ਯਾਕੂਬ

ਕਾਂਡ : 1 2 3 4 5


ਕਾਂਡ 2

1 ਮੇਰੇ ਪਿਆਰੇ ਭਰਾਵੋ ਅਤੇ ਭੈਣੋ ਤੁਹਾਨੂੰ ਮਹਾਨ ਪ੍ਰਭੂ ਯਿਸੂ ਮਸੀਹ ਵਿੱਚ ਆਸਥਾ ਹੈ। ਇਸ ਲਈ ਇਹ ਨਾ ਸੋਚੋ ਕਿ ਕੁਝ ਲੋਕ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਹਨ।
2 ਫ਼ਰਜ਼ ਕਰੋ ਕਿ ਕੋਈ ਵਿਅਕਤੀ ਚੰਗੇ ਕੱਪੜੇ ਅਤੇ ਇੱਕ ਸੋਨੇ ਦੀ ਮੁੰਦਰੀ ਪਾਕੇ ਤੁਹਾਡੀ ਸੰਗਤ ਵਿੱਚ ਆਉਂਦਾ ਹੈ। ਉਸੇ ਸਮੇਂ ਹੀ, ਇੱਕ ਗਰੀਬ ਆਦਮੀ ਵੀ ਪੁਰਾਣੇ ਗੰਦੇ ਕੱਪੜੇ ਪਾਕੇ ਆਉਂਦਾ ਹੈ।
3 ਤੁਸੀਂ ਚੰਗੇ ਕੱਪੜਿਆਂ ਵਾਲੇ ਵਿਅਕਤੀ ਵੱਲ ਖਾਸ ਧਿਆਨ ਦਿੰਦੇ ਹੋ। ਤੁਸੀਂ ਆਖਦੇ ਹੋ, “ਆਓ ਇਥੇ ਇਸ ਚੰਗੀ ਥਾਂ ਤੇ ਬੈਠੋ?” ਪਰ ਤੁਸੀਂ ਗਰੀਬ ਵਿਅਕਤੀ ਨੂੰ ਕਹੋਂਗੇ, “ਜਾ ਉਥੇ ਖੜਾ ਹੋ ਜਾ।” ਜਾਂ “ਥੱਲੇ ਫ਼ਰਸ਼ ਤੇ ਮੇਰੇ ਪੈਰਾਂ ਕੋਲ ਬੈਠ ਜਾ।”
4 ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੁਝ ਲੋਕਾਂ ਨੂੰ ਹੋਰਨਾਂ ਨਾਲੋਂ ਵਧੇਰੇ ਮਹੱਤਵਪੂਰਣ ਬਣਾ ਰਹੇ ਹੋ। ਮੰਦੇ ਵਿਚਾਰਾਂ ਨਾਲ ਤੁਸੀਂ ਇਹ ਨਿਰਣਾ ਕਰ ਰਹੇ ਹੋ ਕਿ ਕਿਹੜਾ ਵਿਅਕਤੀ ਬਿਹਤਰ ਹੈ।
5 ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸਨੂੰ ਪ੍ਰੇਮ ਕਰਦੇ ਹਨ।
6 ਪਰ ਤੁਸੀਂ ਗਰੀਬ ਆਦਮੀ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਅਤੇ ਤੁਸੀਂ ਜਾਣਦੇ ਹੋ ਕਿ ਅਮੀਰ ਆਦਮੀ ਹੀ ਹਨ ਜਿਹੜੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਨਿਯਂਤ੍ਰਣ ਕਰਦੇ ਹਨ। ਤੇ ਇਹ ਉਹੀ ਲੋਕ ਹਨ ਜਿਹੜੇ ਤੁਹਾਨੂੰ ਕਚਿਹਰੀਆਂ ਵਿੱਚ ਲੈ ਜਾਂਦੇ ਹਨ।
7 ਅਮੀਰ ਲੋਕ ਹੀ ਹਨ ਜਿਹੜੇ ਉਸ ਇੱਕ ਦੇ ਸ਼ੁਭ ਨਾਂ ਦੇ ਵਿਰੁੱਧ ਬੋਲਦੇ ਹਨ ਜਿਹੜਾ ਤੁਹਾਡਾ ਮਾਲਕ ਹੈ।
8 ਸਭ ਨੇਮਾਂ ਦੇ ਉੱਪਰ ਇੱਕੋ ਹੀ ਨੇਮ ਦੀ ਸਰਦਾਰੀ ਹੈ। ਇਹ ਸ਼ਾਹੀ ਨੇਮ ਪੋਥੀਆਂ ਵਿੱਚ ਲਿਖਿਆ ਗਿਆ ਹੈ; “ਹੋਰਨਾਂ ਲੋਕਾਂ ਨੂੰ ਵੀ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋਂ।” ਜੇ ਤੁਸੀਂ ਇਸ ਨੇਮ ਦਾ ਅਨੁਸਰਣ ਕਰੋਂਗੇ, ਤੁਸੀਂ ਸਹੀ ਗੱਲ ਕਰ ਰਹੇ ਹੋਂ।
9 ਪਰ ਜੇ ਤੁਸੀਂ ਇੱਕ ਵਿਅਕਤੀ ਨਾਲ ਇਸ ਤਰ੍ਹਾਂ ਦਾ ਵਰਤਾਉ ਕਰ ਰਹੇ ਹੋ ਜਿਵੇਂ ਉਹ ਦੂਸਰੇ ਵਿਅਕਤੀ ਨਾਲੋਂ ਵਧੇਰੇ ਮਹੱਤਵਪੂਰਣ ਹੈ ਤਾਂ ਤੁਸੀਂ ਪਾਪ ਕਰ ਰਹੇ ਹੋ। ਸ਼ਾਹੀ ਨੇਮ ਸਾਬਤ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।
10 ਹੋ ਸਕਦਾ ਹੈ ਭਾਵੇਂ ਕੋਈ ਵਿਅਕਤੀ ਪਰਮੇਸ਼ੁਰ ਦੇ ਸਾਰੇ ਨੇਮਾਂ ਦੇ ਹੁਕਮਾਂ ਦਾ ਅਨੁਸਰਣ ਕਰਦਾ ਹੋਵੇ। ਪਰ ਜੇ ਉਹ ਵਿਅਕਤੀ ਉਸ ਨੇਮ ਦੇ ਸਿਰਫ਼ ਇੱਕ ਆਦੇਸ਼ ਦਾ ਵੀ ਅਵਗਿਆਕਾਰੀ ਹੈ ਤਾਂ ਉਹ ਪੂਰੇ ਨੇਮ ਦੀ ਅਵਗਿਆ ਕਰਨ ਦਾ ਦੋਸ਼ੀ ਹੋਵੇਗਾ।
11 ਪਰਮੇਸ਼ੁਰ ਨੇ ਆਖਿਆ ਹੈ, “ਬਦਕਾਰੀ ਦਾ ਪਾਪ ਨਾ ਕਰੋ।” ਉਸੇ ਪਰਮੇਸ਼ੁਰ ਨੇ ਇਹ ਵੀ ਆਖਿਆ, “ਕਿਸੇ ਨੂੰ ਨਾ ਮਾਰੋ” ਇਸੇ ਲਈ, ਜੇ ਤੁਸੀਂ ਬਦਕਾਰੀ ਦਾ ਗੁਨਾਹ ਨਾ ਕਰੋ, ਪਰ ਕਿਸੇ ਵਿਅਕਤੀ ਨੂੰ ਮਾਰ ਦਿਉਂ, ਫ਼ੇਰ ਤੁਸੀਂ ਪਰਮੇਸ਼ੁਰ ਦੇ ਪੂਰੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।
12 ਤੁਹਾਡੀ ਪਰਖ ਉਸ ਨੇਮ ਦੇ ਆਧਾਰ ਤੇ ਹੋਵੇਗੀ ਜਿਹੜਾ ਲੋਕਾਂ ਨੂੰ ਮੁਕਤ ਕਰਦਾ ਹੈ। ਆਪਣੀ ਹਰ ਕਹਿਣੀ ਅਤੇ ਕਰਨੀ ਵਿੱਚ ਤੁਸੀਂ ਇਸ ਗੱਲ ਨੂੰ ਚੇਤੇ ਰਖੋ।
13 ਹਾਂ, ਤੁਹਾਨੂੰ ਦੂਸਰਿਆਂ ਤੇ ਦਯਾ ਦਰਸ਼ਾਉਣੀ ਚਾਹੀਦੀ ਹੈ। ਜੇ ਤੁਸੀਂ ਦੂਸਰਿਆਂ ਤੇ ਦਯਾ ਨਹੀਂ ਦਰਸ਼ਾਵੋਂਗੇ, ਤਾਂ ਪਰਮੇਸ਼ੁਰ ਵੀ ਤੁਹਾਡੇ ਤੇ ਦਯਾ ਨਹੀਂ ਦਰਸ਼ਾਵੇਗਾ ਜਦੋਂ ਉਹ ਤੁਹਾਡਾ ਨਿਰਣਾ ਕਰੇਗਾ। ਪਰ ਇੱਕ ਜਿਹੜਾ ਦਯਾ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸਕਦਾ ਹੈ ਜਦੋਂ ਉਸਦਾ ਨਿਰਣਾ ਕੀਤਾ ਜਾ ਰਿਹਾ ਹੋਵੇਗਾ।
14 ਮੇਰੇ ਭਰਾਵੋ ਅਤੇ ਭੈਣੋ ਜੇ ਕੋਈ ਵਿਅਕਤੀ ਇਹ ਆਖਦਾ ਹੈ ਕਿ ਉਸਦੇ ਕੋਲ ਨਿਹਚਾ ਹੈ ਪਰ ਅਮਲ ਨਹੀਂ ਕਰਦਾ ਤਾਂ ਉਸਦੀ ਨਿਹਚਾ ਨਿਰਾਰਥਕ ਹੈ। ਕੀ ਇਹੋ ਜਿਹੀ ਨਿਹਚਾ ਉਸਨੂੰ ਬਚਾ ਸਕਦੀ ਹੈ? ਨਹੀਂ।
15 ਮਸੀਹ ਵਿੱਚ ਕੁਝ ਭਰਾ ਜਾਂ ਭੈਣ ਸ਼ਾਇਦ ਉਸ ਦਿਨ ਲਈ ਕੱਪੜੇ ਅਤੇ ਰੋਟੀ ਦੇ ਲੋੜਵੰਦ ਹੋਣ।
16 ਪਰ ਤੁਸੀਂ ਉਸ ਵਿਅਕਤੀ ਨੂੰ ਆਖੋ, “ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇ। ਆਪਣੇ ਆਪ ਨੂੰ ਗਰਮਾਓ ਅਤੇ ਚੋਖਾ ਖਾਓ।” ਤੁਸੀਂ ਸਿਰਫ਼ ਇਹੀ ਗੱਲਾਂ ਆਖਦੇ ਹੋ ਪਰ ਤੁਸੀਂ ਉਸ ਵਿਅਕਤੀ ਨੂੰ ਉਹ ਚੀਜ਼ਾਂ ਨਹੀਂ ਦਿੰਦੇ ਜੋ ਉਸਨੂੰ ਲੋੜੀਂਦੀਆਂ ਹਨ। ਜੇ ਤੁਸੀਂ ਉਸ ਵਿਅਕਤੀ ਦੀ ਸਹਾਇਤਾ ਨਹੀਂ ਕਰਦੇ, ਤਾਂ ਇਸਦਾ ਕੀ ਫ਼ਾਇਦਾ ਹੈ।
17 ਨਿਹਚਾ ਦੇ ਨਾਲ ਵੀ ਇਹੀ ਹੈ। ਜੇ ਨਿਹਚਾ ਕੁਝ ਨਹੀਂ ਸੰਵਾਰਦੀ ਤਾਂ ਉਹ ਨਿਹਚਾ ਨਿਰਜੀਵ ਹੈ ਕਿਉਂਕਿ ਉਹ ਇਕੱਲੀ ਹੈ।
18 ਕੋਈ ਵਿਅਕਤੀ ਸ਼ਾਇਦ ਇਹ ਆਖੇ, “ਤੂੰ ਨਿਹਚਾ ਰਖਦਾ ਹੈ, ਪਰ ਮੈਂ ਕੰਮ ਕਰਦਾ ਹਾਂ। ਮੈਨੂੰ ਆਪਣੀ ਨਿਹਚਾ ਦਿਖਾ। ਤੇਰੀ ਨਿਹਚਾ ਕੁਝ ਵੀ ਨਹੀਂ ਕਰਦੀ। ਮੈਂ ਆਪਣੇ ਅਮਲਾਂ ਰਾਹੀਂ ਤੈਨੂੰ ਆਪਣੀ ਨਿਹਚਾ ਦਿਖਾਵਾਂਗਾ।”
19 ਤੁਸੀਂ ਨਿਹਚਾ ਕਰਦੇ ਹੋ ਕਿ ਪਰਮੇਸ਼ੁਰ ਇੱਕ ਹੈ। ਠੀਕ ਹੈ। ਪਰ ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਹਨ ਅਤੇ ਡਰ ਨਾਲ ਕੰਬਦੀਆਂ ਹਨ।
20 ਓ ਮੂਰਖ ਵਿਅਕਤੀ। ਕੀ ਤੈਨੂੰ ਇਹ ਅਵਸ਼ ਦਰਸ਼ਾਉਣਾ ਪਵੇਗਾ ਕਿ ਜਿਹੜੀ ਨਿਹਚਾ ਕੁਝ ਵੀ ਨਹੀਂ ਕਰਦੀ ਉਹ ਨਿਕੰਮੀ ਹੈ?
21 ਅਬਰਾਹਾਮ ਸਾਡਾ ਪਿਤਾ ਸੀ। ਅਬਰਾਹਾਮ ਨੂੰ ਧਰਮੀ ਉਸਦੇ ਅਮਲ ਰਾਹੀਂ ਬਣਾਇਆ ਗਿਆ ਸੀ। ਉਸਨੇ ਜਗਵੇਦੀ ਉੱਪਰ ਪਰਮੇਸ਼ੁਰ ਨੂੰ ਆਪਣਾ ਪੁੱਤਰ ਇਸਹਾਕ ਭੇਂਟ ਕੀਤਾ।
22 ਇਸ ਲਈ ਤੁਸੀਂ ਸਮਝ ਲਵੋ ਕਿ ਅਬਰਾਹਾਮ ਦੀ ਨਿਹਚਾ ਅਤੇ ਉਸਦੇ ਅਮਲਾਂ ਨੇ ਇਕ ਸਾਥ ਕਾਰਜ ਕੀਤਾ। ਉਸ ਦੀ ਨਿਹਚਾ ਨੂੰ ਉਸਦੇ ਅਮਲਾਂ ਰਾਹੀਂ ਸੰਪੂਰਣ ਬਣਾਇਆ ਗਿਆ।
23 ਹਰ ਗੱਲ ਤੋਂ ਪੋਥੀ ਦਾ ਪੂਰਾ ਅਰਥ ਸਪਸ਼ਟ ਹੁੰਦਾ ਹੈ ਜਿਹੜੀ ਆਖਦੀ ਹੈ; “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਇਸ ਨਿਹਚਾ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” ਅਬਰਾਹਾਮ ਨੂੰ “ਪਰਮੇਸ਼ੁਰ ਦਾ ਮਿੱਤਰ” ਆਖਿਆ ਜਾਂਦਾ ਸੀ।
24 ਇਸ ਲਈ ਤੁਸੀਂ ਦੇਖਦੇ ਹੋ ਕਿ ਕਿਸੇ ਵਿਅਕਤੀ ਨੂੰ ਉਸਦੇ ਅਮਲਾਂ ਰਾਹੀਂ ਤਾਂ ਧਰਮੀ ਬਾਣਾਇਆ ਜਾ ਸਕਦਾ ਹੈ ਪਰ ਉਸਨੂੰ ਸਿਰਫ਼ ਨਿਹਚਾ ਰਾਹੀਂ ਧਰਮੀ ਨਹੀਂ ਬਣਾਇਆ ਜਾ ਸਕਦਾ।
25 ਦੂਸਰੀ ਮਿਸਾਲ ਰਹਾਬ ਦੀ ਹੈ। ਰਹਾਬ ਇੱਕ ਵੇਸ਼ਵਾ ਸੀ, ਪਰ ਉਸਨੂੰ ਉਸਦੇ ਅਮਲ ਰਾਹੀਂ ਧਰਮੀ ਬਣਇਆ ਗਿਆ। ਉਸਨੇ ਪਰਮੇਸ਼ੁਰ ਦੇ ਲੋਕਾਂ ਲਈ ਸੂਹੀਆਂ ਦੀ ਸਹਾਇਤਾ ਕੀਤੀ। ਉਸਨੇ ਉਨ੍ਹਾਂ ਦਾ ਸਵਾਗਤ ਆਪਣੇ ਮਹਿਮਾਨਾਂ ਵਾਂਗ ਕੀਤਾ ਅਤੇ ਇੱਕ ਵਖਰੇ ਰਸਤੇ ਦੁਆਰਾ ਉਨ੍ਹਾਂ ਦੀ ਬਚ ਨਿਕਲਣ ਵਿੱਚ ਸਹਾਇਤਾ ਕੀਤੀ।
26 ਆਤਮਾ ਤੋਂ ਬਿਨਾ ਵਿਅਕਤੀ ਦਾ ਸ਼ਰੀਰ ਇੱਕ ਲੋਥ ਹੈ। ਨਿਹਚਾ ਬਾਰੇ ਵੀ ਇਵੇਂ ਹੀ ਹੈ ਜਿਹੜਾ ਨਿਹਚਾ ਨਹੀਂ ਕਰਦਾ ਉਹ ਮੁਰਦਾ ਹੈ।