ਕਾਂਡ 5
1 ਹੁਣ ਮੈਂ ਤੁਹਾਡੀ ਸੰਗਤ ਦੇ ਬਜ਼ੁਰਗਾਂ ਨੂੰ ਨਿਵੇਦਨ ਕਰਨਾ ਚਾਹੁੰਦਾ ਹਾਂ। ਮੈਂ ਖੁਦ ਇੱਕ ਬਜ਼ੁਰਗ ਹਾਂ ਅਤੇ ਮਸੀਹ ਦੇ ਤਸੀਹਿਆਂ ਦਾ ਗਵਾਹ ਹਾਂ। ਮੈਂ ਉਸ ਮਹਿਮਾ ਵਿੱਚ ਭਾਗ ਲਵਾਂਗਾ ਜਿਹੜੀ ਸਾਨੂੰ ਦਰਸ਼ਾਈ ਜਾਵੇਗੀ।
2 ਤੁਹਾਨੂੰ ਪਰਮੇਸ਼ੁਰ ਦੇ ਇੱਜੜ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਨੂੰ ਤੁਹਾਡੀ ਨਿਗਰਾਨੀ ਵਿੱਚ ਰਖ ਦਿੱਤਾ ਗਿਆ ਹੈ। ਤੁਹਾਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਇਸਤੇ ਸਵੈਂ ਇੱਛਾ ਪੂਰਵਕ ਨਜ਼ਰ ਰੱਖਣੀ ਚਾਹੀਦੀ ਹੈ, ਨਾ ਕਿ ਜਿਵੇਂ ਤੁਸੀਂ ਇਹ ਕਰਨ ਲਈ ਮਜ਼ਬੂਰ ਕੀਤੇ ਗਏ ਹੋਵੋਂ। ਤੁਹਾਨੂੰ ਇਹ ਕਰਨ ਲਈ ਉਤਸਾਹਤ ਹੋਣਾ ਚਾਹੀਦਾ ਹੈ, ਪਰ ਕਿਸੇ ਮਾਲੀ ਲਾਭ ਲਈ ਨਹੀਂ।
3 ਇਹ ਲੋਕ ਤੁਹਾਡੀ ਦੇਖਭਾਲ ਹੇਠਾਂ ਰਖੇ ਗਏ ਹਨ। ਇਸ ਲਈ ਜ਼ਾਲਮ ਹਾਕਮ ਵਾਂਗ ਨਾ ਬਣੋ ਸਗੋਂ ਇੱਜੜ ਲਈ ਇੱਕ ਉਦਾਹਰਣ ਦੀ ਤਰ੍ਹਾਂ ਹੋਵੋ।
4 ਅਤੇ ਜਦੋਂ ਮੁਖ ਆਜੜੀ ਆਵੇਗਾ, ਤੁਸੀਂ ਸ਼ਾਨਦਾਰ ਤਾਜ ਪ੍ਰਾਪਤ ਕਰੋਂਗੇ, ਜੋ ਆਪਣੀ ਸੁੰਦਰਤਾ ਨਹੀਂ ਗੁਆਉਂਦਾ।
5 ਇਸੇ ਤਰ੍ਹਾਂ ਹੀ, ਮੈਂ ਜਵਾਨ ਲੋਕਾਂ ਨੂੰ ਵੀ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਨਿਮ੍ਰਤਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ:“ਪਰਮੇਸ਼ੁਰ ਘਮੰਡੀ ਬੰਦਿਆਂ ਦੇ ਖਿਲਾਫ਼ ਹੈ।ਪਰ ਉਹ ਹਮੇਸ਼ਾ ਨਿਮਾਣੇ ਬੰਦਿਆਂ ਨੂੰ ਕਿਰਪਾ ਦਰਸ਼ਾਉਂਦਾ ਹੈ।”
6 ਇਸ ਲਈ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮ੍ਰ ਰਹੋ। ਫ਼ੇਰ ਉਹ ਤੁਹਾਨੂੰ ਸਹੀ ਸਮਾਂ ਆਉਣ ਤੇ ਉੱਚਾ ਉਠਾਵੇਗਾ।
7 ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਉ ਕਿਉਂਕਿ ਉਹ ਤੁਹਾਡਾ ਧਿਆਨ ਰਖਦਾ ਹੈ।
8 ਖੁਦ ਤੇ ਕਾਬੂ ਰਖੋ ਅਤੇ ਸਚੇਤ ਰਹੋ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਉਹ ਸ਼ਿਕਾਰ ਨੂੰ ਖਾ ਜਾਣ ਲਈ, ਇੱਕ ਸ਼ੇਰ ਵਾਂਗ ਗਜਦਾ ਹੋਇਆ ਚਾਰ ਚੁਫ਼ੇਰੇ ਘੁੰਮਦਾ ਫ਼ਿਰਦਾ ਹੈ।
9 ਨਿਹਚਾ ਵਿੱਚ ਦ੍ਰਿੜ ਰਹਿ ਕੇ, ਉਸਦਾ ਵਿਰੋਧ ਕਰੋ। ਯਾਦ ਰਖੋ ਕਿ ਸਾਰੀ ਦੁਨੀਆਂ ਵਿੱਚ, ਤੁਹਾਡੇ ਭਰਾ ਅਤੇ ਭੈਣਾਂ ਵੀ ਉਸੇ ਢੰਗ ਨਾਲ ਦੁਖ ਸਹਿ ਰਹੇ ਹਨ।
10 ਪਰਮੇਸ਼ੁਰ ਨੇ ਆਪਣੀ ਕ੍ਰਿਪਾ ਦੁਆਰਾ ਤੁਹਾਨੂੰ ਮਸੀਹ ਯਿਸੂ ਵਿੱਚ ਸਦਾ ਰਹਿਣ ਵਾਲੀ ਮਹਿਮਾ ਵਿੱਚ ਸਾਂਝ ਪਾਉਣ ਲਈ ਸੱਦਾ ਦਿੱਤਾ ਸੀ। ਹਾਂ, ਤੁਹਾਨੂੰ ਥੋੜੇ ਅਰਸੇ ਲਈ ਦੁਖ ਝੱਲਣਾ ਪਵੇਗਾ ਅਤੇ ਉਸਤੋਂ ਮਗਰੋਂ ਪਰਮੇਸ਼ੁਰ ਸਭ ਚੀਜ਼ਾਂ ਠੀਕ ਕਰ ਦੇਵੇਗਾ। ਉਹ ਤੁਹਾਨੂੰ ਦ੍ਰਿੜ ਬਣਾਵੇਗਾ, ਉਹ ਤੁਹਾਡਾ ਆਸਰਾ ਹੋਵੇਗਾ ਅਤੇ ਤੁਹਾਨੂੰ ਡਿੱਗਣ ਤੋਂ ਬਚਾਵੇਗਾ।
11 ਉਸਦੀ ਸ਼ਕਤੀ ਸਦਾ ਰਹਿੰਦੀ ਹੈ। ਆਮੀਨ
12 ਮੈਂ ਤੁਹਾਨੂੰ ਇਹ ਛੋਟਾ ਜਿਹਾ ਪੱਤਰ ਸਿਲਵਾਨੁਸ ਦੀ ਸਹਾਇਤਾ ਨਾਲ ਲਿਖਿਆ ਹੈ। ਮੈਨੂੰ ਪਤਾ ਹੈ ਕਿ ਉਹ ਮਸੀਹ ਵਿੱਚ ਵਫ਼ਾਦਾਰ ਭਰਾ ਹੈ। ਮੈਂ ਇਹ ਤੁਹਾਡੇ ਉਤਸਾਹ ਲਈ ਲਿਖਿਆ ਹੈ ਅਤੇ ਤੁਹਾਨੂੰ ਇਹ ਦੱਸਣ ਲਈ ਕਿ ਇਹ ਪਰਮੇਸ਼ੁਰ ਦੀ ਸੱਚੀ ਕਿਰਪਾ ਹੈ। ਪਰਮੇਸ਼ੁਰ ਦੀ ਕਿਰਪਾ ਵਿੱਚ ਦ੍ਰਿੜ ਰਹੋ।
13 ਬਾਬੁਲ ਦੀ ਕਲੀਸਿਯਾ ਜਿਹੜੀ ਪ੍ਰਭੂ ਵੱਲੋਂ ਚੁਣੀ ਗਈ ਹੈ। ਤੁਹਾਨੂੰ ਸ਼ੁਭਕਾਮਨਾਵਾਂ ਭੇਜਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਤੁਹਾਡੇ ਵਾਂਗ ਹੀ ਚੁਣਿਆ ਗਿਆ ਸੀ, ਮੇਰਾ ਪੁੱਤਰ ਮਰਕੁਸ ਵੀ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹੈ।
14 ਜਦੋਂ ਤੁਸੀਂ ਮਿਲੋਂ, ਇੱਕ ਦੂਸਰੇ ਨੂੰ ਪ੍ਰੇਮ ਦੀ ਚੁੰਮੀ ਨਾਲ ਸ਼ੁਭਕਾਮਨਾਵਾਂ ਦਿਉ।ਤੁਹਾਨੂੰ ਸਾਰਿਆਂ ਨੂੰ ਸ਼ਾਂਤੀ, ਜਿਹੜੇ ਮਸੀਹ ਵਿੱਚ ਹਨ।