ਕਾਂਡ 1
1 ਪੌਲੁਸ ਰਸੂਲ ਵੱਲੋਂ, ਸ਼ੁਭਕਾਮਨਾਵਾਂ। ਮੈਨੂੰ ਮਨੁੱਖਾਂ ਵੱਲੋਂ ਰਸੂਲ ਵਜੋਂ ਨਹੀਂ ਚੁਣਿਆ ਗਿਆ ਸੀ। ਮੈਂ ਲੋਕਾਂ ਦੁਆਰਾ ਨਹੀਂ ਭੇਜਿਆ ਗਿਆ। ਨਹੀਂ। ਯਿਸੂ ਮਸੀਹ ਅਤੇ ਪਰਮੇਸ਼ੁਰ ਪਿਤਾ ਨੇ ਮੈਨੂੰ ਇੱਕ ਰਸੂਲ ਬਣਾਇਆ। ਪਰਮੇਸ਼ੁਰ ਹੀ ਹੈ ਜਿਸਨੇ ਯਿਸੂ ਨੂੰ ਮੌਤ ਤੋਂ ਉਭਾਰਿਆ।
2 ਮਸੀਹ ਵਿੱਚ ਉਨ੍ਹਾਂ ਸਾਰੇ ਭਰਾਵਾਂ ਵੱਲੋਂ ਗਲਾਤਿਯਾ ਵਿਚਲੀਆਂ ਕਲੀਸਿਯਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮੇਰੇ ਨਾਲ ਹਨ।
3 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਸਾਡਾ ਪਿਤਾ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਨੂੰ ਸ਼ਾਂਤੀ ਦੇਵੇਗਾ।
4 ਯਿਸੂ ਨੇ ਸਾਡੇ ਪਾਪਾਂ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ। ਯਿਸੂ ਨੇ ਅਜਿਹਾ ਸਾਨੂੰ ਇਸ ਬਦੀ ਦੀ ਦੁਨੀਆਂ ਤੋਂ ਮੁਕਤ ਕਰਨ ਲਈ ਕੀਤਾ ਜਿਸ ਵਿੱਚ ਅਸੀਂ ਰਹਿੰਦੇ ਹਾਂ। ਇਹੀ ਹੈ ਜੋ ਪਿਤਾ ਪਰਮੇਸ਼ੁਰ ਨੂੰ ਚਾਹੀਦਾ ਸੀ।
5 ਸਦੀਵੀ ਮਹਿਮਾ ਪਰਮੇਸ਼ੁਰ ਨਾਲ ਸੰਬੰਧਿਤ ਹੈ। ਆਮੀਨ।
6 ਥੋੜਾ ਸਮਾਂ ਪਹਿਲਾਂ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪੈਰੋਕਾਰ ਹੋਣ ਲਈ ਬੁਲਾਇਆ ਸੀ। ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਕਿਰਪਾ ਰਾਹੀਂ ਸਦਿਆ। ਪਰ ਮੈਂ ਤੁਸਾਂ ਲੋਕਾਂ ਉੱਤੇ ਬੜਾ ਹੈਰਾਣ ਹਾਂ ਕਿਉਂਕਿ ਤੁਸੀਂ ਇੱਕ ਵਖਰੀ ਖੁਸ਼ ਖਬਰੀ ਵੱਲ ਮੁੜ ਰਹੇ ਹੋ।
7 ਅਸਲ ਵਿੱਚ ਹੋਰ ਕੋਈ ਸੱਚੀ ਖੁਸ਼ ਖਬਰੀ ਹੈ ਹੀ ਨਹੀਂ ਪਰ ਕੁਝ ਲੋਕ ਤੁਹਾਨੂੰ ਸ਼ਸ਼ੋਪੰਚ ਵਿੱਚ ਪਾ ਰਹੇ ਹਨ। ਉਹ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਬਦਲਣਾ ਚਾਹੁੰਦੇ ਹਨ।
8 ਅਸੀਂ ਤੁਹਾਨੂੰ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਇਸ ਲਈ ਜੇਕਰ ਅਸੀਂ ਖੁਦ ਜਾਂ ਸਵਰਗ ਦਾ ਕੋਈ ਦੂਤ ਵੀ ਤੁਹਾਨੂੰ ਇੱਕ ਵਖਰੀ ਤਰ੍ਹਾਂ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ, ਤਾਂ ਉਸਦਾ ਤਿਰਸਕਾਰ ਕਰ ਦੇਣਾ ਚਾਹੀਦਾ ਹੈ।
9 ਇਹ ਗੱਲ ਮੈਂ ਪਹਿਲੋਂ ਵੀ ਆਖੀ ਸੀ ਅਤੇ ਹੁਣ ਮੈਂ ਫ਼ੇਰ ਆਖਦਾ ਹਾਂ ਕਿ ਤੁਸੀਂ ਪਹਿਲਾਂ ਹੀ ਸੱਚੀ ਖੁਸ਼ਖਬਰੀ ਨੂੰ ਪ੍ਰਵਾਨ ਕਰ ਚੁੱਕੇ ਹੋ। ਜੋ ਕੋਈ ਵਿਅਕਤੀ ਤੁਹਾਨੂੰ ਮੁਕਤੀ ਦਾ ਕੋਈ ਹੋਰ ਮਾਰਗ ਦੱਸਦਾ ਹੈ ਉਸਨੂੰ ਨਿੰਦਿਆ ਜਾਣਾ ਚਾਹੀਦਾ ਹੈ।
10 ਕੀ ਹੁਣ ਤੁਸੀਂ ਸੋਚਦੇ ਹੋ ਕਿ ਮੈਂ ਲੋਕਾਂ ਨੂੰ ਆਪਣੇ ਆਪ ਨੂੰ ਕਬੂਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ? ਨਹੀਂ। ਪਰਮੇਸ਼ੁਰ ਹੀ ਹੈ ਜਿਸਨੂੰ ਮੈਂ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੀ ਮੈਂ ਲੋਕਾਂ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇ ਮੈਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੁਦਾ, ਤਾਂ ਮੈਂ ਯਿਸੂ ਮਸੀਹ ਦਾ ਇੱਕ ਸੇਵਕ ਨਾ ਹੁੰਦਾ।
11 ਭਰਾਵੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖੁਸ਼ਖਬਰੀ ਦਾ ਪ੍ਰਚਾਰ ਮੈਂ ਤੁਹਾਨੂੰ ਕੀਤਾ ਸੀ ਉਹ ਮਨੁੱਖਾਂ ਦੀ ਬਣਾਈ ਹੋਈ ਨਹੀਂ ਸੀ।
12 ਮੈਨੂੰ ਇਹ ਖੁਸ਼ਖਬਰੀ ਕਿਸੇ ਮਨੁੱਖ ਵਲੋਂ ਨਹੀਂ ਮਿਲੀ ਸੀ। ਕਿਸੇ ਮਨੁੱਖ ਨੇ ਮੈਨੂੰ ਇਹ ਖੁਸ਼ਖਬਰੀ ਨਹੀਂ ਪੜ੍ਹਾਈ। ਮੈਨੂੰ ਇਹ ਯਿਸੂ ਮਸੀਹ ਨੇ ਦਿੱਤੀ ਸੀ। ਉਸਨੇ ਇਹ ਖੁਸ਼ਖਬਰੀ ਮੈਨੂੰ ਪ੍ਰਗਟ ਕੀਤੀ ਸੀ।
13 ਤੁਸੀਂ ਮੇਰੇ ਪਿਛਲੇ ਜੀਵਨ ਬਾਰੇ ਸੁਣ ਚੁੱਕੇ ਹੋ। ਮੈਂ ਯਹੂਦੀ ਧਰਮ ਦਾ ਅਨੁਯਾਈ ਸਾਂ। ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਇਆ ਸੀ, ਅਤੇ ਮੈਂ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।
14 ਮੈਂ ਯਹੂਦੀ ਧਰਮ ਵਿੱਚ ਆਪਣੀ ਉਮਰ ਦੇ ਹੋਰਨਾਂ ਯਹੂਦੀਆਂ ਨਾਲੋਂ ਵਧੇਰੇ ਵਧ ਰਿਹਾ ਸੀ। ਮੈਂ ਆਪਣੇ ਵੱਲੋਂ ਪੁਰਾਣੀ ਮਰਯਾਦਾ ਦਾ ਅਨੁਸਰਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਨੇਮ ਉਹੀ ਰਿਵਾਜ਼ ਸਨ ਜਿਨ੍ਹਾਂ ਨੂੰ ਅਸੀਂ ਆਪਣੇ ਪੁਰਖਿਆਂ ਤੋਂ ਹਾਸਿਲ ਕੀਤਾ ਸੀ।
15 ਪਰ ਮੇਰੇ ਜਨਮ ਤੋਂ ਵੀ ਪਹਿਲਾਂ, ਮੇਰੇ ਲਈ ਪਰਮੇਸ਼ੁਰ ਦੀ ਖਾਸ ਵਿਉਂਤ ਸੀ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਨਾਲ ਸਦਿਆ।
16 ਪਰਮੇਸ਼ੁਰ ਚਾਹੁੰਦਾ ਸੀ ਕਿ ਮੈਂ ਉਸਦੇ ਪੁੱਤਰ ਬਾਰੇ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦੱਸਾਂ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੇ ਪੁੱਤਰ ਬਾਰੇ ਪ੍ਰਕਾਸ਼ ਕੀਤਾ। ਜਦੋਂ ਪਰਮੇਸ਼ੁਰ ਨੇ ਮੈਨੂੰ ਬੁਲਾਇਆ, ਮੈਂ ਕਿਸੇ ਮਨੁੱਖ ਪਾਸੋਂ ਸਲਾਹ ਜਾਂ ਸਹਾਇਤਾ ਨਹੀਂ ਮੰਗੀ।
17 ਮੈਂ ਯਰੂਸ਼ਲਮ ਵਿੱਚ ਰਸੂਲਾਂ ਨੂੰ ਮਿਲਣ ਨਹੀਂ ਗਿਆ। ਇਹ ਲੋਕ ਮੇਰੇ ਤੋਂ ਵੀ ਪਹਿਲਾਂ ਹੀ ਰਸੂਲ ਸਨ। ਪਰ ਮੈਂ ਤੁਰੰਤ ਅਰਬ ਦੇਸ਼ ਨੂੰ ਚਲਾ ਗਿਆ। ਬਾਦ ਵਿੱਚ ਮੈਂ ਦੰਮਿਸਕ ਸ਼ਹਿਰ ਵਿੱਚ ਵਾਪਸ ਚਲਾ ਗਿਆ।
18 ਤਿੰਨਾਂ ਸਾਲਾਂ ਬਾਦ ਮੈਂ ਯਰੂਸ਼ਲਮ ਚਲਾ ਗਿਆ। ਮੈਂ ਪਤਰਸ ਨੂੰ ਮਿਲਣਾ ਚਾਹੁੰਦਾ ਸਾਂ। ਮੈਂ ਪਤਰਸ ਕੋਲ ਪੰਦਰ੍ਹਾਂ ਦਿਨਾਂ ਤੱਕ ਠਹਿਰਿਆ।
19 ਮੈਂ ਯਿਸੂ ਦੇ ਭਰਾ ਯਾਕੂਬ ਤੋਂ ਬਿਨਾ ਕਿਸੇ ਹੋਰ ਰਸੂਲ ਨੂੰ ਨਹੀਂ ਮਿਲਿਆ।
20 ਪਰਮੇਸ਼ੁਰ ਜਾਣਦਾ ਹੈ ਕਿ ਇਹ ਜਿਹੜੀਆਂ ਗੱਲਾਂ ਮੈਂ ਲਿਖ ਰਿਹਾ ਹਾਂ ਝੂਠੀਆਂ ਨਹੀਂ ਹਨ।
21 ਬਾਦ ਵਿੱਚ ਮੈਂ ਸੁਰਿਯਾ ਤੋਂ ਕਿਲਿਕਿਯਾ ਦੇ ਇਲਾਕੇ ਵੱਲ ਚਲਾ ਗਿਆ।
22 ਯਹੂਦਿਯਾ ਵਿੱਚ ਮਸੀਹ ਦੀਆਂ ਕਲੀਸਿਯਾਵਾਂ ਮੈਨੂੰ ਨਿਜੀ ਤੌਰ ਤੇ ਨਹੀਂ ਮਿਲੀਆਂ।
23 ਉਨ੍ਹਾਂ ਨੇ ਮੇਰੇ ਬਾਰੇ ਇਹੀ ਸੁਣਿਆ ਸੀ; “ਇਹ ਆਦਮੀ ਸਾਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਉਹ ਲੋਕਾਂ ਨੂੰ ਓਸੇ ਵਿਸ਼ਵਾਸ ਦਾ ਪ੍ਰਚਾਰ ਕਰ ਰਿਹਾ ਹੈ ਜਿਸਨੂੰ ਕਦੇ ਉਹ ਤਬਾਹ ਕਰਨਾ ਚਾਹੁੰਦਾ ਸੀ।”
24 ਇਨ੍ਹਾਂ ਆਸਥਾਵਾਨਾਂ ਨੇ ਮੇਰੇ ਵਾਸਤੇ ਪਰਮੇਸ਼ੁਰ ਦੀ ਵਡਿਆਈ ਕੀਤੀ।