ਯਾਕੂਬ

ਕਾਂਡ : 1 2 3 4 5


ਕਾਂਡ 3

1 ਮੇਰੇ ਭਰਾਵੋ ਅਤੇ ਭੈਣੋ, ਤੁਹਾਡੇ ਵਿੱਚੋਂ ਬਹੁਤਿਆਂ ਨੂੰ ਉਪਦੇਸ਼ਕ ਬਣਨ ਦੀ ਇੱਛਾ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂਕਿ ਜਿਹੜਾ ਵਿਅਕਤੀ ਉਪਦੇਸ਼ ਦਿੰਦਾ ਹੈ ਉਸਦਾ ਨਿਰਣਾ ਹੋਰ ਵੀ ਕਠੋਰਤਾ ਨਾਲ ਹੋਵੇਗਾ।
2 ਅਸੀਂ ਸਾਰੇ ਹੀ ਬਹੁਤ ਗਲਤੀਆਂ ਕਰਦੇ ਹਾਂ। ਜੇ ਅਜਿਹਾ ਵੀ ਕੋਈ ਹੈ ਜੋ ਆਪਣੀ ਆਖਣੀ ਵਿੱਚ ਗਲਤੀ ਨਹੀਂ ਕਰਦਾ, ਤਾਂ ਉਹ ਵਿਅਕਤੀ ਸੰਪੂਰਣ ਹੋਵੇਗਾ। ਉਹ ਆਪਣੇ ਪੂਰੇ ਸ਼ਰੀਰ ਉੱਪਰ ਕਾਬੂ ਰੱਖਣ ਦੇ ਵੀ ਯੋਗ ਹੋਵੇਗਾ।
3 ਅਸੀਂ ਘੋੜਿਆਂ ਦੇ ਮੂੰਹ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਕਿ ਘੋੜਾਂ ਸਾਡਾ ਕਹਿਣਾ ਸੁਣੇ ਅਤੇ ਮੰਨੇ ਉਨ੍ਹਾਂ ਦੇ ਮੂੰਹਾਂ ਵਿੱਚ ਇਨ੍ਹਾਂ ਲਗਾਮਾਂ ਰਾਹੀਂ ਅਸੀਂ ਉਨ੍ਹਾਂ ਦੇ ਪੂਰੇ ਸ਼ਰੀਰ ਨੂੰ ਕਾਬੂ ਕਰ ਸਕਦੇ ਹਾਂ।
4 ਜਹਾਜ਼, ਬਾਰੇ ਵੀ ਇਵੇਂ ਹੀ ਹੈ। ਇੱਕ ਜਹਾਜ਼ ਬਹੁਤ ਵੱਡਾ ਹੁੰਦਾ ਹੈ ਅਤੇ ਤੇਜ਼ ਹਵਾਵਾਂ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਪਰ ਬਹੁਤ ਛੋਟਾ ਜਿਹਾ ਇੱਕ ਪਤਵਾਰ ਉਸ ਵੱਡੇ ਜਹਾਜ਼ ਨੂੰ ਕਾਬੂ ਵਿੱਚ ਰਖਦਾ ਹੈ। ਜਿਹੜਾ ਵਿਅਕਤੀ ਉਸ ਪਤਵਾਰ ਨੂੰ ਕਾਬੂ ਵਿੱਚ ਰਖਦਾ ਹੈ ਉਹੀ ਨਿਰਣਾ ਕਰਦਾ ਹੈ ਕਿ ਜਹਾਜ਼ ਕਿਧਰ ਜਾਵੇਗਾ। ਜਹਾਜ਼ ਉਧਰ ਹੀ ਜਾਂਦਾ ਜਿਧਰ ਉਹ ਵਿਅਕਤੀ ਚਾਹੁੰਦਾ ਹੈ।
5 ਬਿਲਕੁਲ ਇਵੇਂ ਹੀ ਸਾਡੀ ਜ਼ਬਾਨ ਬਾਰੇ ਹੈ। ਇਹ ਸਾਡੇ ਸ਼ਰੀਰ ਦਾ ਇੱਕ ਛੋਟਾ ਜਿਹਾ ਅੰਗ ਹੈ, ਪਰ ਇਹ ਸ਼ੇਖੀ ਮਾਰਦੀ ਹੈ ਕਿ ਇਹ ਮਹਾਨ ਗੱਲਾਂ ਕਰ ਸਕਦੀ ਹੈ।ਜੰਗਲ ਦੀ ਭਿਆਨਕ ਅੱਗ ਇੱਕ ਨਿਕੀ ਜਿਹੀ ਚੰਗਿਆਰੀ ਨਾਲ ਭੜਕ ਸਕਦੀ ਹੈ।
6 ਜ਼ੁਬਾਨ ਅੱਗ ਦੀ ਤਰ੍ਹਾਂ ਹੈ। ਇਹ ਸਾਡੇ ਸ਼ਰੀਰ ਦੇ ਅੰਗਾਂ ਵਿਚਕਾਰ ਬਦੀ ਦੀ ਦੁਨੀਆਂ ਹੈ। ਕਿਵੇਂ? ਜ਼ੁਬਾਨ ਆਪਣੀ ਬਦੀ ਨੂੰ ਸਾਡੇ ਸਾਰੇ ਸ਼ਰੀਰ ਵਿੱਚ ਫ਼ੈਲਾ ਦਿੰਦੀ ਹੈ। ਇਹ ਅਜਿਹੀ ਅੱਗ ਲਾਉਂਦੀ ਹੈ ਜਿਹੜੀ ਸਾਡੇ ਸਾਰੇ ਜੀਵਨ ਉੱਤੇ ਅਸਰ ਪਾਉਂਦੀ ਹੈ। ਜ਼ੁਬਾਨ ਅੱਗ ਨਰਕ ਤੋਂ ਹਾਸਿਲ ਕਰਦੀ ਹੈ।
7 ਲੋਕੀ ਹਰ ਤਰ੍ਹਾਂ ਦੇ ਜੰਗਲੀ ਜਾਨਵਰਾਂ ਪੰਛੀਆਂ, ਸਪਾਂ ਅਤੇ ਮਛੀਆਂ ਨੂੰ ਸਿਧਾ ਸਕਦੇ ਹਨ। ਲੋਕਾਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਸਿਧਾਇਆ ਹੋਇਆ ਹੈ।
8 ਪਰ ਕੋਈ ਵੀ ਵਿਅਕਤੀ ਆਪਣੀ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਇਹ ਜੰਗਲੀ ਅਤੇ ਬਦ ਹੈ। ਇਹ ਜਹਿਰ ਨਾਲ ਭਰੀ ਹੋਈ ਹੈ ਜਿਹੜੀ ਲੋਕਾਂ ਨੂੰ ਮਾਰ ਸਕਦੀ ਹੈ।
9 ਅਸੀਂ ਆਪਣੀ ਜ਼ੁਬਾਨ ਨੂੰ ਪ੍ਰਭੂ ਅਤੇ ਪਿਤਾ ਦੀ ਉਸਤਤਿ ਕਰਨ ਲਈ ਵਰਤਦੇ ਹਾਂ ਅਤੇ ਅਸੀਂ ਇਸਨੂੰ ਲੋਕਾਂ ਨੂੰ ਸ਼ਰਾਪ ਦੇਣ ਲਈ ਵੀ ਵਰਤਦੇ ਹਾਂ। ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਵਰਗਾ ਬਣਾਇਆ ਹੈ।
10 ਉਸਤਤਿ ਅਤੇ ਗਾਲਾਂ ਉਸੇ ਮੂੰਹ ਵਿੱਚੋਂ ਨਿਕਲਦੀਆਂ ਹਨ। ਮੇਰੇ ਭਰਾਵੋ ਅਤੇ ਭੈਣੋ ਅਜਿਹਾ ਨਹੀਂ ਹੋਣਾ ਚਾਹੀਦਾ ਹੈ।
11 ਕੀ ਮਿਠਾ ਅਤੇ ਲੂਣਾ ਪਾਣੀ ਇੱਕੋ ਸਮੇਂ ਝਰਨੇ ਤੋਂ ਫ਼ੁੱਟਦਾ ਹੈ? ਨਹੀਂ।
12 ਮੇਰੇ ਭਰਾਵੋ ਅਤੇ ਭੈਣੋ ਕੀ ਅੰਜੀਰ ਦੇ ਪੇੜ ਉੱਤੇ ਜੈਤੂਨ ਦੇ ਫ਼ਲ ਉਗ ਸਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਜੈਤੂਨ ਦੇ ਫ਼ਲ ਉਗ ਸਕਦੇ ਹਨ? ਨਹੀਂ ਕੀ ਅੰਗੂਰ ਦੀ ਵੇਲ ਉੱਤੇ ਅੰਜੀਰ ਦੇ ਫ਼ਲ ਉਗ ਸਕਦਾ ਹੈ? ਨਹੀਂ। ਅਤੇ ਲੂਣੇ ਪਾਣੀ ਨਾਲ ਭਰਿਆ ਖੂਹ ਮਿਠਾ ਪਾਣੀ ਨਹੀਂ ਦੇ ਸਕਦਾ।
13 ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਬੁਧੀਵਾਨ ਅਤੇ ਸਮਝਣ ਦੇ ਕਾਬਿਲ ਹੈ? ਤਾਂ, ਉਸਨੂੰ ਨਿਮ੍ਰ ਢੰਗ ਵਿੱਚ ਸਹੀ ਕਰਨੀਆਂ ਕਰਕੇ ਆਪਣੀ ਬੁਧ ਸਾਬਤ ਕਰਨ ਦਿਉ। ਇੱਕ ਸਿਆਣੇ ਵਿਅਕਤੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ।
14 ਜੇ ਤੁਸੀਂ ਖੁਦ ਗਰਜ਼ ਹੋ ਅਤੇ ਤੁਹਾਡੇ ਦਿਲਾਂ ਵਿੱਚ ਕੌੜੀ ਈਰਖਾ ਭਰੀ ਹੋਈ ਹੈ ਤਾਂ ਤੁਹਾਡੇ ਲਈ ਹੰਕਾਰ ਕਰਨ ਦਾ ਕੋਈ ਕਾਰਣ ਨਹੀਂ। ਤੁਹਾਡਾ ਹੰਕਾਰ ਝੂਠਾ ਹੈ ਜਿਹੜਾ ਸੱਚ ਨੂੰ ਛੁਪਾਉਂਦਾ ਹੈ।
15 ਇਹੋ ਜਿਹੀ “ਸਿਆਣਪ” ਪਰਮੇਸ਼ੁਰ ਵੱਲੋਂ ਨਹੀਂ ਆਉਂਦੀ। ਇਹ “ਸਿਆਣਪ” ਦੁਨੀਆਂ ਵੱਲੋਂ ਆਉਂਦੀ ਹੈ। ਇਹ ਆਤਮਕ ਨਹੀਂ ਹੈ। ਇਹ ਸ਼ੈਤਾਨੀ ਹੈ।
16 ਜਿਥ੍ਥੇ ਵੀ ਈਰਖਾ ਅਤੇ ਖੁਦਗਰਜ਼ੀ ਹੈ ਗੜਬੜੀ ਅਤੇ ਹਰ ਤਰ੍ਹਾਂ ਦੀ ਬਦੀ ਓਥੇ ਹੋਵੇਗੀ।
17 ਪਰ ਜਿਹੜੀ ਸਿਆਣਪ ਪਰਮੇਸ਼ੁਰ ਵੱਲੋਂ ਆਉਂਦੀ ਹੈ, ਉਹ ਇਸ ਤਰ੍ਹਾਂ ਦੀ ਹੈ। ਪਹਿਲੀ ਗੱਲ ਇਹ ਸ਼ੁਧ ਹੈ। ਇਹ ਸ਼ਾਂਤਮਈ, ਕੋਮਲ ਅਤੇ ਆਸਾਨੀ ਨਾਲ ਪ੍ਰਸੰਨ ਕਰਨ ਵਾਲੀ ਹੈ। ਇਹ ਸਿਆਣਪ ਹਮਦਰਦੀ ਨਾਲ ਭਰਪੂਰ ਹੈ ਅਤੇ ਹੋਰਨਾਂ ਲੋਕਾਂ ਲਈ ਚੰਗੀਆਂ ਕਰਨੀਆਂ ਕਰਨ ਲਈ ਤਿਆਰ ਹੈ। ਇਹ ਸਿਆਣਪ ਹਮੇਸ਼ਾ ਨਿਆਂਈ ਅਤੇ ਇਮਾਨਦਾਰ ਹੁੰਦੀ ਹੈ।
18 ਉਹ ਲੋਕ ਜਿਹੜੇ ਸ਼ਾਂਤਮਈ ਢੰਗ ਨਾਲ ਸ਼ਾਂਤੀ ਲਈ ਕੰਮ ਕਰਦੇ ਹਨ ਜੀਵਨ ਦੀਆਂ ਦੰਗੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਹੜੀਆਂ ਸਹੀ ਜੀਵਨ ਢੰਗ ਨਾਲ ਮਿਲਦੀਆਂ ਹਨ।