ਕੁਲੁੱਸੀਆਂ

ਕਾਂਡ : 1 2 3 4


ਕਾਂਡ 3

1 ਜੇਕਰ ਤੁਹਾਡਾ ਪੁਨਰ ਉਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ।
2 ਸਵਰਗ ਦੀਆਂ ਚੀਜ਼ਾਂ ਬਾਰੇ ਹੀ ਸੋਚੋ, ਧਰਤੀ ਦੀਆਂ ਚੀਜ਼ਾਂ ਬਾਰੇ ਨਹੀਂ।
3 ਕਿਉਂ ਕਿ ਤੁਹਾਡਾ ਪੁਰਾਣਾ ਪਾਪੀ ਆਪਾ ਮਰ ਗਿਆ ਅਤੇ ਤੁਹਾਡਾ ਨਵਾਂ ਜੀਵਨ ਮਸੀਹ ਨਾਲ ਪਰਮੇਸ਼ੁਰ ਵਿੱਚ ਰੱਖਿਆ ਗਿਆ ਹੈ।
4 ਮਸੀਹ ਸਾਡਾ ਜੀਵਨ ਹੈ। ਜਦੋਂ ਉਹ ਫ਼ੇਰ ਆਵੇਗਾ, ਤੁਸੀਂ ਉਸਦੀ ਮਹਿਮਾ ਵਿੱਚ ਸ਼ਾਮਿਲ ਹੋਵੋਂਗੇ।
5 ਇਸ ਲਈ ਸਾਰੀਆਂ ਮੰਦੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕਢ ਦਿਓ। ਉਹ ਹਨ; ਜਿਨਸੀ ਪਾਪ, ਅਨੈਤਿਕਤਾ, ਲਾਲਸਾ, ਬੁਰੀਆਂ ਇੱਛਾਵਾਂ ਅਤੇ ਲਾਲਚ ਜੋ ਕਿ ਮੂਰਤੀ ਉਪਾਸਕ ਹਨ।
6 ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ।
7 ਅਤੀਤ ਵਿੱਚ, ਤੁਸੀਂ ਅਜਿਹੇ ਲੋਕਾਂ ਦਾ ਸੰਗ ਕੀਤਾ ਅਤੇ ਇਹ ਸਾਰੀਆਂ ਗੱਲਾਂ ਕੀਤੀਆਂ।
8 ਪਰ ਹੁਣ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕਢ ਦਿਓ; ਨਰਾਜ਼ਗੀ, ਕ੍ਰੋਧ, ਦੁਰਭਾਵਨਾ, ਦੂਸਰਿਆਂ ਦੀ ਬੇਇੱਜ਼ਤੀ ਕਰਨਾ ਅਤੇ ਗੰਦੀ ਭਾਸ਼ਾ ਇਸਤੇਮਾਲ ਕਰਨੀ।
9 ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ।
10 ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ।
11 ਇਸ ਨਵੇਂ ਜੀਵਨ ਵਿੱਚ ਯੂਨਾਨੀਆਂ ਅਤੇ ਯਹੂਦੀਆਂ ਵਿਚਕਾਰ ਕੋਈ ਅੰਤਰ ਨਹੀਂ। ਉਨ੍ਹਾਂ ਲੋਕਾਂ ਵਿਚਕਾਰ ਜਿਨ੍ਹਾਂ ਦੀ ਸੁੰਨਤ ਹੋਈ ਹੈ ਅਤੇ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਜਾਂ ਜਿਹੜੇ ਲੋਕ ਕਿਸੇ ਬਾਹਰਲੇ ਦੇਸ਼ ਦੇ ਜਾਂ ਸਕੂਥੀ ਹਨ, ਕੋਈ ਅੰਤਰ ਨਹੀਂ। ਅਜ਼ਾਦ ਲੋਕਾਂ ਅਤੇ ਗੁਲਾਮਾਂ ਵਿਚਕਾਰ ਕੋਈ ਅੰਤਰ ਨਹੀਂ। ਪਰੰਤੂ ਮਸੀਹ ਉਨ੍ਹਾਂ ਸਮੂਹ ਸ਼ਰਧਾਲੂਆਂ ਵਿੱਚ ਹੈ। ਅਤੇ ਮਸੀਹ ਹੀ ਜਿਹੜਾ ਸਰਬ ਉਚ ਹੈ।
12 ਕਿਉਂਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕੀ ਹੋ। ਉਸਨੇ ਤੁਹਾਨੂੰ ਪਵਿੱਤਰ ਬਣਾਇਆ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਹਮੇਸ਼ਾ ਹਮਦਰਦੀ, ਕਿਰਪਾ, ਨਿਮ੍ਰਤਾ, ਸਜਨਤਾ ਅਤੇ ਸਬਰ ਨਾਲ ਭਰਪੂਰ ਰਹੋ।
13 ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ।
14 ਇਹ ਸਾਰੀਆਂ ਗੱਲਾਂ ਕਰੋ; ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਦੂਸਰੇ ਨੂੰ ਪਿਆਰ ਕਰੋ। ਪਿਆਰ ਹੀ ਉਹ ਤਾਕਤ ਹੈ ਜੋ ਤੁਹਾਨੂੰ ਸਾਰਿਆਂ ਨੂੰ ਸਹੀ ਏਕਤਾ ਵਿੱਚ ਬੰਨ੍ਹਦੀ ਹੈ।
15 ਜੋ ਸ਼ਾਂਤੀ ਮਸੀਹ ਤੁਹਾਨੂੰ ਦਿੰਦਾ ਹੈ ਉਸਨੂੰ ਆਪਣੇ ਉੱਤੇ ਰਾਜ ਕਰਨ ਦਿਉ। ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸ਼ਰੀਰ ਵਿੱਚ ਇਕੱਠਾ ਕੀਤਾ ਗਿਆ ਹੈ। ਹਮੇਸ਼ਾ ਸ਼ੁਕਰਗੁਜ਼ਾਰ ਹੋਵੋ।
16 ਆਪਣੇ ਅੰਦਰ ਮਸੀਹ ਦੀ ਸਿਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ।
17 ਜੋ ਕੁਝ ਵੀ ਤੁਸੀਂ ਆਖਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ, ਇਹ ਪ੍ਰਭੂ ਯਿਸੂ ਦੇ ਨਾਂ ਵਿੱਚ ਹੋਣ ਦਿਉ। ਸਾਰੀਆਂ ਗੱਲਾਂ ਵਿੱਚ, ਯਿਸੂ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ।
18 ਪਤਨੀਓ, ਆਪਣੇ ਪਤੀਆਂ ਦੀ ਆਗਿਆ ਦਾ ਪਾਲਣ ਕਰੋ। ਪ੍ਰਭੂ ਵਿੱਚ ਅਜਿਹਾ ਕਰਨਾ ਹੀ ਠੀਕ ਹੈ।
19 ਪਤੀਓ, ਆਪਣੀਆਂ ਪਤਨੀਆਂ ਨੂੰ ਪਿਆਰ ਕਰੋ ਅਤੇ ਉਨ੍ਹਾਂ ਨਾਲ ਬਤਮੀਜ਼ੀ ਨਾ ਕਰੋ।
20 ਬਚਿਓ, ਹਰ ਗੱਲ ਵਿੱਚ ਆਪਣੇ ਮਾਪਿਆਂ ਦਾ ਆਖਿਆ ਮੰਨੋ। ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ।
21 ਪਿਤਾਓ, ਆਪਣੇ ਬਚਿਆਂ ਨੂੰ ਨਿਰਾਸ਼ਾਜਨਕ ਨਾ ਬਣਾਓ। ਜੇ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਸਖਤ ਹੋਵੋਂਗੇ ਤਾਂ ਉਹ ਕੋਸ਼ਿਸ਼ ਕਰਨੀ ਛੱਡ ਦੇਣਗੇ।
22 ਨੌਕਰੋ, ਹਰ ਚੀਜ਼ ਵਿੱਚ ਆਪਣੇ ਮਾਲਕ ਦਾ ਕਹਿਣਾ ਮੰਨੋ। ਹਮੇਸ਼ਾ ਉਹੀ ਕਰੋ ਜੋ ਤੁਹਾਡਾ ਮਾਲਕ ਤੁਹਾਥੋਂ ਕਰਾਉਣਾ ਚਾਹੁੰਦਾ ਹੈ, ਉਦੋਂ ਵੀ ਜਦੋਂ ਉਹ ਤੁਹਾਨੂੰ ਨਹੀਂ ਵੇਖ ਰਿਹਾ। ਲੋਕਾਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਗੱਲਾਂ ਨਾ ਕਰੋ, ਪਰ ਉਨ੍ਹਾਂ ਨੂੰ ਪੂਰੇ ਦਿਲੋਂ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕਰੋ।
23 ਹਰ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਆਪਣੀ ਪੂਰੀ ਸਮਰਥਾ ਨਾਲ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਲੋਕਾਂ ਲਈ ਨਹੀਂ ਪ੍ਰਭੂ ਲਈ ਕਰ ਰਹੇ ਹੋ।
24 ਯਾਦ ਰਖੋ ਤੁਸੀਂ ਪ੍ਰਭੂ ਪਾਸੋਂ ਆਪਣਾ ਇਨਾਮ ਹਾਸਿਲ ਕਰੋਂਗੇ। ਉਹ ਤੁਹਾਨੂੰ ਉਹੋ ਦੇਵੇਗਾ ਜਿਸਦਾ ਉਸਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਇਹ ਪ੍ਰਭੂ ਮਸੀਹ ਹੈ ਜਿਸਦੀ ਸੇਵਾ ਤੁਸੀਂ ਕਰ ਰਹੇ ਹੋ।
25 ਯਾਦ ਰਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।