੧ ਯੂਹੰਨਾ

ਕਾਂਡ : 1 2 3 4 5


ਕਾਂਡ 3

1 ਪਿਤਾ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ। ਇਸ ਲਈ ਸਾਨੂੰ ਪਰਮੇਸ਼ੁਰ ਦੇ ਬੱਚੇ ਆਖਿਆ ਜਾਂਦਾ ਹੈ। ਅਤੇ ਅਸੀਂ ਸੱਚਮੁਚ ਪਰਮੇਸ਼ੁਰ ਦੇ ਬੱਚੇ ਹਾਂ। ਪਰ ਦੁਨੀਆਂ ਦੇ ਲੋਕ ਨਹੀਂ ਸਮਝਦੇ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ।
2 ਪਿਆਰੇ ਮਿੱਤਰੋ, ਅਸੀਂ ਹੁਣ ਪਰਮੇਸ਼ੁਰ ਦੇ ਬੱਚੇ ਹਾਂ। ਹਾਲੇ ਸਾਨੂੰ ਇਹ ਨਹੀਂ ਦਸਿਆ ਗਿਆ ਕਿ ਅਸੀਂ ਭਵਿਖ੍ਖ ਵਿੱਚ ਕੀ ਹੋਵਾਂਗੇ, ਪਰ ਸਾਨੂੰ ਪਤਾ ਹੈ ਜਦੋਂ ਮਸੀਹ ਵਾਪਸ ਆਵੇਗਾ, ਅਸੀਂ ਉਸ ਵਰਗੇ ਹੋਵਾਂਗੇ। ਅਸੀਂ ਉਸਨੂੰ ਓਸੇ ਰੂਪ ਵਿੱਚ ਦੇਖਾਂਗੇ ਜੋ ਉਹ ਅਸਲ ਵਿੱਚ ਹੈ।
3 ਮਸੀਹ ਪਵਿੱਤਰ ਹੈ। ਹਰ ਵਿਅਕਤੀ ਜਿਸਨੂੰ ਮਸੀਹ ਵਿੱਚ ਇਹ ਆਸ ਹੈ ਉਹ ਆਪਣੇ ਆਪ ਨੂੰ ਮਸੀਹ ਵਾਂਗ ਸ਼ੁਧ ਬਣਾ ਲੈਂਦਾ ਹੈ।
4 ਜਦੋਂ ਕੋਈ ਵਿਅਕਤੀ ਪਾਪ ਕਰਦਾ ਹੈ। ਤਾਂ ਉਹ ਪਰਮੇਸ਼ੁਰ ਦਾ ਨੇਮ ਤੋੜਦਾ ਹੈ। ਹਾਂ, ਪਾਪ ਕਰਨਾ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪਰਮੇਸ਼ੁਰ ਦੇ ਨੇਮ ਵਿਰੁੱਧ ਜਿਉਣਾ।
5 ਤੁਸੀਂ ਜਾਣਦੇ ਹੋ ਕਿ ਮਸੀਹ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਆਇਆ ਸੀ। ਮਸੀਹ ਵਿੱਚ ਕੋਈ ਪਾਪ ਨਹੀਂ ਸੀ।
6 ਇਸ ਲਈ ਜਿਹੜਾ ਵਿਅਕਤੀ ਮਸੀਹ ਵਿੱਚ ਜਿਉਂਦਾ ਹੈ ਉਹ ਪਾਪ ਨਹੀਂ ਕਰਦਾ ਰਹਿੰਦਾ। ਜੇ ਕੋਈ ਵਿਅਕਤੀ ਪਾਪ ਕਰਦਾ ਰਹਿੰਦਾ ਹੈ, ਤਾਂ ਉਸਨੇ ਕਦੇ ਵੀ ਮਸੀਹ ਨੂੰ ਨਹੀਂ ਸਮਝਿਆ ਅਤੇ ਜਾਣਿਆ।
7 ਪਿਆਰੇ ਬਚਿਓ, ਕਿਸੇ ਵੀ ਵਿਅਕਤੀ ਨੂੰ ਇਹ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਗਲਤ ਪਾਸੇ ਪਾ ਸਕੇ। ਮਸੀਹ ਸੱਚਾ ਹੈ। ਉਸ ਵਾਂਗ ਸੱਚਾ ਹੋਣ ਲਈ ਵਿਅਕਤੀ ਨੂੰ ਉਹੀ ਕੁਝ ਕਰਨਾ ਪਵੇਗਾ ਜਿਹੜਾ ਸਹੀ ਹੈ।
8 ਸ਼ੈਤਾਨ ਮੁਢ ਤੋਂ ਹੀ ਪਾਪ ਕਰਦਾ ਆ ਰਿਹਾ ਹੈ, ਅਤੇ ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ ਸ਼ੈਤਾਨ ਨਾਲ ਸੰਬੰਧਿਤ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਆਇਆ; ਸ਼ੈਤਾਨ ਦੇ ਕੰਮ ਨੂੰ ਖਤਮ ਕਰਨ ਲਈ।
9 ਜਦੋਂ ਪਰਮੇਸੁਰ ਕਿਸੇ ਵਿਅਕਤੀ ਨੂੰ ਆਪਣਾ ਬੱਚਾ ਬਣਾਉਂਦਾ ਹੈ ਤਾਂ ਉਹ ਵਿਅਕਤੀ ਪਾਪ ਕਰਦਾ ਨਹੀਂ ਰਹਿ ਸਕਦਾ। ਕਿਉਂ? ਕਿਉਂਕਿ ਜਿਹੜਾ ਨਵਾਂ ਜੀਵਨ ਪਰਮੇਸ਼ੁਰ ਨੇ ਉਸਨੂੰ ਦਿੱਤਾ ਹੈ, ਉਸ ਵਿੱਚ ਰਹਿੰਦਾ ਹੈ। ਇਸ ਲਈ ਉਹ ਵਿਅਕਤੀ ਪਾਪ ਕਰਨਾ ਜਾਰੀ ਨਹੀਂ ਰਖ ਸਕਦਾ। ਕਿਉਂਕਿ ਉਹ ਪਰਮੇਸ਼ੁਰ ਦਾ ਆਪਣਾ ਬੱਚਾ ਬਣ ਗਿਆ ਹੈ।
10 ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਬੱਚੇ ਕਿਹੜੇ ਹਨ। ਅਤੇ ਸ਼ੈਤਾਨ ਦੇ ਬੱਚੇ ਕਿਹੜੇ ਹਨ। ਜਿਹੜੇ ਲੋਕ ਨੇਕ ਕੰਮ ਨਹੀਂ ਕਰਦੇ ਪਰਮੇਸ਼ੁਰ ਦੇ ਬੱਚੇ ਨਹੀਂ ਹੋ ਸਕਦੇ। ਅਤੇ ਜਿਹੜਾ ਵਿਅਕਤੀ ਮਸੀਹ ਵਿੱਚ ਆਪਣੇ ਭਰਾ ਜਾਂ ਭੈਣ ਨੂੰ ਪਿਆਰ ਨਹੀਂ ਕਰਦਾ ਉਹ ਵੀ ਪਰਮੇਸ਼ੁਰ ਦਾ ਬੱਚਾ ਨਹੀਂ ਹੈ।
11 ਇਹੀ ਉਪਦੇਸ਼ ਹੈ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਹੈ; ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ।
12 ਕਇਨ ਵਰਗੇ ਨਾ ਬਣੋ। ਕਇਨ ਦੁਸ਼ਟ (ਸ਼ੈਤਾਨ) ਸੀ। ਕਇਨ ਨੇ ਆਪਣੇ ਭਰਾ ਏਬਲ ਨੂੰ ਮਾਰ ਦਿੱਤਾ। ਕਇਨ ਨੇ ਆਪਣੇ ਭਰਾ ਨੂੰ ਕਿਉਂ ਮਾਰ ਦਿੱਤਾ? ਕਿਉਂਕਿ ਜਿਹੜੀਆਂ ਗੱਲਾਂ ਕੇਨ ਨੇ ਕੀਤੀਆਂ ਮੰਦੀਆਂ ਸਨ, ਪਰ ਜਿਹੜੀਆਂ ਗੱਲਾਂ ਏਬਲ ਨੇ ਕੀਤੀਆਂ ਚੰਗੀਆਂ ਸਨ।
13 ਮੇਰੇ ਭਰਾਵੋ ਅਤੇ ਭੈਣੋ, ਜੇਕਰ ਦੁਨੀਆਂ ਦੇ ਲੋਕ ਤੁਹਾਨੂੰ ਨਫ਼ਰਤ ਕਰਨ ਤਾਂ ਹੈਰਾਨ ਨਾ ਹੋਵੋ।
14 ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਮੌਤ ਨੂੰ ਛੱਡ ਚੁੱਕੇ ਹਾਂ ਅਤੇ ਜੀਵਨ ਵਿੱਚ ਆ ਚੁੱਕੇ ਹਾਂ। ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹਾਂ। ਜਿਹੜੇ ਲੋਕ ਪਿਆਰ ਨਹੀਂ ਕਰਦੇ ਉਹ ਹਾਲੇ ਵੀ ਮੌਤ ਦੇ ਕਬਜ਼ੇ ਹੇਠ ਹਨ।
15 ਹਰੇਕ ਵਿਅਕਤੀ ਜਿਹੜਾ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ, ਇੱਕ ਕਾਤਲ ਹੈ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਕਾਤਲ ਆਪਣੇ ਅੰਦਰ ਸਦੀਵੀ ਜੀਵਨ ਨਹੀਂ ਰਖਦਾ।
16 ਇਵੇਂ ਹੀ ਅਸੀਂ ਜਾਣਦੇ ਹਾਂ ਕਿ ਸੱਚਾ ਪਿਆਰ ਕੀ ਹੈ; ਮਸੀਹ ਨੇ ਸਾਡੇ ਲਈ ਆਪਣੇ ਜੀਵਨ ਦਿੱਤਾ। ਇਸ ਲਈ ਸਾਨੂੰ ਵੀ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਆਪਣਾ ਜੀਵਨ ਦੇਣਾ ਚਾਹੀਦਾ ਹੈ ਜਿਹੜੇ ਮਸੀਹ ਵਿੱਚ ਹਨ।
17 ਫ਼ਰਜ਼ ਕਰੋ ਕਿ ਇੱਕ ਨਿਹਚਾਵਾਨ ਹੈ ਜੋ ਕਿ ਬਹੁਤ ਅਮੀਰ ਹੈ ਅਤੇ ਉਸ ਕੋਲ ਉਹ ਸਭ ਕੁਝ ਹੈ, ਜੋ ਉਸਨੂੰ ਚਾਹੀਦਾ। ਪਰ ਜੇਕਰ ਉਹ ਨਿਹਚਾਵਾਨ ਉਦੋਂ ਹਮਦਰਦੀ ਨਹੀਂ ਵਿਖਾਉਂਦਾ ਜਦੋਂ ਉਹ ਆਪਣੇ ਭਰਾ ਨੂੰ ਵੇਖਦਾ ਹੈ ਜਿਹੜਾ ਗਰੀਬ ਹੈ ਅਤੇ ਆਪਣੀ ਰੋਜ਼ੀ ਦਾ ਲੋੜਵੰਦ ਹੈ, ਉਸ ਨਿਹਚਾਵਾਨ ਦੇ ਦਿਲ ਵਿੱਚ ਪਰਮੇਸ਼ੁਰ ਦਾ ਪਿਆਰ ਹੋਣਾ ਕਿਵੇਂ ਸੰਭਵ ਹੈ।
18 ਮੇਰੇ ਬਚਿਓ, ਸਾਡਾ ਪਿਆਰ ਗੱਲਾਂ ਅਤੇ ਸ਼ਬਦਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਸਾਨੂੰ ਸਚਾ ਪਿਆਰ ਹੋਣਾ ਚਾਹੀਦਾ ਅਤੇ ਸਾਨੂੰ ਇਹ ਅਮਲਾਂ ਰਾਹੀਂ ਦਰਸ਼ਾਉਣਾ ਚਾਹੀਦਾ ਹੈ।
19 ਇਸੇ ਢੰਗ ਨਾਲ ਅਸੀਂ ਜਾਣ ਸਕਦੇ ਹਾਂ ਕਿ ਕੀ ਅਸੀਂ ਸੱਚ ਦੇ ਰਾਹ ਨਾਲ ਸੰਬੰਧਿਤ ਹਾਂ ਜਾਂ ਨਹੀਂ। ਅਤੇ ਜਦੋਂ ਸਾਡਾ ਦਿਲ ਸਾਨੂੰ ਕਸੂਰਵਾਰ ਮਹਿਸੂਸ ਕਰਾਉਂਦਾ ਹੈ, ਤਾਂ ਅਸੀਂ ਹਾਲੇ ਵੀ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਸ਼ਾਂਤੀ ਪਾ ਸਕਦੇ ਹਾਂ। ਕਿਉਂਕਿ ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵਡੇਰਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ।
20
21 ਮੇਰੇ ਪਿਆਰੇ ਮਿੱਤਰੋ, ਜੇਕਰ ਅਸੀਂ ਇਹ ਮਹਿਸੂਸ ਕਰਾਂਗੇ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ, ਤਾਂ ਅਸੀਂ ਜਦੋਂ ਵੀ ਪਰਮੇਸ਼ੁਰ ਕੋਲ ਆਵਾਂਗੇ, ਨਿਡਰ ਹੋਵਾਂਗੇ।
22 ਅਤੇ ਪਰਮੇਸ਼ੁਰ ਸਾਨੂੰ ਉਹ ਚੀਜ਼ਾਂ ਦੇਵੇਗਾ ਜੋ ਅਸੀਂ ਮੰਗਾਂਗੇ। ਸਾਨੂੰ ਇਸ ਲਈ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ ਅਤੇ ਅਸੀਂ ਉਹ ਗੱਲਾਂ ਕਰਦੇ ਹਾਂ ਜਿਨ੍ਹਾਂ ਨਾਲ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ।
23 ਇਹੀ ਹੈ ਜਿਸਦਾ ਪਰਮੇਸ਼ੁਰ ਆਦੇਸ਼ ਦਿੰਦਾ ਹੈ। ਸਾਨੂੰ ਉਸਦੇ ਪੁੱਤਰ ਯਿਸੂ ਮਸੀਹ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਸਾਨੂੰ ਹੁਕਮ ਦਿੱਤਾ ਸੀ।
24 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਆਦੇਸ਼ ਨੂੰ ਮੰਨਦਾ ਹੈ ਉਹ ਪਰਮੇਸ਼ੁਰ ਦੇ ਨਮਿਤ ਜਿਉਂਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਦੇ ਅੰਦਰ ਵਸਦਾ ਹੈ। ਇਹ ਗੱਲ ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਅੰਦਰ ਪਰਮੇਸ਼ੁਰ ਵਸਦਾ ਹੈ? ਇਹ ਗੱਲ ਅਸੀਂ ਉਸ ਆਤਮਾ ਰਾਹੀਂ ਜਾਣਦੇ ਹਾਂ ਜੋ ਸਾਨੂੰ ਪਰਮੇਸ਼ੁਰ ਨੇ ਦਿੱਤਾ ਹੈ।