ਤੀਤੁਸ

ਕਾਂਡ : 1 2 3


ਕਾਂਡ 1

1 ਪਰਮੇਸ਼ੁਰ ਦੇ ਸੇਵਕ ਅਤੇ ਯਿਸੂ ਮਸੀਹ ਦੇ ਰਸੂਲ, ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਨੂੰ ਪਰਮੇਸ਼ੁਰ ਦੇ ਚੋਣਵੇਂ ਲੋਕਾਂ ਦੇ ਵਿਸ਼ਵਾਸ ਵਿੱਚ ਸਹਾਇਤਾ ਕਰਨ ਲਈ ਭੇਜਿਆ ਗਿਆ ਸੀ। ਮੈਨੂੰ ਇਸ ਲਈ ਭੇਜਿਆ ਗਿਆ ਸੀ ਤਾਂ ਜੋ ਮੈਂ ਉਨਹਆਂ ਲੋਕਾਂ ਦੀ ਸੱਚ ਦੇ ਗਿਆਨ ਵਿੱਚ ਸਹਾਇਤਾ ਕਰ ਸਕਾਂ। ਅਤੇ ਇਹ ਸੱਚੇ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੀ ਜਾਂਚ ਸਿਖਾਉਂਦਾ ਹੈ।
2 ਇਹ ਵਿਸ਼ਵਾਸ ਅਤੇ ਉਹ ਗਿਆਨ ਸਾਡੇ ਸਦੀਵੀ ਜੀਵਨ ਦੀ ਆਸ ਤੋਂ ਆਉਂਦਾ ਹੈ। ਪਰਮੇਸ਼ੁਰ ਨੇ ਆਦਿਕਾਲ ਤੋਂ ਪਹਿਲਾਂ ਹੀ ਸਾਡੇ ਲਈ ਇਸ ਤਰ੍ਹਾਂ ਦੇ ਜੀਵਨ ਦਾ ਕਰਾਰ ਕੀਤਾ ਸੀ ਅਤੇ ਪਰਮੇਸ਼ੁਰ ਝੂਠ ਨਹੀਂ ਆਖਦਾ।
3 ਸਹੀ ਸਮੇਂ ਤੇ, ਪਰਮੇਸ਼ੁਰ ਨੇ ਦੁਨੀਆਂ ਨੂੰ ਖੁਸ਼ਖਬਰੀ ਦੇ ਪ੍ਰਚਾਰ ਰਾਹੀਂ ਉਸ ਜੀਵਨ ਬਾਰੇ ਜਾਨਣ ਦਿੱਤਾ। ਪਰਮੇਸ਼ੁਰ ਨੇ ਇਹ ਕਾਰਜ ਮੈਨੂੰ ਸੌਂਪਿਆ। ਮੈਂ ਇਨ੍ਹਾਂ ਗੱਲਾਂ ਬਾਰੇ ਇਸ ਲਈ ਪ੍ਰਚਾਰ ਕੀਤਾ ਕਿਉਂਕਿ ਜੋ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦਾ ਆਦੇਸ਼ ਸੀ।
4 ਤੀਤੁਸ ਨੂੰ। ਤੂੰ ਮੇਰੇ ਲਈ ਸਾਡੇ ਸਾਂਝੇ ਵਿਸ਼ਵਾਸ ਵਿੱਚ ਇੱਕ ਸੱਚੇ ਪੁੱਤਰ ਦੇ ਸਮਾਨ ਹੈ।ਤੁਹਾਨੂੰ ਪਿਤਾ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਵੱਲੋਂ ਮਿਹਰ ਅਤੇ ਸ਼ਾਂਤੀ ਮਿਲੇ।
5 ਮੈਂ ਕਰੀਟ ਵਿੱਚ ਤੁਹਾਨੂੰ ਇਸ ਲਈ ਛਡਿਆ ਤਾਂ ਜੋ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਸਕੋ ਜਿਹੜੀਆਂ ਕਰਨ ਵਾਲੀਆਂ ਸਨ। ਮੈਂ ਤੁਹਾਨੂੰ ਕਰੀਟ ਵਿੱਚ ਛਡਿਆ ਸੀ ਤਾਂ ਜੋ ਤੁਸੀਂ ਸਾਰੇ ਨਗਰਾਂ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰ ਸਕੋਂ ਜਿਵੇਂ ਮੈਂ ਤੁਹਾਨੂੰ ਹਿਦਾਇਤਾਂ ਦਿੱਤੀਆਂ ਸਨ।
6 ਬਜ਼ੁਰਗ ਬਣਨ ਵਾਲਾ ਵਿਅਕਤੀ ਗਲਤ ਢੰਗ ਨਾਲ ਜਿਉਣ ਦਾ ਕਸੂਰਵਾਰ ਨਹੀਂ ਹੋਣਾ ਚਾਹੀਦਾ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਉਸਦੇ ਬੱਚੇ ਇਤਬਾਰ ਕਰਨ ਯੋਗ ਹੋਣੇ ਚਾਹੀਦੇ ਹਨ। ਉਹ ਅਜਿਹੇ ਬੱਚੇ ਨਹੀਂ ਹੋਣੇ ਚਾਹੀਦੇ ਜਿਹੜੇ ਆਵਾਰਾਗਰਦ ਅਤੇ ਆਗਿਆਕਾਰ ਨਹੀਂ ਹਨ।
7 ਕਿਉਂਕਿ ਬਜ਼ੁਰਗ ਦਾ ਕੰਮ ਪਰਮੇਸ਼ੁਰ ਦੇ ਕਾਰਜ ਦੀ ਨਿਗਰਾਨੀ ਕਰਨਾ ਹੈ। ਇਸ ਲਈ ਲੋਕ ਇਹ ਨਾ ਆਖ ਸਕਣ ਕਿ ਉਹ ਗਲਤ ਢੰਗ ਨਾਲ ਜਿਉਂ ਰਿਹਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹੰਕਾਰੀ ਅਤੇ ਖੁਦਗਰਜ਼ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸਨੂੰ ਪਿਆਕਲ ਨਹੀਂ ਹੋਣਾ ਚਾਹੀਦਾ। ਉਸਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
8 ਬਜ਼ੁਰਗ ਨੂੰ ਹਮੇਸ਼ਾ ਅਜਨਬੀਆਂ ਦਾ ਆਪਣੇ ਘਰ ਵਿੱਚ ਸਵਾਗਤ ਕਰਨ ਦਾ ਇਛੁਕ ਹੋਣਾ ਚਾਹੀਦਾ ਹੈ। ਉਸਨੂੰ ਚਾਹੀਦਾ ਹੈ ਕਿ ਚੰਗਿਆਈ ਨੂੰ ਪਿਆਰ ਕਰੇ। ਉਸਨੂੰ ਸਿਆਣਾ ਹੋਣਾ ਚਾਹੀਦਾ ਹੈ। ਉਸਨੂੰ ਸਹੀ ਢੰਗ ਨਾਲ ਜਿਉਣ ਵਾਲਾ ਹੋਣਾ ਚਾਹੀਦਾ ਹੈ। ਉਸਨੂੰ ਪਵਿੱਤਰ ਹੋਣਾ ਚਾਹੀਦਾ ਹੈ। ਅਤੇ ਉਸਨੂੰ ਖੁਦ ਉੱਪਰ ਕਾਬੂ ਕਰਨ ਦੇ ਯੋਗ ਹੋਣਾ ਚਾਹੀਦਾ ਹੈ।
9 ਬਜ਼ੁਰਗ ਨੂੰ ਵਫ਼ਾਦਾਰੀ ਨਾਲ ਸੱਚ ਦਾ ਅਨੁਸਰਣ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਇਸਦਾ ਉਪਦੇਸ਼ ਦਿੰਦੇ ਹਾਂ। ਬਜ਼ੁਰਗ ਨੂੰ ਸੱਚੇ ਉਪਦੇਸ਼ ਨਾਲ ਲੋਕਾਂ ਦੀ ਸਹਾਇਤਾ ਕਰਨ ਯੋਗ ਹੋਣਾ ਚਾਹੀਦਾ ਹੈ। ਉਸਨੂੰ ਲੋਕਾਂ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਕੌਣ ਸੱਚੇ ਉਪਦੇਸ਼ ਦੇ ਵਿਰੁੱਧ ਹਨ ਅਤੇ ਉਹ ਕਿਥੇ ਗਲਤ ਹਨ।
10 ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਗਿਆ ਪਾਲਣ ਤੋਂ ਇਨਕਾਰੀ ਹਨ ਉਹ ਲੋਕ ਜਿਹੜੇ ਫ਼ਿਜ਼ੂਲ ਗੱਲਾਂ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਗਲਤ ਰਾਹ ਪਾਉਂਦੇ ਹਨ। ਮੈਂ ਖਾਸਕਰ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਇਹ ਆਖਦੇ ਹਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਹੀਦੀ ਹੈ।
11 ਇੱਕ ਬਜ਼ੁਰਗ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਜੋ ਉਪਦੇਸ਼ ਉਹ ਲੋਕ ਦਿੰਦੇ ਹਨ ਉਹ ਗਲਤ ਹਨ ਅਤੇ ਉਨ੍ਹਾਂ ਨੂੰ ਉਹੋ ਜਿਹੇ ਉਪਦੇਸ਼ ਦੇਣ ਤੋਂ ਰੋਕਣ ਦੇ ਕਾਬਿਲ ਹੋਣਾ ਚਾਹੀਦਾ ਹੈ। ਉਹ ਲੋਕ ਉਨ੍ਹਾਂ ਗੱਲਾਂ ਦੇ ਉਪਦੇਸ਼ ਦੇਕੇ, ਜਿਹੜੇ ਉਨ੍ਹਾਂ ਨੂੰ ਨਹੀਂ ਦੇਣੇ ਚਾਹੀਦੇ, ਪੂਰੇ ਪਰਿਵਾਰਾਂ ਨੂੰ ਨਸ਼ਟ ਕਰ ਰਹੇ ਹਨ। ਉਹ ਉਪਦੇਸ਼ ਕੇਵਲ ਲੋਕਾਂ ਨੂੰ ਧੋਖਾ ਦੇਣ ਅਤੇ ਪੈਸਾ ਕਮਾਉਣ ਲਈ ਦਿੰਦੇ ਹਨ।
12 ਉਨ੍ਹਾਂ ਦੇ ਇੱਕ ਆਪਣੇ ਨਬੀ ਕਰੇਤੀ ਨੇ ਆਖਿਆ ਹੈ, “ਕਰੇਤੀ ਦੇ ਨਿਵਾਸੀ ਹਮੇਸ਼ਾ ਝੂਠੇ ਹਨ। ਉਹ ਭੈੜੇ ਪਸ਼ੂ ਅਤੇ ਨਿਕੰਮੇ ਹਨ ਜਿਹੜੇ ਖਾਣ ਤੋਂ ਸਿਵਾ ਕੁਝ ਵੀ ਨਹੀਂ ਕਰਦੇ।”
13 ਜਿਹੜੇ ਸ਼ਬਦ ਉਸ ਨਬੀ ਨੇ ਆਖੇ ਹਨ ਉਹ ਸੱਚੇ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਦੱਸੋ ਕਿ ਉਹ ਗਲਤ ਹਨ। ਤੁਹਾਨੂੰ ਉਨ੍ਹਾਂ ਨਾਲ ਸਖਤ ਹੋਣਾ ਚਾਹੀਦਾ, ਤਾਂ ਹੀ ਉਹ ਸੱਚੀ ਨਿਹਚਾ ਦਾ ਅਨੁਸਰਣ ਕਰਣਗੇ।
14 ਫ਼ੇਰ ਉਹ ਲੋਕ ਯਹੂਦੀ ਕਹਾਣੀਆਂ ਤੇ ਵਿਸ਼ਵਾਸ ਕਰਨਾ ਬੰਦ ਕਰ ਦੇਣਗੇ, ਅਤੇ ਉਹ ਉਨ੍ਹਾਂ ਲੋਕਾਂ ਦੇ ਆਦੇਸ਼ਾਂ ਨੂੰ ਮੰਨਣੋਂ ਹਟ ਜਾਣਗੇ ਜਿਹੜੇ ਸੱਚ ਦੀ ਪ੍ਰਵਾਹ ਨਹੀਂ ਕਰਦੇ।
15 ਸ਼ੁਧ ਲੋਕਾਂ ਲਈ ਸਭ ਕੁਝ ਸ਼ੁਧ ਹੈ, ਪਰ ਜਿਹੜੇ ਲੋਕ ਪਾਪ ਨਾਲ ਭਰਪੂਰ ਹਨ ਅਤੇ ਨਿਹਚਾ ਨਹੀਂ ਰਖਦੇ, ਉਨ੍ਹਾਂ ਲਈ ਕੁਝ ਵੀ ਸ਼ੁਧ ਨਹੀਂ ਹੈ। ਅਸਲ ਵਿੱਚ, ਉਨ੍ਹਾਂ ਦੀ ਸੋਚ ਦੁਸ਼ਟ ਹੋ ਗਈ ਹੈ ਅਤੇ ਉਨ੍ਹਾਂ ਦੀ ਸਹੀ ਨੂੰ ਜਾਨਣ ਦੀ ਯੋਗਤਾ ਨਸ਼ਟ ਹੋ ਚੁੱਕੀ ਹੈ।
16 ਉਹ ਲੋਕ ਆਖਦੇ ਹਨ ਕਿ ਉਹ ਪਰਮੇਸ਼ੁਰ ਨੂੰ ਜਾਣਦੇ ਹਨ। ਪਰ ਜਿਹੜੇ ਮੰਦੇ ਕੰਮ ਕਰਦੇ ਹਨ ਉਨ੍ਹਾਂ ਤੋਂ ਪਤਾ ਚੱਲਦਾ ਹੈ ਜੋ ਕਿ ਉਹ ਪਰਮੇਸ਼ੁਰ ਨੂੰ ਦਿਲੋਂ ਪ੍ਰਵਾਨ ਨਹੀਂ ਕਰਦੇ। ਉਹ ਬੜੇ ਭਿਆਨਕ ਲੋਕ ਹਨ ਉਹ ਆਗਿਆ ਪਾਲਣ ਤੋਂ ਇਨਕਾਰੀ ਹਨ ਅਤੇ ਉਹ ਕਿਸੇ ਤਰ੍ਹਾਂ ਦਾ ਵੀ ਚੰਗਾ ਕੰਮ ਕਰਨ ਦੇ ਕਾਬਿਲ ਨਹੀਂ ਹਨ।