੧ ਤਿਮੋਥਿਉਸ

ਕਾਂਡ : 1 2 3 4 5 6


ਕਾਂਡ 2

1 ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਰਬਤ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਆਖਦਾ ਹਾਂ। ਸਾਰੇ ਲੋਕਾਂ ਲਈ ਪਰਮੇਸ਼ੁਰ ਨਾਲ ਗੱਲ ਕਰੋ। ਉਸ ਕੋਲੋਂ ਉਹ ਚੀਜ਼ਾਂ ਮੰਗੋ ਜਿਹੜੀਆਂ ਲੋਕਾਂ ਨੂੰ ਲੋੜੀਂਦੀਆਂ ਹਨ, ਅਤੇ ਉਸਦਾ ਸ਼ੁਕਰਾਨਾ ਕਰੋ।
2 ਰਾਜਿਆਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਕਰੋ ਜਿਨ੍ਹਾਂ ਕੋਲ ਅਧਿਕਾਰ ਦੀਆਂ ਪਦਵੀਆਂ ਹਨ। ਉਨ੍ਹਾਂ ਆਗੂਆਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਇੱਕ ਅਜਿਹਾ ਜੀਵਨ ਜਿਉਂ ਸਕੀਏ ਜੋ ਸ਼ਾਂਤ, ਖਾਮੋਸ਼, ਉਪਾਸਨਾ ਨਾਲ ਭਰਪੂਰ ਅਤੇ ਪਰਮੇਸ਼ੁਰ ਨੂੰ ਸਤਿਕਾਰਦਾ ਹੋਵੇ।
3 ਇਹ ਚੰਗਾ ਹੈ, ਅਤੇ ਇਹ ਪਰਮੇਸ਼ੁਰ ਸਾਡੇ ਮੁਕਤੀਦਾਤਾ ਨੂੰ ਪ੍ਰਸੰਨ ਕਰਦਾ ਹੈ।
4 ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਲੋਕ ਮੁਕਤ ਹੋ ਸਕਣ। ਅਤੇ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਸੱਚ ਨੂੰ ਜਾਣ ਲੈਣ।
5 ਪਰਮੇਸ਼ੁਰ ਕੇਵਲ ਇੱਕ ਹੈ। ਅਤੇ ਪਰਮੇਸ਼ੁਰ ਤੱਕ ਪਹੁੰਚਣ ਦਾ ਕੇਵਲ ਇੱਕ ਹੀ ਰਾਹ ਹੈ। ਇਹ ਰਾਹ ਮਸੀਹ ਯਿਸੂ ਰਾਹੀਂ ਹੈ, ਜੋ ਕਿ ਇੱਕ ਇਨਸਾਨ ਹੈ।
6 ਯਿਸੂ ਨੇ ਲੋਕਾਂ ਦੇ ਪਾਪਾਂ ਦੀ ਕੀਮਤ ਆਪਣੇ ਆਪ ਨੂੰ ਭੇਟਾ ਕਰਕੇ ਅਦਾ ਕੀਤੀ। ਯਿਸੂ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਸਮੂਹ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ। ਅਤੇ ਉਹ ਸਹੀ ਸਮੇਂ ਤੇ ਆਇਆ।
7 ਇਹੀ ਕਾਰਣ ਹੈ ਜੋ ਉਸਨੂੰ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਇਹੀ ਕਾਰਣ ਹੈ ਕਿ ਮੈਨੂੰ ਰਸੂਲ ਚੁਣਿਆ ਗਿਆ ਸੀ। ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ। ਮੈਂ ਗੈਰ ਯਹੂਦੀਆਂ ਲਈ ਗੁਰੂ ਦੇ ਤੌਰ ਤੇ ਚੁਣਿਆ ਗਿਆ ਸੀ। ਮੈਂ ਉਨ੍ਹਾਂ ਨੂੰ ਵਿਸ਼ਵਾਸ ਕਰਨ ਅਤੇ ਸੱਚ ਜਾਨਣ ਦੇ ਉਪਦੇਸ਼ ਦਿੰਦਾ ਹਾਂ।
8 ਮੈਂ ਚਾਹੁੰਨਾ ਕਿ ਹਰ ਜਗ਼੍ਹਾ ਆਦਮੀ ਪ੍ਰਾਰਥਨਾ ਕਰਨ। ਲੋਕ ਜਿਹੜੇ ਪ੍ਰਾਰਥਨਾ ਵਿੱਚ ਆਪਣੇ ਹੱਥ ਉੱਪਰ ਚੁੱਕਦੇ ਹਨ ਪਵਿੱਤਰ ਹੋਣੇ ਚਾਹੀਦੇ ਹਨ। ਉਥੇ ਉਹ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਕ੍ਰੋਧ ਕਰਦੇ ਹਨ ਅਤੇ ਝਗੜਦੇ ਹਨ।
9 ਮੈਂ ਇਹ ਵੀ ਚਾਹੁੰਨਾ ਕਿ ਔਰਤਾਂ ਉਹੋ ਜਿਹੇ ਕੱਪੜੇ ਪਾਉਣ ਜਿਹੜੇ ਉਨ੍ਹਾਂ ਲਈ ਢੁਕਵੇਂ ਹੋਣ। ਔਰਤਾਂ ਨੂੰ ਲਾਜ਼ ਅਤੇ ਸੰਜਮ ਸਹਿਤ ਤਿਆਰ ਹੋਣ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਵਾਲਾਂ ਦੀ ਸਜਾਵਟ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਆਪ ਨੂੰ ਸੁੰਦਰ ਦਰਸ਼ਾਉਣ ਲਈ ਸੋਨੇ ਜਾਂ ਹੀਰੇ ਮੋਤੀ ਜਾਂ ਮਹਿੰਗੇ ਕੱਪੜੇ ਨਹੀਂ ਪਹਿਨਣੇ ਚਾਹੀਦੇ।
10 ਪਰ ਉਨ੍ਹਾਂ ਨੂੰ ਚੰਗੇ ਕੰਮਾਂ ਰਾਹੀਂ ਆਪਣੇ ਆਪ ਨੂੰ ਸੁੰਦਰ ਬਨਾਉਣਾ ਚਾਹੀਦਾ ਹੈ। ਉਹ ਔਰਤਾਂ ਜਿਹੜੀਆਂ ਆਖਦੀਆਂ ਹਨ ਕਿ ਉਹ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ, ਉਨ੍ਹਾਂ ਨੂੰ ਇਸ ਢੰਗ ਨਾਲ ਆਪਣੇ ਆਪ ਨੂੰ ਸੁੰਦਰ ਬਨਾਉਣਾ ਚਾਹੀਦਾ ਹੈ।
11 ਔਰਤ ਨੂੰ ਖਾਮੋਸ਼ੀ ਨਾਲ ਸੁਣਨ ਅਤੇ ਹਮੇਸ਼ਾ ਮੰਨਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਸਿਖਣਾ ਚਾਹੀਦਾ ਹੈ।
12 ਮੈਂ ਔਰਤ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਮਰਦ ਨੂੰ ਸਿਖਾਵੇ। ਅਤੇ ਮੈਂ ਔਰਤ ਨੂੰ ਮਰਦ ਉਪਰ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ। ਔਰਤ ਨੂੰ ਖਾਮੋਸ਼ ਰਹਿਣਾ ਚਾਹੀਦਾ ਹੈ।
13 ਕਿਉਂ? ਕਿਉਂਕਿ ਆਦਮ ਨੂੰ ਪਹਿਲਾਂ ਸਾਜਿਆ ਗਿਆ ਸੀ ਅਤੇ ਫ਼ੇਰ ਹਵਾਹ ਬਣਾਈ ਗਈ ਸੀ।
14 ਇਹ ਵੀ, ਕਿ ਉਹ ਆਦਮ ਨਹੀਂ ਸੀ ਜੋ ਸ਼ੈਤਾਨ ਦੁਆਰਾ ਗੁਮਰਾਹ ਕੀਤਾ ਗਿਆ ਸੀ। ਇਹ ਔਰਤ ਸੀ ਜੋ ਗੁਮਰਾਹ ਕੀਤੀ ਗਈ ਸੀ ਅਤੇ ਪਰਮੇਸ਼ੁਰ ਵੱਲ ਅਵਗਿਆਕਾਰੀ ਬਣ ਗਈ।
15 ਪਰ ਔਰਤਾਂ ਨੂੰ ਬੱਚੇ ਪੈਦਾ ਕਰਨ ਦੇ ਆਪਣੇ ਕਾਰਜ ਰਾਹੀਂ ਮੁਕਤੀ ਮਿਲੇਗੀ, ਉਹ ਬਚਾਈਆਂ ਜਾਣਗੀਆਂ ਜੇ ਉਹ ਆਪਣੇ ਵਿਸ਼ਵਾਸ ਵਿੱਚ ਟਿਕੀਆਂ ਰਹਿਣਗੀਆਂ ਅਤੇ ਪਿਆਰ ਅਤੇ ਪਵਿੱਤਰਤਾ ਅਤੇ ਸਹੀ ਢੰਗ ਨਾਲ ਸਵੈ ਉੱਪਰ ਕਾਬੂ ਰੱਖਣਗੀਆਂ।