ਕਾਂਡ 14
1 ਸਰੂਯਾਹ ਦੇ ਪੁੱਤਰ ਯੋਆਬ ਨੂੰ ਜਦੋਂ ਪਤਾ ਲੱਗਾ ਕਿ ਦਾਊਦ ਪਾਤਸ਼ਾਹ ਆਪਣੇ ਪੁੱਤਰ ਅਬਸ਼ਾਲੋਮ ਨੂੰ ਬਹੁਤ ਯਾਦ ਕਰਦਾ ਹੈ ਤਾਂ
2 ਯੋਆਬ ਨੇ ਤਕੋਆਹ ਵਿੱਚ ਸੰਦੇਸ਼ਵਾਹਕ ਭੇਜਕੇ ਉਥੋਂ ਇੱਕ ਸਿਆਣੀ ਔਰਤ ਬੁਲਵਾਈ ਅਤੇ ਉਸ ਨੂੰ ਆਖਿਆ, "ਤੂੰ ਸੋਗੀ ਪਹਿਰਾਵਾ ਪਾਕੇ ਸੋਗ ਦਾ ਸਾਂਗ ਰਚਾਅ ਅਤੇ ਇਉਂ ਸਾਂਗ ਕਰ ਜਿਵੇਂ ਇੱਕ ਔਰਤ ਕਿਸੇ ਦੇ ਮਰਨ ਉਪਰੰਤ ਉਸ ਲਈ ਕਿੰਨੇ ਦਿਨ ਵੈਣ ਪਾਉਂਦੀ ਤੇ ਰੋਦੀ-ਪਿਟ੍ਟਦੀ ਹੈ।
3 ਤੂੰ ਪਾਤਸ਼ਾਹ ਕੋਲ ਜਾ ਅਤੇ ਜਿਵੇਂ ਮੈਂ ਤੈਨੂੰ ਸਮਝਾਵਾਂ ਉਸ ਨੂੰ ਉਵੇਂ ਹੀ ਜਾਕੇ ਆਖ।' ਤੱਦ ਯੋਆਬ ਨੇ ਉਸ ਸਿਆਣੀ ਔਰਤ ਨੂੰ ਸਮਝਾਇਆ ਕਿ ਜਾਕੇ ਕੀ ਆਖਣਾ ਹੈ।
4 ਤੱਦ ਤਕੋਆਹ ਦੀ ਉਹ ਔਰਤ ਨੇ ਜਾਕੇ ਪਾਤਸ਼ਾਹ ਨਾਲ ਗੱਲ ਕੀਤੀ। ਉਸਨੇ ਜਾਕੇ ਆਪਣਾ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਆਖਣ ਲਗੀ, "ਹੇ ਪਾਤਸ਼ਾਹ! ਮੇਰੀ ਮਦਦ ਕਰ!'
5 ਦਾਊਦ ਪਾਤਸ਼ਾਹ ਨੇ ਉਸਨੂੰ ਆਖਿਆ, "ਤੈਨੂੰ ਕੀ ਦੁੱਖ ਹੈ?'ਉਸ ਔਰਤ ਨੇ ਕਿਹਾ, "ਮੈਂ ਵਿਧਵਾ ਔਰਤ ਹਾਂ। ਮੇਰਾ ਪਤੀ ਮਰ ਗਿਆ ਹੈ।
6 ਮੇਰੇ ਦੋ ਪੁੱਤਰ ਸਨ, ਉਹ ਦੋਨੋ ਖੇਤ ਵਿੱਚ ਆਪਸ ਵਿੱਚ ਲੜ ਪਏ ਅਤੇ ਉੱਥੇ ਉਨ੍ਹਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਸੀ ਤਾਂ ਇੱਕ ਪੁੱਤਰ ਨੇ ਦੂਜੇ ਨੂੰ ਮਾਰ ਦਿੱਤਾ।
7 ਹੁਣ ਸਾਰਾ ਪਰਿਵਾਰ ਮੇਰੇ ਵਿਰੁੱਧ ਹੋ ਗਿਆ ਹੈ। ਉਨ੍ਹਾਂ ਮੈਨੂੰ ਆਖਿਆ, "ਜਿਸਨੇ ਆਪਣੇ ਭਰਾ ਨੂੰ ਵੱਢ ਸੁਟਿਆ ਹੈ ਉਸਨੂੰ ਸਾਡੇ ਹੱਥ ਸੌਂਪ ਦੇ ਜੋ ਅਸੀਂ ਉਸਦੇ ਮਾਰੇ ਹੋਏ ਭਰਾ ਦੇ ਬਦਲੇ ਉਸਨੂੰ ਵੱਢ ਸੁੱਟੀੇ ਕਿਉਂ ਕਿ ਉਸਨੇ ਆਪਣੇ ਭਰਾ ਨੂੰ ਮਾਰਿਆ ਹੈ।' ਮੇਰਾ ਉਹ ਬਚਿਆ ਹੋਇਆ ਪੁੱਤਰ ਅੱਗ ਦੀ ਅਖੀਰੀ ਚਿਂਗਾਰੀ ਵਰਗਾ ਹੈ, ਜੇਕਰ ਉਹ ਉਸਨੂੰ ਮਾਰ ਦੇਣਗੇ ਤਾਂ ਉਹ ਅੱਗ ਵੀ ਬਲਦੀ ਬੁਝ ਜਾਵੇਗੀ। ਸਿਰਫ਼ ਉਹੀ ਪੁੱਤਰ ਬਚਿਆ ਹੈ ਜੋ ਆਪਣੇ ਪਿਤਾ ਦੀ ਜਾਇਦਾਦ ਦਾ ਹਕ੍ਕਦਾਰ ਹੈ। ਤਾਂ ਫ਼ਿਰ ਮੇਰੇ ਮਰੇ ਹੋਏ ਪਤੀ ਦੀ ਜਾਇਦਾਦ ਕਿਸੇ ਹੋਰ ਦੇ ਨਾਂ ਹੋ ਜਾਵੇਗੀ ਅਤੇ ਉਸਦਾ ਨਾਂ ਹੀ ਧਰਤੀ ਤੋਂ ਖਤਮ ਹੋ ਜਾਵੇਗਾ।'
8 ਤਾਂ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, "ਤੂੰ ਆਪਣੇ ਘਰ ਜਾ ਮੈਂ ਤੇਰੇ ਲਈ ਆਗਿਆ ਦੇਵਾਂਗਾ।'
9 ਤਾਂ ਉਸ ਤਕੋਆਹ ਦੀ ਔਰਤ ਨੇ ਪਾਤਸ਼ਾਹ ਨੂੰ ਕਿਹਾ, "ਹੇ ਮੇਰੇ ਮਹਾਰਾਜ, ਪਾਤਸ਼ਾਹ! ਤੁਸੀਂ ਇਹ ਸਾਰਾ ਦੋਸ਼ ਮੇਰੇ ਉੱਪਰ ਰਹਿਣ ਦੇਵੋ। ਤੁਸੀਂ ਤੇ ਤੁਹਾਡਾ ਰਾਜ ਬੇਦੋਸ਼ਾ ਹੋਵੇ।'
10 ਦਾਊਦ ਪਾਤਸ਼ਾਹ ਨੇ ਆਖਿਆ, "ਜੇਕਰ ਕੋਈ ਮਨੁੱਖ ਤੈਨੂੰ ਕੁਝ ਬੁਰਾ-ਭਲਾ ਕਹੇ, ਉਸਨੂੰ ਮੇਰੇ ਕੋਲ ਲੈ ਆ, ਕੀ ਮਜਾਲ ਉਹ ਤੈਨੂੰ ਦੋਬਾਰਾ ਕੁਝ ਆਖ ਸਕੇ।'
11 ਉਸ ਔਰਤ ਨੇ ਆਖਿਆ, "ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ! ਯਹੋਵਾਹ, ਆਪਣੇ ਪਰਮੇਸ਼ੁਰ ਵੱਲ ਧਿਆਨ ਲਾਕੇ ਕਤਲ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦੇਵੋ। ਉਹ ਮੇਰੇ ਪੁੱਤਰ ਨੂੰ ਆਪਣੇ ਭਰਾ ਦੇ ਕਤਲ ਕਾਰਣ ਸਜ਼ਾ ਦੇਣਾ ਚਾਹੁੰਦੇ ਹਨ। ਵਚਨ ਦਿਓ ਕਿ ਤੁਸੀਂ ਉਨ੍ਹਾਂ ਨੂੰ ਮੇਰੇ ਪੁੱਤਰ ਨੂੰ ਖਤਮ ਨਾ ਕਰਨ ਦੇਵੋਂਗੇ।'ਦਾਊਦ ਨੇ ਕਿਹਾ, "ਯਹੋਵਾਹ ਦੀ ਸਹੁੰ! ਤੇਰੇ ਪੁੱਤਰ ਦਾ ਧਰਤੀ ਤੇ ਇੱਕ ਵਾਲ ਵੀ ਨਾ ਡਿੱਗੇਗਾ।"
12 ਉਸ ਔਰਤ ਨੇ ਕਿਹਾ, "ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਨੂੰ ਕੁਝ ਹੋਰ ਵੀ ਆਖਣ ਦੀ ਇਜਾਜ਼ਤ ਦੇ।"ਪਾਤਸ਼ਾਹ ਨੇ ਕਿਹਾ, "ਬੋਲ!"
13 ਤਾਂ ਉਸ ਔਰਤ ਨੇ ਕਿਹਾ, "ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਇਹੋ ਜਿਹਾ ਕਿਸ ਲਈ ਧਿਆਨ ਕੀਤਾ ਹੈ? ਹਾਂ! ਜਦੋਂ ਤੁਸੀਂ ਅਜਿਹਾ ਆਖਦੇ ਹੋ ਤਾਂ ਇਉਂ ਜਾਪਦੇ ਕਿ ਤੁਸੀਂ ਦੋਸ਼ੀ ਹੋ! ਕਿਉਂ ਕਿ ਜਿਸ ਪੁੱਤਰ ਨੂੰ ਤੁਸੀਂ ਜਬਰਦਸਤੀ ਘਰੋ ਕਢਿਆ ਸੀ ਉਸ ਵਾਪਸ ਨਹੀਂ ਸਦਿਆ।
14 ਅਸੀਂ ਸਭਨਾਂ ਨੇ ਇੱਕ ਨਾ ਇੱਕ ਦਿਨ ਮਰਨਾ ਹੈ। ਅਸੀਂ ਉਸ ਪਾਣੀ ਵਰਗੇ ਹਾਂ ਜੋ ਧਰਤੀ ਤੇ ਡੋਲਿਆ ਜਾਂਦਾ ਹੈ, ਤੇ ਫ਼ਿਰ ਧਰਤੀ ਤੇ ਡੁਲ੍ਹੇ ਪਾਣੀ ਨੂੰ ਕੋਈ ਮੁੜ ਇਕੱਠਾ ਨਹੀਂ ਕਰ ਸਕਦਾ। ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਸਗੋਂ ਜਿਹੜੇ ਘਰੋ ਜਬਰਦਸਤੀ ਕੱਢੇ ਜਾਂਦੇ ਹਨ, ਪਰਮੇਸ਼ੁਰ ਉਨ੍ਹਾਂ ਦੀ ਸੁਰਖਿਆ ਦੀ ਵਿਉਂਤ ਬਣਾਉਂਦਾ ਹੈ -- ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਨਜ਼ਰ ਤੋਂ ਦੂਰ ਕਰਨ ਦਾ ਹੁਕਮ ਨਹੀਂ ਦਿੰਦਾ।
15 ਮੇਰੇ ਮਹਾਰਾਜ ਅਤੇ ਪਾਤਸ਼ਾਹ, ਮੈਂ ਤੁਹਾਨੂੰ ਇਹ ਗੱਲ ਆਖਣ ਇਸ ਲਈ ਆਈ ਹਾਂ ਕਿਉਂ ਕਿ ਲੋਕਾਂ ਨੇ ਮੈਨੂੰ ਡਰਾਇਆ ਤਾਂ ਮੈਂ ਆਪਣੇ-ਆਪ ਨੂੰ ਕਿਹਾ, "ਮੈਂ ਪਾਤਸ਼ਾਹ ਅੱਗੇ ਫ਼ਰਿਆਦ ਕਰਾਂਗੀ, ਹੋ ਸਕਦਾ ਪਾਤਸ਼ਾਹ ਮੇਰੀ ਫ਼ਰਿਆਦ ਸੁਣੇ ਤੇ ਮੇਰੀ ਮਦਦ ਕਰੇ।
16 ਪਾਤਸ਼ਾਹ ਮੇਰੀ ਸੁਣੇਗਾ ਅਤੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਮਾਰਨਾ ਚਾਹੁੰਦੇ ਹਨ, ਉਨ੍ਹਾਂ ਤੋਂ ਸਾਡੀ ਸੁਰਖਿਆ ਕਰੇਗਾ। ਜੋ ਮਨੁੱਖ ਸਾਨੂੰ ਪਰਮੇਸ਼ੁਰ ਦੀ ਦਿੱਤੀ ਦਾਤ ਤੋਂ ਵਾਂਝਾ ਰੱਖ ਕੇ ਮਾਰਨਾ ਚਾਹੁੰਦਾ ਹੈ, ਪਾਤਸ਼ਾਹ ਸਾਨੂੰ ਉਸਤੋਂ ਬਚਾਵੇਗਾ।
17 ਮੈਨੂੰ ਪਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਸ਼ਬਦ ਸੁਖ-ਸ਼ਾਂਤੀ ਦੇਣਗੇ ਕਿਉਂ ਕਿ ਤੂੰ ਪਰਮੇਸ਼ੁਰ ਦੇ ਦੂਤ ਵਰਗਾ ਹੈਂ। ਤੂੰ ਚੰਗੇ ਬੁਰੇ ਦੀ ਪਛਾਣ ਰੱਖਦਾ ਹੈਂ ਅਤੇ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ।"
18 ਦਾਊਦ ਪਾਤਸ਼ਾਹ ਨੇ ਉਸ ਔਰਤ ਨੂੰ ਆਖਿਆ, "ਤੈਨੂੰ ਮੈਂ ਜੋ ਗੱਲਾਂ ਪੁੱਛਾਂ ਤੂੰ ਸਿਰਫ਼ ਉਸਦਾ ਜਵਾਬ ਦੇਵੀਂ।"ਔਰਤ ਨੇ ਕਿਹਾ, "ਮੇਰੇ ਮਹਾਰਾਜ ਅਤੇ ਪਾਤਸ਼ਾਹ! ਕਿਰਪਾ ਕਰਕੇ ਸਵਾਲ ਪੁੱਛੋ।"
19 ਪਾਤਸ਼ਾਹ ਨੇ ਆਖਿਆ, "ਕੀ ਯੋਆਬ ਨੇ ਇਹ ਸਭ ਕੁਝ ਮੈਨੂੰ ਆਖਣ ਲਈ ਤੈਨੂੰ ਨਹੀਂ ਸਿਖਾਇਆ?"ਔਰਤ ਨੇ ਜਵਾਬ ਦਿੱਤਾ, "ਤੇਰੀ ਜਾਨ ਦੀ ਸਹੁੰ! ਮੇਰੇ ਮਹਾਰਾਜ ਅਤੇ ਪਾਤਸ਼ਾਹ! ਤੂੰ ਬਿਲਕੁਲ ਠੀਕ ਆਖਿਆ ਹੈ। ਤੇਰੇ ਅਫ਼ਸਰ ਯੋਆਬ ਨੇ ਹੀ ਇਹ ਸਭ ਕੁਝ ਮੈਨੂੰ ਤੈਨੂੰ ਆਖਣ ਲਈ ਕਿਹਾ ਸੀ।
20 ਅਤੇ ਤੇਰੇ ਸੇਵਕ ਯੋਆਬ ਨੇ ਇਹ ਸਾਰੀ ਗੱਲ ਇਸ ਲਈ ਕੀਤੀ ਹੈ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਤੇ ਹੁੰਦਾ ਹੈ ਉਸਦੇ ਜਾਨਣ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁਧ੍ਧ ਅਨੁਸਾਰ ਬੁਧ੍ਧੀਵਾਨ ਹੈ।"
21 ਪਾਤਸ਼ਾਹ ਨੇ ਯੋਆਬ ਨੂੰ ਆਖਿਆ, "ਵੇਖ! ਜੋ ਮੈਂ ਵਾਅਦਾ ਕੀਤਾ ਹੈ, ਉਹ ਪੂਰਾ ਕਰਾਂਗਾ। ਹੁਣ ਤੂੰ ਮਿਹਰਬਾਨੀ ਕਰਕੇ ਜੁਆਨ ਅਬਸ਼ਲੋਮ ਨੂੰ ਵਾਪਸ ਸੱਦ ਲਿਆ।"
22 ਤੱਦ ਯੋਆਬ ਨੇ ਨਿਮਰਤਾ ਸਹਿਤ ਮੂੰਹ ਪਰਨੇ ਧਰਤੀ ਵੱਲ ਝੁਕ ਕੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਕਿਹਾ। ਤਾਂ ਯੋਆਬ ਬੋਲਿਆ, "ਅੱਜ ਮੈਂ ਜਾਣਦਾ ਹਾਂ ਕਿ ਮੇਰੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੈ ਕਿਉਂ ਕਿ ਮੈਂ ਜੋ ਅਰਜ ਕੀਤੀ ਹੈ ਤੁਸੀਂ ਮੇਰੀ ਬੇਨਤੀ ਪਰਵਾਨ ਕੀਤੀ ਹੈ।"
23 ਤੱਦ ਯੋਆਬ ਉਠਿਆ ਅਤੇ ਗਸੂਰ ਵੱਲ ਗਿਆ ਅਤੇ ਉਥੋਂ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲਿਆਣ ਲਈ ਗਿਆ।
24 ਪਰ ਦਾਊਦ ਪਾਤਸ਼ਾਹ ਨੇ ਕਿਹਾ, "ਅਬਸ਼ਲੋਮ ਆਪਣੇ ਘਰ ਵਾਪਸ ਜਾ ਸਕਦਾ ਹੈ, ਪਰ ਉਹ ਇੱਥੇ ਮੇਰੇ ਕੋਲ ਨਹੀਂ ਆ ਸਕਦਾ!"
25 ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਵੀ ਅਬਸ਼ਾਲੋਮ ਦੇ ਸਮਾਨ ਸੁਹਪ੍ਪਣ ਵਿੱਚ ਉਸਤਤ ਯੋਗ ਨਹੀਂ ਸੀ ਕਿਉਂ ਕਿ ਸਿਰ ਤੋਂ ਲੈਕੇ ਪੈਰਾਂ ਤੀਕ ਉਸਦੇ ਵਿੱਚ ਕੋਈ ਵੀ ਕਾਣ ਨਹੀਂ ਸੀ।
26 ਸਾਲ ਦੇ ਅਖੀਰ ਵਿੱਚ, ਅਬਸ਼ਾਲੋਮ ਆਪਣੇ ਸਿਰ ਦੇ ਵਾਲ ਮੁਂਨਦਾ ਸੀ ਅਤੇ ਉਨ੍ਹਾਂ ਨੂੰ ਤੋਲਦਾ ਸੀ ਤਾਂ ਉਨ੍ਹਾਂ ਮੁੰਨੇ ਵਾਲਾਂ ਦਾ ਭਾਰ ਕੋਈ ਪੰਜ ਪੌਂਡ ਦੇ ਕਰੀਬ ਹੁੰਦਾ ਸੀ।
27 ਅਬਸ਼ਾਲੋਮ ਦੇ ਘਰ ਤਿੰਨ ਪੁੱਤਰ ਅਤੇ ਇੱਕ ਧੀ ਪੈਦਾ ਹੋਈ। ਇਸ ਕੁੜੀ ਦਾ ਨਾਂ ਉਸ ਤਾਮਾਰ ਰੱਖਿਆ ਜੋ ਕਿ ਬੜੀ ਸੋਹਣੀ ਔਰਤ ਸੀ।
28 ਅਬਸ਼ਾਲੋਮ ਯਰੂਸ਼ਲਮ ਵਿੱਚ ਪੂਰੇ ਦੋ ਵਰ੍ਹੇ ਰਿਹਾ ਪਰ ਉਨ੍ਹਾਂ ਦੋ ਵਰ੍ਹਿਆਂ ਵਿੱਚ ਉਸਨੂੰ ਪਾਤਸ਼ਾਹ ਦਾਊਦ ਨੂੰ ਮਿਲਣ ਦੀ ਆਗਿਆ ਨਹੀਂ ਸੀ।
29 ਅਬਸ਼ਾਲੋਮ ਨੇ ਯੋਆਬ ਵੱਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯੋਆਬ ਨੂੰ ਆਖਿਆ, ਕਿ ਅਬਸ਼ਾਲੋਮ ਨੂੰ ਪਾਤਸ਼ਾਹ ਨਾਲ ਮਿਲਾ ਦੇ। ਪਰ ਯੋਆਬ ਅਬਸ਼ਾਲੋਮ ਕੋਲ ਨਾ ਆਇਆ। ਅਬਸ਼ਾਲੋਮ ਨੇ ਦੂਜੀ ਵਾਰ ਫ਼ੇਰ ਉਸਨੂੰ ਸੰਦੇਸ਼ ਭੇਜਿਆ। ਪਰ ਯੋਆਬ ਨੇ ਫ਼ੇਰ ਵੀ ਆਉਣ ਤੇ ਮਿਲਣ ਤੋਂ ਇਨਕਾਰ ਕੀਤਾ।
30 ਤੱਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਕਿਹਾ, "ਵੇਖੋ! ਯੋਆਬ ਦੀ ਪੈਲੀ ਮੇਰੀ ਪੈਲੀ ਦੇ ਨਾਲ ਲੱਗਦੀ ਹੈ। ਉਸ ਦੀ ਪੈਲੀ ਵਿੱਚ ਬਾਜ਼ਰਾ ਉਗਿਆ ਹੋਇਆ ਹੈ, ਤੁਸੀਂ ਜਾਵੋ ਅਤੇ ਉਸਦੀ ਪੈਲੀ 'ਚ ਅੱਗ ਲਾ ਦੇਵੋ।"ਤਾਂ ਅਬਸ਼ਾਲੋਮ ਦੇ ਸੇਵਕਾਂ ਨੇ ਯੋਆਬ ਦੀ ਪੈਲੀ ਨੂੰ ਅੱਗ ਲਾ ਦਿੱਤੀ।
31 ਯੋਆਬ ਉਠਿਆ ਤਾਂ ਅਬਸ਼ਾਲੋਮ ਦੇ ਘਰ ਵੱਲ ਆਇਆ ਅਤੇ ਆਕੇ ਉਸਨੇ ਅਬਸ਼ਾਲੋਮ ਨੂੰ ਕਿਹਾ, "ਤੇਰੇ ਸੇਵਕਾਂ ਨੇ ਮੇਰੀ ਪੈਲੀ ਨੂੰ ਅੱਗ ਕਿਉਂ ਲਗਾਈ?"
32 ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, "ਮੈਂ ਤੇਰੇ ਵੱਲ ਸੁਨਿਹਾ ਭੇਜਿਆ। ਮੈਂ ਤੈਨੂੰ ਇੱਥੇ ਆਉਣ ਲਈ ਆਖਿਆ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਣਾ ਚਾਹੁੰਦਾ ਸੀ ਕਿਉਂ ਕਿ ਮੈਂ ਤੈਨੂੰ ਪਾਤਸ਼ਾਹ ਕੋਲ ਭੇਜਕੇ ਇਹ ਪੁੱਛਣਾ ਚਾਹੁੰਦਾ ਸੀ ਕਿ ਉਸਨੇ ਮੈਨੂੰ ਗਸ਼ੂਰ ਤੋਂ ਘਰ ਵਾਪਸ ਕਿਉਂ ਸਦਿਆ ਸੀ। ਜੇਕਰ ਮੈਂ ਉਸਨੂੰ ਵੇਖ ਹੀ ਨਹੀਂ ਸਕਦਾ ਤਾਂ ਇਸ ਤੋਂ ਤਾਂ ਚੰਗਾ ਹੀ ਸੀ ਕਿ ਮੈਂ ਗਸ਼ੂਰ ਵਿੱਚ ਹੀ ਰਹਿੰਦਾ। ਇਸ ਲਈ ਹੁਣ ਤੂੰ ਮੈਨੂੰ ਪਾਤਸ਼ਾਹ ਨੂੰ ਵੇਖਣ ਦੀ ਆਗਿਆ ਲੈਕੇ ਦੇ। ਜੇਕਰ ਮੈਂ ਕੋਈ ਪਾਪ ਕੀਤਾ ਹੋਵੇ ਤਾਂ ਉਹ ਭਾਵੇਂ ਮੈਨੂੰ ਵੱਢ ਸੁੱਟੇ।"
33 ਤੱਦ ਯੋਆਬ ਨੇ ਪਾਤਸ਼ਾਹ ਕੋਲ ਜਾਕੇ ਉਸਨੂੰ ਅਬਸ਼ਾਲੋਮ ਦੀ ਕਹੀ ਗੱਲ ਆਖੀ ਤਾਂ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਬੁਲਾਇਆ। ਅਬਸ਼ਾਲੋਮ ਪਾਤਸ਼ਾਹ ਕੋਲ ਆਇਆ। ਅਬਸ਼ਾਲੋਮ ਨੇ ਝੁਕ ਕੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਚੁੰਮਿਆ।