੧ ਯੂਹੰਨਾ

ਕਾਂਡ : 1 2 3 4 5


ਕਾਂਡ 5

1 ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ। ਉਹ ਪਰਮੇਸ਼ੁਰ ਦੇ ਬੱਚੇ ਹਨ। ਜਿਹੜਾ ਵਿਅਕਤੀ ਪਿਤਾ ਨੂੰ ਪਿਆਰ ਕਰਦਾ ਹੈ, ਉਹ ਉਸਦੇ ਬਚਿਆਂ ਨੂੰ ਵੀ ਪਿਆਰ ਕਰਦਾ ਹੈ।
2 ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਿਆਂ ਨੂੰ ਪਿਆਰ ਕਰਦੇ ਹਾਂ? ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਾਂ।
3 ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ।
4 ਕਿਉਂ? ਕਿਉਂਕਿ ਹਰ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦਾ ਬੱਚਾ ਹੈ ਦੁਨੀਆਂ ਨੂੰ ਜਿੱਤ ਲੈਣ ਦੀ ਸ਼ਕਤੀ ਰਖਦਾ ਹੈ।
5 ਇਹ ਸਾਡੀ ਨਿਹਚਾ ਹੀ ਹੈ ਜਿਸਨੇ ਦੁਨੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਉਹ ਵਿਅਕਤੀ ਕਿਹੜਾ ਹੈ ਜਿਹੜਾ ਦੁਨੀਆਂ ਨੂੰ ਜਿੱਤਦਾ ਹੈ? ਸਿਰਫ਼ ਉਹੀ ਵਿਅਕਤੀ ਜਿਹੜਾ ਇਹ ਵਿਸ਼ਵਾਸ ਰੱਖਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।
6 ਯਿਸੂ ਮਸੀਹ ਹੀ ਇੱਕ ਹੈ ਜਿਹੜਾ ਪਾਣੀ ਅਤੇ ਖੂਨ ਨਾਲ ਆਇਆ; ਉਹ ਸਿਰਫ਼ ਪਾਣੀ ਰਾਹੀਂ ਹੀ ਨਹੀਂ ਆਇਆ ਸਗੋਂ ਪਾਣੀ ਅਤੇ ਲਹੂ ਨਾਲ ਆਇਆ। ਅਤੇ ਆਤਮਾ ਸਾਨੂੰ ਦੱਸਦਾ ਹੈ ਕਿ ਇਹ ਸੱਚ ਹੈ। ਆਤਮਾ ਹੀ ਸੱਚ ਹੈ।
7 ਇਹ ਤਿੰਨ ਪ੍ਰਮਾਣ ਹਨ ਜਿਹੜੇ ਸਾਨੂੰ ਯਿਸੂ ਬਾਰੇ ਦੱਸਦੇ ਹਨ।
8 ਆਤਮਾ, ਪਾਣੀ ਅਤੇ ਖੂਨ ਇਹ ਤਿੰਨ ਪ੍ਰਮਾਣ ਇੱਕ ਦੂਸਰੇ ਨਾਲ ਮਿਲਦੇ ਹਨ।
9 ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦਸਿਆ।
10 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿਧ ਕਰਦਾ ਹੈ। ਕਿਉਂ? ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ।
11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਵੀ ਜੀਵਨ ਦਿੱਤਾ ਹੈ। ਅਤੇ ਇਹ ਅਮਰ ਜੀਵਨ ਉਸਦੇ ਪੁੱਤਰ ਵਿੱਚ ਹੈ।
12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ।
13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸਕੇ ਕਿ ਅਮਰ ਜੀਵਨ ਤੁਹਾਡਾ ਹੈ।
14 ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਆ ਸਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।
15 ਇਸ ਲਈ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਉਸ ਪਾਸੋਂ ਕੁਝ ਮੰਗਦੇ ਹਾਂ, ਉਹ ਸਾਨੂੰ ਸੁਣਦਾ ਹੈ। ਤਾਂ ਸਾਨੂੰ ਪਤਾ ਹੈ ਕਿ ਉਹ ਸਾਨੂੰ ਉਹ ਦਿੰਦਾ ਹੈ ਜੋ ਅਸੀਂ ਉਸ ਪਾਸੋਂ ਮੰਗਦੇ ਹਾਂ।
16 ਜੇਕਰ ਕੋਈ ਇਹ ਵੇਖਦਾ ਹੈ ਕਿ ਉਸਦਾ ਭਰਾ ਜਾਂ ਭੈਣ ਕੋਈ ਅਜਿਹਾ ਪਾਪ ਕਰ ਰਿਹਾ ਹੈ ਜੋ ਉਸਨੂੰ ਮੌਤ ਵੱਲ ਨਹੀਂ ਲਿਜਾਂਦਾ, ਫ਼ੇਰ ਉਸਨੂੰ ਆਪਣੇ ਭਰਾ ਜਾਂ ਭੈਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਉਸਨੂੰ ਜੀਵਨ ਪ੍ਰਦਾਨ ਕਰੇਗਾ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਪਾਪ ਕਰਦੇ ਹਨ ਪਰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮੌਤ ਯੋਗ ਨਹੀਂ ਹੈ। ਇਥੇ ਅਜਿਹੇ ਪਾਪ ਜਿਹੜੇ ਸਜ਼ਾ ਦੇ ਤੌਰ ਤੇ ਮੌਤ ਵਿੱਚ ਮੁਕਦੇ ਹਨ। ਮੈਂ ਤੁਹਾਨੂੰ ਇਸ ਪਾਪ ਬਾਰੇ ਪ੍ਰਾਰਥਨਾ ਕਰਨ ਲਈ ਨਹੀਂ ਕਹਿ ਰਿਹਾ।
17 ਕੁਝ ਬੁਰਾ ਕਰਨਾ ਹਮੇਸ਼ਾ ਪਾਪ ਹੈ। ਪਰ ਅਜਿਹੇ ਪਾਪ ਵੀ ਹਨ ਜਿਹੜੇ ਸਦੀਵੀ ਮੌਤ ਵੱਲ ਨਹੀਂ ਲਿਜਾਂਦੇ।
18 ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਦਾ ਬੱਚਾ ਬਣ ਗਿਆ ਹੈ ਉਹ ਪਾਪ ਕਰਨਾ ਜਾਰੀ ਨਹੀਂ ਰਖਦਾ। ਪਰਮੇਸ਼ੁਰ ਦਾ ਪੁੱਤਰ ਉਸਨੂੰ ਸੁਰਖਿਅਤ ਰਖਦਾ ਹੈ, ਅਤੇ ਦੁਸ਼ਟ (ਸ਼ੈਤਾਨ) ਅਜਿਹੇ ਵਿਅਕਤੀ ਨੂੰ ਹਾਨੀ ਨਹੀਂ ਪਹੁੰਚਾ ਸਕਦਾ।
19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਲੋਕ ਹਾਂ ਪਰ ਦੁਸ਼ਟ (ਸ਼ੈਤਾਨ) ਸਾਰੀ ਦੁਨੀਆਂ ਨੂੰ ਨਿਯਂਤ੍ਰਣ ਵਿੱਚ ਰਖਦਾ ਹੈ।
20 ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆ ਚੁਕਿਆ ਹੈ ਅਤੇ ਸਾਨੂੰ ਸਿਆਣਪ ਦਿੱਤੀ ਹੈ ਤਾਂ ਜੋ ਹੁਣ ਅਸੀਂ ਉਸ ਇੱਕ ਸੱਚੇ ਨੂੰ ਜਾਣ ਸਕਦੇ ਹਾਂ। ਅਤੇ ਅਸਲ ਵਿੱਚ ਸਾਡੀਆਂ ਜ਼ਿੰਦਗੀਆਂ ਉਸ ਇੱਕ ਸੱਚੇ ਵਿੱਚ ਹਨ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਉਹੀ ਅਮਰ ਜੀਵਨ ਹੈ।
21 ਇਸ ਲਈ ਮੇਰੇ ਬਚਿਓ, ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਦੂਰ ਰਖੋ।