ਕਾਂਡ 31
1 ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ।
2 ਪਰ, ਇਹ ਯਹੋਵਾਹ ਹੀ ਹੈ ਜੋ ਸਿਆਣਾ ਹੈ। ਅਤੇ ਇਹ ਯਹੋਵਾਹ ਹੀ ਹੈ ਜਿਹੜਾ ਉਨ੍ਹਾਂ ਦੇ ਵਿਰੁੱਧ ਮੁਸੀਬਤ ਲੈ ਕੇ ਆਵੇਗਾ। ਲੋਕ ਯਹੋਵਾਹ ਦੇ ਆਦੇਸ਼ ਨੂੰ ਬਦਲਣ ਦੇ ਕਾਬਲ ਨਹੀਂ ਹੋਣਗੇ। ਯਹੋਵਾਹ ਉੱਠ ਕੇ ਬਦ ਲੋਕਾਂ ਦੇ ਖਿਲਾਫ਼ ਅਤੇ ਉਨ੍ਹਾਂ ਦੁਸ਼ਟ ਲੋਕਾਂ ਦੇ ਖਿਲਾਫ਼ ਲੜੇਗਾ ਜੋ ਉਨ੍ਹਾਂ ਦੀ ਮਦਦ ਲਰਨ ਦੀ ਕੋਸ਼ਿਸ਼ ਕਰਦੇ ਹਨ।
3 ਮਿਸਰ ਦੇ ਲੋਕ ਤਾਂ ਸਿਰਫ਼ ਇਨਸਾਨ ਹਨ - ਪਰਮੇਸ਼ੁਰ ਨਹੀਂ। ਮਿਸਰ ਦੇ ਘੋੜੇ ਸਿਰਫ਼ ਜਾਨਵਰ ਹਨ - ਆਤਮਾ ਨਹੀਂ। ਯਹੋਵਾਹ ਆਪਣਾ ਬਾਜ਼ੂ ਫ਼ੈਲਾਵੇਗਾ ਅਤੇ ਸਹਾਇਕ (ਮਿਸਰ) ਹਰਾ ਦਿੱਤਾ ਜਾਵੇਗਾ। ਅਤੇ ਉਹ ਲੋਕ ਜਿਹੜੇ ਸਹਾਇਤਾ ਚਾਹੁੰਦੇ ਸਨ (ਯਹੂਦਾਹ) ਢਹਿ ਪੈਣਗੇ। ਉਹ ਸਾਰੇ ਲੋਕ ਇਕੱਠੇ ਹੀ ਤਬਾਹ ਹੋ ਜਾਣਗੇ।
4 ਯਹੋਵਾਹ ਨੇ ਮੈਨੂੰ ਦੱਸਿਆ, "ਜਦੋਂ ਕੋਈ ਸ਼ੇਰ ਜਾਂ ਸ਼ੇਰ ਦਾ ਬੱਚਾ ਕਿਸੇ ਜਾਨਵਰ ਨੂੰ ਖਾਣ ਲਈ ਫੜਦਾ ਹੈ ਤਾਂ ਸ਼ੇਰ ਮਰੇ ਹੋਏ ਜਾਨਵਰ ਉੱਤੇ ਖੜਾ ਹੋ ਜਾਂਦਾ ਹੈ ਅਤੇ ਗਰਜਦਾ ਹੈ। ਉਸ ਸਮੇਂ ਕੋਈ ਵੀ ਚੀਜ਼ ਉਸ ਮਹਾਨ ਸ਼ੇਰ ਨੂੰ ਭੈਭੀਤ ਨਹੀਂ ਕਰ ਸਕਦੀ। ਜੇ ਬੰਦੇ ਆ ਕੇ ਸ਼ੇਰ ਉੱਤੇ ਚੀਖਦੇ ਹਨ ਤਾਂ ਵੀ ਸ਼ੇਰ ਨਹੀਂ ਡਰਦਾ। ਲੋਕ ਭਾਵੇਂ ਬਹੁਤ ਵੱਡਾ ਸ਼ੋਰ ਮਚਾਉਣ ਪਰ ਸ਼ੇਰ ਨਹੀਂ ਭੱਜੇਗਾ।"ਓਸ ਤਰ੍ਹਾਂ, ਸਰਬ ਸ਼ਕਤੀਮਾਨ ਯਹੋਵਾਹ ਸੀਯੋਨ ਪਰਬਤ ਉੱਤੇ ਉਤਰੇਗਾ। ਯਹੋਵਾਹ ਉਸ ਪਹਾੜੀ ਉੱਤੇ ਲੜੇਗਾ।
5 ਸਰਬ ਸ਼ਕਤੀਮਾਨ ਯਹੋਵਾਹ ਯਰੂਸ਼ਲਮ ਦੀ ਰੱਖਿਆ ਕਰੇਗਾ -- ਜਿਵੇਂ ਪੰਛੀ ਆਪਣੇ ਆਲ੍ਹਣਿਆਂ ਉੱਤੇ ਉੱਡਦੇ ਹਨ। ਯਹੋਵਾਹ ਉਸਨੂੰ ਬਚਾ ਲਵੇਗਾ। ਯਹੋਵਾਹ ਉਥੋਂ ਗੁਜ਼ਰ ਜਾਵੇਗਾ ਅਤੇ ਯਰੂਸ਼ਲਮ ਨੂੰ ਬਚਾ ਲਵੇਗਾ।
6 ਇਸਰਾਏਲ ਦੇ ਬਚਿਓ, ਤੁਸੀਂ ਪਰਮੇਸ਼ੁਰ ਦੇ ਵਿਰੁੱਧ ਹੋ ਗਏ ਸੀ। ਤੁਹਾਨੂੰ ਪਰਮੇਸ਼ੁਰ ਵੱਲ ਵਾਪਸ ਪਰਤ ਆਉਣਾ ਚਾਹੀਦਾ ਹੈ।
7 ਫ਼ੇਰ ਲੋਕ ਉਨ੍ਹਾਂ ਸੋਨੇ ਚਾਂਦੀ ਦੀਆਂ ਮੂਰਤੀਆਂ ਦੀ ਉਪਾਸਨਾ ਕਰਨੀ ਛੱਡ ਦੇਣਗੇ ਜਿਹੜੀਆਂ ਤੁਸੀਂ ਬਣਾਈਆਂ ਸਨ। ਤੁਸੀਂ ਸੱਚਮੁੱਚ ਉਦੋਂ ਪਾਪ ਕੀਤਾ ਸੀ ਜਦੋਂ ਤੁਸੀਂ ਉਹ ਮੂਰਤੀਆਂ ਬਣਾਈਆਂ ਸਨ।
8 ਇਹ ਸੱਚ ਹੈ ਕਿ ਅੱਸ਼ੂਰ ਨੂੰ ਤਲਵਾਰ ਨਾਲ ਹਰਾ ਦਿੱਤਾ ਜਾਵੇਗਾ। ਪਰ ਉਹ ਤਲਵਾਰ ਕਿਸੇ ਇਨਸ਼ਾਨ ਦੀ ਤਲਵਾਰ ਨਹੀਂ ਹੋਵੇਗੀ। ਅੱਸ਼ੂਰ ਪਰਮੇਸ਼ੁਰ ਦੀ ਤਲਵਾਰ ਕੋਲੋਂ ਭੱਜੇਗਾ। ਪਰ ਨੌਜਵਾਨ ਬੰਦੇ ਫ਼ੜ ਲੇ ਜਾਣਗੇ ਅਤੇ ਗੁਲਾਮ ਬਣਾ ਲੇ ਜਾਣਗੇ।
9 ਉਨ੍ਹਾਂ ਦਾ ਸੁਰਖਿਅਤ ਟਿਕਾਣਾ ਤਬਾਹ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਆਗੂ ਹਾਰ ਜਾਣਗੇ ਅਤੇ ਆਪਣੇ ਝੰਡੇ ਪਿੱਛੇ ਛੱਡ ਜਾਣਗੇ।ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ। ਯਹੋਵਾਹ ਦੀ ਅੱਗ ਸੀਯੋਨ ਵਿੱਚ ਹੈ ਅਤੇ ਉਸ ਦੀ ਭਠ੍ਠੀ ਯਰੂਸ਼ਲਮ ਵਿੱਚ ਹੈ।