ਕਾਂਡ 6
1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਕੋਈ ਆਦਮੀ ਜਾਂ ਔਰਤ ਸ਼ਾਇਦ ਕੁਝ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਹੋਣਾ ਚਾਹੇ। ਵੱਖ ਹੋਣ ਦਾ ਇਹ ਖਾਸ ਸਮਾਂ ਉਸ ਬੰਦੇ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਯਹੋਵਾਹ ਦੇ ਲਈ ਸਮਰਪਿਤ ਹੋਣ ਦੀ ਇਜਾਜ਼ਤ ਦਿੰਦਾ ਹੈ। ਉਹ ਬੰਦਾ ਨਜ਼ੀਰ ਸਦਿਆ ਜਾਵੇਗਾ।
3 ਉਸ ਸਮੇਂ ਦੌਰਾਨ, ਉਸ ਬੰਦੇ ਨੂੰ ਮੈਅ ਜਾਂ ਇਹੋ ਜਿਹੀ ਹੋਰ ਮੈਅ ਨਹੀਂ ਪੀਣੀ ਚਾਹੀਦੀ ਉਸ ਬੰਦੇ ਨੂੰ ਸਿਰਕਾ ਵੀ ਨਹੀਂ ਪੀਣਾ ਚਾਹੀਦਾ ਜਿਹੜਾ ਮੈਅ ਜਾਂ ਕਿਸੇ ਇਹੋ ਜਿਹੀ ਹੋਰ ਚੀਜ਼ ਤੋਂ ਤਿਆਰ ਕੀਤਾ ਜਾਂਦਾ ਹੈ। ਉਸ ਬੰਦੇ ਨੂੰ ਅੰਗੂਰਾ ਦਾ ਰਸ ਨਹੀਂ ਪੀਣਾ ਚਾਹੀਦਾ। ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ।
4 ਉਸ ਬੰਦੇ ਨੂੰ ਵੱਖ ਹੋਣ ਦੇ ਇਸ ਖਾਸ ਸਮੇਂ ਦੌਰਾਨ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜਿਹੜੀ ਅੰਗੂਰਾ ਤੋਂ ਤਿਆਰ ਹੁੰਦੀ ਹੈ। ਉਸ ਬੰਦੇ ਨੂੰ ਅੰਗੂਰਾ ਦੇ ਬੀਜ ਜਾਂ ਉਨ੍ਹਾਂ ਦਾ ਛਿਲਕਾ ਵੀ ਨਹੀਂ ਖਾਣਾ ਚਾਹੀਦਾ।
5 “ਵੱਖ ਹੋਣ ਦੇ ਇਸ ਸਮੇਂ ਦੌਰਾਨ, ਉਸ ਬੰਦੇ ਦੇ ਸਿਰ ਨੂੰ ਉਸਤਰਾ ਨਹੀਂ ਲੱਗਣਾ ਚਾਹੀਦਾ। ਵੱਖ ਹੋਣ ਦਾ ਇਹ ਸਮਾਂ ਖਤਮ ਹੋਣ ਤੀਕ ਉਸਨੂੰ ਆਪਣੇ ਇਕਰਾਰ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ। ਉਸਨੂੰ ਆਪਣੇ ਵਾਲ ਵਧਾਉਣੇ ਚਾਹੀਦੇ ਹਨ। ਉਸਦੇ ਵਾਲ ਪਰਮੇਸ਼ੁਰ ਨਾਲ ਉਸਦੇ ਇਕਰਾਰ ਦਾ ਖਾਸ ਹਿੱਸਾ ਹਨ। ਉਸਨੂੰ ਆਪਣੇ ਵਾਲਾਂ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨਾ ਚਾਹੀਦਾ।
6 “ਇੱਕ ਨਜ਼ੀਰ ਨੂੰ ਵੱਖ ਹੋਣ ਦੇ ਖਾਸ ਸਮੇਂ ਦੌਰਾਨ ਕਦੇ ਵੀ ਮੁਰਦਾ ਜਿਸਮ ਦੇ ਨੇੜੇ ਨਹੀਂ ਜਾਣਾ ਚਾਹੀਦਾ। ਕਿਉਂਕਿ ਉਸ ਬੰਦੇ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪਿਆ ਹੋਇਆ ਹੈ।
7 ਜੇ ਭਾਵੇਂ ਉਸਦਾ ਆਪਣਾ ਪਿਤਾ, ਮਾਂ ਭਰਾ ਜਾਂ ਭੈਣ ਵੀ ਮਰ ਜਾਵੇ, ਉਸਨੂੰ ਉਨ੍ਹਾਂ ਨੂੰ ਨਹੀਂ ਛੂਹਣਾ ਚਾਹੀਦਾ। ਇਸ ਨਾਲ ਉਹ ਅਪਵਿੱਤਰ ਹੋ ਜਾਵੇਗਾ। ਉਸਨੂੰ ਇਹ ਜ਼ਰੂਰ ਦਰਸਾਉਣਾ ਚਾਹੀਦਾ ਹੈ ਕਿ ਉਹ ਵੱਖ ਹੋ ਗਿਆ ਹੈ ਅਤੇ ਉਸਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸੌਂਪ ਦਿੱਤਾ ਹੈ।
8 ਉਸਦੇ ਵੱਖ ਹੋਣ ਦੇ ਪੂਰੇ ਸਮੇਂ ਦੌਰਾਨ ਉਹ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪ ਰਿਹਾ ਹੁੰਦਾ ਹੈ।
9 ਹੋ ਸਕਦਾ ਹੈ ਕਿ ਨਜ਼ੀਰ ਕਿਸੇ ਅਜਿਹੇ ਬੰਦੇ ਦੇ ਨਾਲ ਹੈ ਜਿਹੜਾ ਅਚਾਨਕ ਮਰ ਜਾਂਦਾ ਹੈ। ਜੇ ਉਹ ਨਜ਼ੀਰ ਉਸ ਮੁਰਦਾ ਬੰਦੇ ਨੂੰ ਛੂੰਹਦਾ ਹੈ ਤਾਂ ਉਹ ਅਪਵਿੱਤਰ ਹੋ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਨਜ਼ੀਰ ਨੂੰ ਆਪਣਾ ਸਿਰ ਮੁਨਾ ਲੈਣਾ ਚਾਹੀਦਾ ਹੈ। (ਉਹ ਵਾਲ ਉਸਦੇ ਖਾਸ ਇਕਰਾਰ ਦਾ ਹਿੱਸਾ ਸਨ।) ਉਸਨੂੰ ਆਪਣੇ ਵਾਲ ਸੱਤਵੇਂ ਦਿਨ ਮੁਨਾ ਲੈਣੇ ਚਾਹੀਦੇ ਹਨ, ਕਿਉਂਕਿ ਉਸ ਦਿਨ ਉਹ ਪਵਿੱਤਰ ਬਣਾਇਆ ਜਾਵੇਗਾ।
10 ਫ਼ੇਰ
8 ਵੇਂ ਦਿਨ ਉਸ ਨਜ਼ੀਰ ਨੂੰ ਦੋ ਕਬੂਤਰੀਆ ਅਤੇ ਦੋ ਜਵਾਨ ਕਬੂਤਰ ਜਾਜਕ ਕੋਲ ਲੈਕੇ ਆਉਣਾ ਚਾਹੀਦਾ ਹੈ। ਉਸਨੂੰ ਇਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਨੂੰ ਦੇ ਦੇਣੇ ਚਾਹੀਦੇ ਹਨ।
11 ਫ਼ੇਰ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਭੇਟ ਕਰੇਗਾ। ਉਹ ਦੂਸਰੇ ਨੂੰ ਹੋਮ ਦੀ ਭਟ ਵਜੋਂ ਭੇਟ ਕਰੇਗਾ। ਹੋਮ ਦੀ ਭੇਟ ਨਜ਼ੀਰ ਦੇ ਪਾਪ ਦਾ ਇਵਜ਼ਾਨਾ ਹੋਵੇਗਾ। (ਉਸਨੇ ਪਾਪ ਕੀਤਾ ਸੀ ਕਿਉਂਕਿ ਉਹ ਇੱਕ ਮੁਰਦਾ ਬੰਦੇ ਦੇ ਨੇੜੇ ਸੀ।) ਉਸ ਸਮੇਂ, ਉਹ ਵਿਅਕਤੀ ਇੱਕ ਵਾਰ ਫ਼ੇਰ ਆਪਣੇ ਸਿਰ ਦੇ ਵਾਲਾ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨ ਦਾ ਇਕਰਾਰ ਕਰੇਗਾ।
12 ਇਸਦਾ ਮਤਲਬ ਇਹ ਹੈ ਕਿ ਉਹ ਬੰਦਾ ਯਹੋਵਾਹ ਦੀ ਸੇਵਾ ਵਿੱਚ ਇੱਕ ਵਾਰ ਲਈ ਫ਼ੇਰ ਆਪਣੇ ਵੱਖ ਹੋਣ ਦੇ ਸਮੇਂ ਦਾ ਪਾਲਣ ਕਰੇਗਾ। ਉਸਨੂੰ ਇੱਕ ਸਾਲ ਦਾ ਲੇਲਾ ਲਿਆਕੇ ਇਸਨੂੰ ਆਪਣੇ ਪਾਪ ਲਈ ਬਲੀ ਵਜੋਂ ਚੜਾਉਣਾ ਚਾਹੀਦਾ। ਉਹ ਸਾਰੇ ਦਿਨ ਜਦੋਂ ਉਹ ਵੱਖ ਕੀਤਾ ਗਿਆ ਸੀ ਭੁਲਾ ਦਿੱਤੇ ਜਾਣਗੇ। ਉਸਨੂੰ ਆਪਣਾ ਵੱਖ ਹੋਣ ਦਾ ਸਮਾਂ ਇੱਕ ਵਾਰੇ ਫ਼ੇਰ ਸ਼ੁਰੂ ਕਰਨਾ ਚਾਹੀਦਾ ਹੈ।
13 “ਜਦੋਂ ਵੱਖ ਹੋਣ ਦਾ ਇਹ ਸਮਾਂ ਖਤਮ ਹੋਵੇ, ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇੱਕ ਭੇਟ ਲਿਆਉਣੀ ਚਾਹੀਦੀ ਹੈ।
14 ਉਸ ਨੂੰ ਆਪਣੀਆਂ ਸੁਗਾਤਾ ਯਹੋਵਾਹ ਨੂੰ ਭੇਟ ਕਰਨੀਆਂ ਚਾਹੀਦੀਆਂ ਹਨ:
15 ਪਤੀਰੀ ਰੋਟੀ ਦੀ ਇੱਕ ਟੋਕਰੀ (ਤੇਲ ਮਿਲੇ ਬਰੀਕ ਆਟੇ ਦੀਆਂ ਰੋਟੀਆਂ।) ਇਨ੍ਹਾਂ ਰੋਟੀਆਂ ਉੱਤੇ ਤੇਲ ਜ਼ਰੂਰ ਲਾਇਆ ਜਾਵੇਗਾ।
16 “ਜਾਜਕ ਇਹ ਚੀਜ਼ਾ ਯਹੋਵਾਹ ਨੂੰ ਅਰਪਨ ਕਰੇਗਾ। ਅਤੇ ਫ਼ੇਰ ਜਾਜਕ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਤਿਆਰ ਕਰੇਗਾ।
17 ਜਾਜਕ ਪਤੀਰੀ ਰੋਟੀ ਦੀ ਟੋਕਰੀ ਯਹੋਵਾਹ ਨੂੰ ਭੇਟ ਕਰੇਗਾ। ਫ਼ੇਰ ਉਹ ਸੁਖ-ਸਾਂਦ ਦੀ ਭੇਟ ਵਜੋਂ ਭੇਡੂ ਨੂੰ ਜ਼ਿਬਾਹ ਕਰੇਗਾ ਅਤੇ ਇਸਨੂੰ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਚੜਾਵੇਗਾ।
18 “ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਵੱਲ ਜਾਣਾ ਚਾਹੀਦਾ ਹੈ। ਉਥੇ ਉਸਨੂੰ ਆਪਣੇ ਵਾਲ ਜ਼ਰੂਰ ਮਨਾਉਣੇ ਚਾਹੀਦੇ ਹਨ ਜਿਹੜੇ ਉਸਨੇ ਯਹੋਵਾਹ ਲਈ ਵਧਾਏ ਸਨ। ਉਹ ਵਾਲ ਉਸ ਅੱਗ ਵਿੱਚ ਸੁੱਟੇ ਜਾਣਗੇ ਜਿਹੜੀ ਸੁੱਖ-ਸਾਂਦ ਦੀ ਭੇਟ ਦੇ ਹੇਠਾ ਬਲ ਰਹੀ ਹੋਵੇਗੀ।
19 “ਜਦੋਂ ਨਜ਼ੀਰ ਆਪਣੇ ਵਾਲ ਮੁਨਾ ਲਵੇ, ਤਾਂ ਜਾਜਕ ਉਸਨੂੰ ਭੇਡੂ ਦਾ ਉਬਾਲਿਆ ਹੋਇਆ ਕੰਧਾ ਦੇਵੇਗਾ ਅਤੇ ਟੋਕਰੀ ਵਿੱਚੋਂ ਇੱਕ ਛੋਟਾ ਅਤੇ ਵੱਡਾ ਟੁਕੜਾ ਦੇਵੇਗਾ। ਇਹ ਦੋਵੇਂ ਟੁਕੜੇ ਖਮੀਰ ਤੋਂ ਬਿਨਾ ਬਣੇ ਹਨ।
20 ਫ਼ੇਰ ਜਾਜਕ ਇਨ੍ਹਾਂ ਚੀਜ਼ਾਂ ਨੂੰ ਯਹੋਵਾਹ ਅੱਗੇ ਹਿਲਾਵੇਗਾ ਇਹ ਹਿਲਾਉਣ ਦੀ ਭੇਟ ਹੈ ਇਹ ਚੀਜ਼ਾਂ ਪਵਿੱਤਰ ਹਨ ਅਤੇ ਜਾਜਕ ਦੀਆਂ ਹਨ। ਅਤੇ ਭੇਡੂ ਦਾ ਸੀਨਾ ਅਤੇ ਪੱਟ ਯਹੋਵਾਹ ਅੱਗੇ ਹਿਲਾਏ ਜਾਣਗੇ। ਇਹ ਚੀਜ਼ਾਂ ਯਾਜਕ ਦੀਆਂ ਹਨ। ਇਸਤੋਂ ਬਾਦ ਨਜ਼ੀਰ ਮੈਅ ਪੀ ਸਕਦਾ ਹੈ।
21 “ਇਹ ਬਿਧੀਆਂ ਉਸ ਬੰਦੇ ਲਈ ਹਨ ਜਿਹੜਾ ਨਜ਼ੀਰ ਦਾ ਇਕਰਾਰ ਕਰਨ ਦਾ ਨਿਰਣਾ ਕਰਦਾ ਹੈ ਉਸ ਬੰਦੇ ਨੂੰ ਯਹੋਵਾਹ ਨੂੰ ਉਹ ਸਾਰੀਆਂ ਸੁਗਾਤਾ ਦੇਣੀਆਂ ਚਾਹੀਦੀਆਂ ਹਨ। ਪਰ ਹੋ ਸਕਦਾ ਹੈ ਕਿ ਕੋਈ ਬੰਦਾ ਇਸ ਨਾਲੋਂ ਬਹੁਤ ਵੱਧ ਯਹੋਵਾਹ ਨੂੰ ਦੇ ਸਕਦਾ ਹੋਵੇ। ਜੇ ਕੋਈ ਬੰਦਾ ਵਧੇਰੇ ਕਰਨ ਦਾ ਇਕਰਾਰ ਕਰਦਾ ਹੈ ਤਾਂ ਉਸਨੂੰ ਆਪਣਾ ਇਕਰਾਰ ਪੂਰਾ ਕਰਨਾ ਚਾਹੀਦਾ ਹੈ। ਪਰ ਉਸਨੂੰ ਚਾਹੀਦਾ ਹੈ ਕਿ ਘੱਟੋ-ਘੱਟ ਉਹ ਚੀਜ਼ਾਂ ਜ਼ਰੂਰ ਦੇਵੇ ਜਿਹੜੀਆਂ ਨਜ਼ੀਰ ਦੇ ਇਕਰਾਰ ਦੀਆਂ ਬਿਧੀਆਂ ਦੀ ਸੂਚੀ ਵਿੱਚ ਦਰਜ ਹਨ।
22 ਯਹੋਵਾਹ ਨੇ ਮੂਸਾ ਨੂੰ ਆਖਿਆ,
23 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਆਖ ਕਿ ਇਹ ਤਰੀਕਾ ਹੈ ਜਿਸਦੇ ਅਨੁਸਾਰ ਉਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੂੰ ਅਸੀਸ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਆਖਣਾ ਚਾਹੀਦਾ ਹੈ:
24 ਯਹੋਵਾਹ ਤੁਹਾਨੂੰ ਅਸੀਸ, ਦੇਵੇ ਅਤੇ ਤੁਹਾਨੂੰ ਰੱਖੇ।
25 ਯਹੋਵਾਹ ਤੁਹਾਡੇ ਉੱਪਰ ਮਿਹਰਬਾਨ ਹੋਵੇਅਤੇ ਆਪਣੀ ਮਿਹਰ ਦਰਸਾਵੇ।
26 ਯਹੋਵਾਹ ਤੁਹਾਡੇ ਉੱਤੇ ਕਿਰਪਾ ਦ੍ਰਿਸ਼ਟੀ ਨਾਲ ਵੇਖੇਅਤੇ ਤੁਹਾਨੂੰ ਸ਼ਾਂਤੀ ਦੇਵੇ।”
27 ਫ਼ੇਰ ਯਹੋਵਾਹ ਨੇ ਆਖਿਆ, “ਇਸ ਤਰ੍ਹਾਂ, ਹਾਰੂਨ ਅਤੇ ਉਸਦੇ ਪੁੱਤਰ ਇਸਰਾਏਲ ਦੇ ਲੋਕਾਂ ਨੂੰ ਅਸੀਸਾਂ ਦੇਣ ਲਈ ਮੇਰੇ ਨਾਮ ਦੀ ਵਰਤੋਂ ਕਰਨਗੇ। ਅਤੇ ਮੈਂ ਉਨ੍ਹਾਂ ਨੂੰ ਅਸੀਸ ਦੇਵਾਂਗਾ।”