ਸਕੱਤਰ ਸੀ।
4 ਕਮਾਂਡਰ ਨੇ ਉਨ੍ਹਾਂ ਨੂੰ ਆਖਿਆ, "ਹਿਜ਼ਕੀਯਾਹ ਨੂੰ ਆਖੋ ਕਿ ਅੱਸ਼ੂਰ ਦਾ ਮਹਾਨ ਰਾਜਾ ਇਹ ਆਖਦਾ ਹੈ,ਆਪਣੀ ਸਹਾਇਤਾ ਲਈ ਤੂੰ ਕਿਸ ਉੱਤੇ ਭਰੋਸਾ ਕਰ ਰਿਹਾ ਹੈਂ।
5 ਮੈਂ ਤੈਨੂੰ ਦੱਸਦਾ ਹਾਂ ਕਿ ਜੇ ਤੂੰ ਸ਼ਕਤੀ ਅਤੇ ਲੜਾਈ ਲਈ ਚੁਸਤ ਯੋਜਨਾਬੰਦੀ ਉੱਤੇ ਭਰੋਸਾ ਕਰ ਰਿਹਾ ਹੈਂ ਤਾਂ ਇਹ ਬੇਕਾਰ ਹੈ। ਇਹ ਹੋਰ ਕੁਝ ਨਹੀਂ ਸਿਰਫ਼ ਕੋਰੇ ਸ਼ਬਦ ਹਨ। ਹੁਣ ਮੈਂ ਤੈਨੂੰ ਪੁੱਛਦਾ ਹਾਂ ਕਿ ਤੂੰ ਕਿਸ ਉੱਤੇ ਇੰਨਾ ਭਰੋਸਾ ਕਰ ਰਿਹਾ ਹੈਂ ਕਿ ਤੂੰ ਮੇਰੇ ਖਿਲਾਫ਼ ਬਗ਼ਾਵਤ ਕਰਨ ਲਈ ਤਿਆਰ ਹੈਂ?
6 ਕੀ ਤੂੰ ਮਿਸਰ ਉੱਤੇ ਸਹਾਇਤਾ ਲਈ ਨਿਰਭਰ ਕਰ ਰਿਹਾ ਹੈਂ? ਮਿਸਰ ਤਾਂ ਟੁੱਟੀ ਹੋਈ ਸੋਟੀ ਵਰਗਾ ਹੈ। ਜੇ ਤੂੰ ਇਸਦੇ ਸਹਾਰੇ ਖੜਾ ਹੋਵੇਗਾ ਤਾਂ ਇਹ ਸਿਰਫ਼ ਤੈਨੂੰ ਨੁਕਸਾਨ ਪਹੁੰਚਾਵੇਗੀ ਅਤੇ ਤੇਰੇ ਹੱਥ ਵਿੱਚ ਛੇਕ ਕਰ ਦੇਵੇਗੀ। ਮਿਸਰ ਦੇ ਰਾਜੇ ਫ਼ਿਰਊਨ ਨੂੰ ਉੱਤੇ ਕੋਈ ਵੀ ਉਹ ਬੰਦੇ ਭਰੋਸਾ ਨਹੀਂ ਕਰ ਸਕਦੇ ਜਿਹੜੇ ਉਸ ਉੱਤੇ ਸਹਾਇਤਾ ਲਈ ਨਿਰਭਰ ਕਰਦੇ ਹਨ।
7 ਪਰ ਸ਼ਾਇਦ ਤੁਸੀਂ ਆਖੋ, "ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਸਹਾਇਤਾ ਲਈ ਭਰੋਸਾ ਕਰ ਰਹੇ ਹਾਂ।" ਪਰ ਮੈਂ ਜਾਣਦਾ ਹਾਂ ਕਿ ਹਿਜ਼ਕੀਯਾਹ ਨੇ ਉਹਨ੍ਹਾਂ ਜਗਵੇਦੀਆਂ ਅਤੇ ਉੱਚੀਆਂ ਥਾਵਾਂ ਨੂੰ ਤਬਾਹ ਕੀਤਾ ਸੀ ਜਿੱਥੇ ਲੋਕ ਯਹੋਵਾਹ ਦੀ ਉਪਾਸਨਾ ਕਰਦੇ ਸਨ ਅਤੇ ਹਿਜ਼ਕੀਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ ਸੀ, "ਤੁਹਾਨੂੰ ਯਰੂਸ਼ਲਮ ਦੀ ਸਿਰਫ਼ ਇਸੇ ਹੀ ਇੱਕ ਜਗਵੇਦੀ ਉੱਤੇ ਉਪਾਸਨਾ ਕਰਨੀ ਚਾਹੀਦੀ ਹੈ।"
8 ਜੇ ਤੁਸੀਂ ਹਾਲੇ ਵੀ ਲੜਨਾ ਚਾਹੁੰਦੇ ਹੋ ਤਾਂ ਅੱਸ਼ੂਰ ਦਾ ਰਾਜਾ, ਮੇਰਾ ਮਾਲਿਕ ਤੁਹਾਡੇ ਨਾਲ ਇਹ ਇਕਰਾਰਨਾਮਾ ਕਰੇਗਾ। ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ
2 ,000 ਘੋੜੇ ਦੇਵਾਂਗਾ ਜੇ ਤੁਸੀਂ ਉਨ੍ਹਾਂ ਘੋੜਿਆਂ ਉੱਤੇ ਸਵਾਰ ਹੋ ਕੇ ਲੜਾਈ ਜਾਣ ਵਾਲੇ ਇੰਨੇ ਬੰਦੇ ਲੱਭ ਸਕੋ।
9 ਪਰ ਫ਼ੇਰ ਵੀ ਤੁਸੀਂ ਮੇਰੇ ਮਾਲਕ ਦੇ ਸਭ ਤੋਂ ਛੋਟੇ ਦਰਜੇ ਦੇ ਅਧਿਕਾਰੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਹਰਾ ਸਕੋਗੇ! ਇਸ ਲਈ ਤੁਸੀਂ ਮਿਸਰ ਦੇ ਰੱਥਾਂ ਅਤੇ ਘੋੜਸਵਾਰ ਫ਼ੌਜੀਆਂ ਉੱਤੇ ਇੰਨਾ ਕਿਉਂ ਨਿਰਭਰ ਕਰ ਰਹੇ ਹੋ!
10 ਹੁਣ, ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਸ ਦੇਸ਼ ਨੂੰ ਯਹੋਵਾਹ ਦੀ ਸਹਾਇਤਾ ਤੋਂ ਬਿਨਾਂ ਹੀ ਤਬਾਹ ਕਰਨ ਆਇਆ ਸਾਂ! ਨਹੀਂ! ਯਹੋਵਾਹ ਨੇ ਮੈਨੂੰ ਆਖਿਆ ਸੀ, "ਇਸ ਦੇਸ ਦੇ ਖਿਲਾਫ਼ ਚੜਾਈ ਕਰੋ ਅਤੇ ਇਸਨੂੰ ਤਬਾਹ ਕਰ ਦਿਓ।"
11 ਫ਼ੇਰ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਕਮਾਂਡਰ ਨੂੰ ਆਖਿਆ, "ਮਿਹਰਬਾਨੀ ਕਰਕੇ ਸਾਡੇ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ। ਅਸੀਂ ਉਸ ਭਾਸ਼ਾ ਨੂੰ ਸਮਝਦੇ ਹਾਂ। ਸਾਡੇ ਨਾਲ ਯਹੂਦਾਹ ਦੀ ਭਾਸ਼ਾ ਵਿੱਚ ਗੱਲ ਨਾ ਕਰੋ। ਕਿਉਂ ਕਿ ਫ਼ੇਰ ਸ਼ਹਿਰ ਦੀਆਂ ਦੀਵਾਰਾਂ ਉੱਤੇ ਖਲੋਤੇ ਲੋਕ ਤੁਹਾਡੀ ਗੱਲ ਸਮਝ ਜਾਣਗੇ।"
12 ਪਰ ਕਮਾਂਡਰ ਨੇ ਆਖਿਆ, "ਮੇਰੇ ਮਾਲਿਕ ਨੇ ਮੈਨੂੰ ਸਿਰਫ਼ ਤੁਹਾਡੇ ਨਾਲ ਅਤੇ ਤੁਹਾਡੇ ਮਾਲਿਕ ਨਾਲ ਹੀ ਗੱਲ ਕਰਨ ਵਾਸਤੇ ਨਹੀਂ ਭੇਜਿਆ। ਮੇਰੇ ਮਾਲਿਕ ਨੇ ਮੈਨੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਭੇਜਿਆ ਹੈ ਜਿਹੜੇ ਦੀਵਾਰ ਉੱਤੇ ਬੈਠੇ ਹੋਏ ਹਨ! ਉਨ੍ਹਾਂ ਬੰਦਿਆਂ ਕੋਲ ਖਾਣ ਪੀਣ ਲਈ ਕਾਫ਼ੀ ਨਹੀਂ ਹੋਵੇਗਾ ਉਹ ਵੀ ਤੁਹਾਡੇ ਵਾਂਗ ਹੀ ਆਪਣਾ ਗੂਂਹ ਮੂਤ ਖਾਣ ਪੀਣਗੇ।"
13 ਫ਼ੇਰ ਕਮਾਂਡਰ ਨੇ ਯਹੂਦੀ ਭਾਸ਼ਾ ਵਿੱਚ ਉੱਚੀ ਉੱਚੀ ਰੌਲਾ ਪਾਇਆ,
14 "ਅੱਸ਼ੂਰ ਦੇ ਰਾਜੇ, ਮਹਾਨ ਰਾਜੇ ਵੱਲੋਂ ਇਹ ਸੰਦੇਸ਼ ਸੁਣੋ:ਹਿਜ਼ਕੀਯਾਹ ਤੋਂ ਮੂਰਖ ਨਾ ਬਣੋ! ਉਹ ਤੁਹਾਨੂੰ ਮੇਰੀ ਸ਼ਕਤੀ ਤੋਂ ਨਹੀਂ ਬਚਾ ਸਕਦਾ!
15 ਹਿਜ਼ਕੀਯਾਹ ਵਿੱਚ ਵਿਸ਼ਵਾਸ ਨਾ ਕਰੋ ਜਦੋਂ ਉਹ ਇਹ ਕਹਿੰਦਾ ਹੈ, 'ਯਹੋਵਾਹ ਵਿੱਚ ਭਰੋਸਾ ਕਰੋ! ਯਹੋਵਾਹ ਸਾਨੂੰ ਬਚਾਵੇਗਾ। ਯਹੋਵਾਹ ਅੱਸ਼ੂਰ ਦੇ ਰਾਜੇ ਕੋਲੋਂ ਸ਼ਹਿਰ ਨੂੰ ਨਹੀਂ ਹਰਾਵੇਗਾ।'
16 ਹਿਜ਼ਕੀਯਾਹ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਨਾ ਦਿਓ। ਅੱਸ਼ੂਰ ਦੇ ਰਾਜੇ ਨੂੰ ਸੁਣੋ। ਅੱਸ਼ੂਰ ਦਾ ਰਾਜਾ ਆਖਦਾ ਹੈ, "ਸਾਨੂੰ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। ਤੁਹਾਨੂੰ ਲੋਕਾਂ ਨੂੰ ਸ਼ਹਿਰ ਵਿੱਚੋਂ ਬਾਹਰ ਨਿਕਲ ਕੇ ਮੇਰੇ ਕੋਲ ਆ ਜਾਣਾ ਚਾਹੀਦਾ ਹੈ। ਫ਼ੇਰ ਹਰ ਬੰਦਾ ਘਰ ਜਾਣ ਲਈ ਆਜ਼ਾਦ ਹੋਵੇਗਾ। ਹਰ ਬੰਦਾ ਆਪਣੀ ਵੇਲ ਦੇ ਅੰਗੂਰ ਖਾਣ ਲਈ ਸੁਤੰਤਰ ਹੋਵੇਗਾ। ਅਤੇ ਹਰ ਬੰਦਾ ਆਪਣੇ ਅੰਜੀਰ ਦੇ ਰੁੱਖ ਤੋਂ ਅੰਜੀਰ ਖਾਣ ਲਈ ਸੁਤੰਤਰ ਹੋਵੇਗਾ। ਹਰ ਬੰਦਾ ਆਪਣੇ ਖੂਹ ਦਾ ਪਾਣੀ ਪੀਣ ਲਈ ਸੁਤੰਤਰ ਹੋਵੇਗਾ।
17 ਇਹ ਗੱਲ ਤੁਸੀਂ ਓਦੋਁ ਤੱਕ ਕਰ ਸਕਦੇ ਹੋ ਜਦੋਂ ਤੱਕ ਕਿ ਮੈਂ ਤੁਹਾਨੂੰ ਹਰ ਇੱਕ ਨੂੰ ਤੁਹਾਡੇ ਆਪਣੇ ਹੀ ਵਰਗੇ ਦੇਸ਼ ਵਿੱਚ ਨਹੀਂ ਲੈ ਜਾਂਦਾ। ਉਸ ਨਵੇਂ ਦੇਸ਼ ਵਿੱਚ ਤੁਹਾਡੇ ਕੋਲ ਚੰਗਾ ਅਨਾਜ਼ ਹੋਵੇਗਾ, ਨਵੀਂ ਸ਼ਰਾਬ ਰੋਟੀ ਅਤੇ ਅੰਗੂਰਾਂ ਦਾ ਬਾਗ਼ ਹੋਵੇਗਾ।"
18 ਹਿਜ਼ਕੀਯਾਹ ਨੂੰ ਆਪਣੇ ਲਈ ਮੁਸੀਬਤ ਖੜੀ ਨਾ ਕਰਨ ਦਿਓ। ਉਹ ਆਖਦਾ ਹੈ, "ਯਹੋਵਾਹ ਸਾਡੀ ਰੱਖਿਆ ਕਰੇਗਾ।" ਪਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕਿਸੇ ਹੋਰ ਕੌਮ ਦੇ ਦੇਵਤਿਆਂ ਨੇ ਅੱਸ਼ੂਰ ਦੇ ਰਾਜੇ ਕੋਲੋਂ ਆਪਣੇ ਦੇਸ਼ ਨੂੰ ਬਚਾਇਆ ਸੀ? ਨਹੀਂ!
19 ਹਮਾਬ ਅਤੇ ਅਰਪਾਦ ਦੇ ਦੇਵਤੇ ਕਿੱਥੋ ਨੇ? ਉਹ ਹਾਰ ਗਏ ਨੇ! ਸਫ਼ਰਵਾਇਮ ਦੇ ਦੇਵਤੇ ਕਿੱਥੋ ਨੇ? ਉਹ ਹਾਰ ਗਏ ਨੇ! ਕੀ ਉਹ ਸਾਮਰਿਯਾ ਨੂੰ ਮੇਰੀ ਸ਼ਕਤੀ ਤੋਂ ਬਚਾ ਸਕੇ? ਨਹੀਂ!
20 ਕੀ ਹੋਰਨਾਂ ਦੇਸ਼ਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਧਰਤੀ ਨੂੰ ਮੇਰੇ ਤੋਂ ਬਚਾਇਆ? ਨਹੀਂ! ਕੀ ਯਹੋਵਾਹ ਯਰੂਸ਼ਲਮ ਨੂੰ ਮੇਰੇ ਕੋਲੋਂ ਬਚਾ ਸਕਦਾ ਹੈ? ਨਹੀਂ!
21 ਪਰ ਯਰੂਸ਼ਲਮ ਦੇ ਲੋਕ ਬਹੁਤ ਸ਼ਾਂਤ ਸਨ। ਉਨ੍ਹਾਂ ਨੇ ਕਮਾਂਡਰ ਨੂੰ ਇੱਕ ਵੀ ਸ਼ਬਦ ਨਹੀਂ ਆਖਿਆ ਕਿਉਂਕਿ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਸੀ ਉਸਨੇ ਆਖਿਆ ਸੀ, "ਉਸਨੂੰ ਕੁਝ ਨਾ ਆਖਣਾ।"
22 ਫ਼ੇਰ ਮਹਿਲਾਂ ਦੇ ਪ੍ਰਬੰਧਕ (ਹਿਲਕੀਯਾਹ ਦੇ ਪੁੱਤਰ ਅਲਯਾਕੀਮ) ਸ਼ਾਹੀ ਸਕੱਤਰ (ਸ਼ਬਨਾ) ਅਤੇ ਲੇਖਾਕਰ (ਅਸਾਫ਼ ਦੇ ਪੁੱਤਰ ਯੋਆਹ) ਹਿਜ਼ਕੀਯਾਹ ਵੱਲ ਗਏ। ਉਨ੍ਹਾਂ ਦੇ ਕੱਪੜੇ ਪਾਟੇ ਹੋਏ ਸਨ ਇਹ ਦਰਸਾਉਣ ਲਈ ਕਿ ਉਹ ਉਦਾਸ ਸਨ। ਉਨ੍ਹਾਂ ਨੇ ਹਿਜ਼ਕੀਯਾਹ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਅੱਸ਼ੂਰ ਦੇ ਕਮਾਂਡਰ ਨੇ ਆਖੀਆਂ ਸਨ।