ਕਾਂਡ 36
1 "ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਇਸਰਾਏਲ ਦੇ ਪਰਬਤਾਂ ਨੂੰ ਯਹੋਵਾਹ ਦਾ ਸ਼ਬਦ ਸੁਣਨ ਲਈ ਆਖ!
2 ਉਨ੍ਹਾਂ ਨੂੰ ਦੱਸ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, 'ਦੁਸ਼ਮਣ ਨੇ ਤੁਹਾਡੇ ਵਿਰੁੱਧ ਮੰਦੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਆਖਿਆ! ਆਹਾ! ਹੁਣ ਪ੍ਰਾਚੀਨ ਪਰਬਤ ਸਾਡੇ ਹੋ ਜਾਣਗੇ।'
3 "ਇਸ ਲਈ ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ। 'ਦੁਸ਼ਮਣ ਨੇ ਤੁਹਾਡੇ ਸ਼ਹਿਰਾਂ ਨੂੰ ਤਬਾਹ ਕੀਤਾ ਅਤੇ ਤੁਹਾਡੇ ਉੱਤੇ ਹਰ ਪਾਸਿਓ ਹਮਲਾ ਕੀਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਤੁਸੀਂ ਹੋਰਨਾਂ ਕੌਮਾਂ ਦੇ ਹੋ ਜਾਓ। ਫ਼ੇਰ ਲੋਕਾਂ ਨੇ ਕਾਨਾਫੂਸੀ ਕੀਤੀ ਅਤੇ ਤੁਹਾਡੇ ਬਾਰੇ ਮੰਦੀਆਂ ਗੱਲਾਂ ਆਖੀਆਂ।"'
4 ਇਸ ਲਈ, ਇਸਰਾਏਲ ਦੇ ਪਰਬਤੋਂ, ਮੇਰੇ ਪ੍ਰਭੂ ਯਹੋਵਾਹ ਦੇ ਸ਼ਬਦ ਨੂੰ ਸੁਣੋ! ਮੇਰਾ ਪ੍ਰਭੂ ਯਹੋਵਾਹ ਪਰਬਤਾਂ, ਪਹਾੜੀਆਂ,ਨਹਿਰਾਂ, ਵਾਦੀਆਂ, ਵੀਰਾਨ ਉਜਾੜਾਂ ਅਤੇ ਉਨ੍ਹਾਂ ਛੱਡੇ ਹੋਏ ਸ਼ਹਿਰਾਂ ਬਾਰੇ ਇਹ ਆਖਦਾ ਹੈ, ਜਿਨ੍ਹਾਂ ਨੂੰ ਆਲੇ-ਦੁਆਲੇ ਦੀਆਂ ਹੋਰਨਾਂ ਕੌਮਾਂ ਵੱਲੋਂ ਲੁਟਿਆ ਗਿਆ ਹੈ ਅਤੇ ਉਨ੍ਹਾਂ ਉੱਪਰ ਹਸਿਆ ਗਿਆ ਹੈ।
5 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਮੈਂ ਸਹੁੰ ਖਾਂਦਾ ਹਾਂ, ਮੈਂ ਆਪਣੀਆਂ ਬਲਵਾਨ ਭਾਵਨਾਵਾਂ ਨੂੰ ਪ੍ਰਗਟ ਹੋਣ ਦਿਆਂਗਾ! ਮੈਂ ਅਦੋਮ ਅਤੇ ਹੋਰਨਾਂ ਕੌਮਾਂ ਨੂੰ ਆਪਣਾ ਕਹਿਰ ਮਹਿਸੂਸ ਕਰਾਵਾਂਗਾ। ਉਨ੍ਹਾਂ ਕੌਮਾਂ ਨੇ ਮੇਰੀ ਧਰਤੀ ਆਪਣੀ ਬਣਾ ਲਈ। ਉਨ੍ਹਾਂ ਕੋਲ ਉਦੋਂ ਸੱਚਮੁੱਚ ਚੰਗਾ ਸਮਾਂ ਸੀ ਜਦੋਂ ਉਨ੍ਹਾਂ ਨੇ ਇਹ ਦਰਸਾਇਆ ਸੀ ਕਿ ਉਹ ਇਸ ਧਰਤੀ ਨੂੰ ਕਿੰਨੀ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਧਰਤੀ ਆਪਣੀ ਖਾਤਰ ਲੈ ਲਈ ਤਾਂ ਜੋ ਇਸਨੂੰ ਤਬਾਹ ਕਰ ਸਕਣ!"
6 "ਇਸ ਲਈ, ਇਸਰਾਏਲ ਦੀ ਧਰਤੀ ਬਾਰੇ ਇਹ ਗੱਲਾਂ ਆਖ। ਪਰਬਤਾਂ, ਪਹਾੜੀਆਂ, ਨਹਿਰਾਂ ਅਤੇ ਵਾਦੀਆਂ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, 'ਮੈਂ ਆਪਣੀਆਂ ਬਲਵਾਨ ਭਾਵਨਾਵਾਂ ਅਤੇ ਕਹਿਰ ਨੂੰ ਜ਼ੁਬਾਨ ਦਿਆਂਗਾ। ਕਿਉਂ? ਕਿਉਂ ਕਿ ਤੁਹਾਨੂੰ ਹੋਰਨਾਂ ਕੌਮਾਂ ਵੱਲੋਂ ਬੇਇੱਜ਼ਤੀ ਝਲ੍ਲਣੀ ਪਈ।"'
7 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਮੈਂ ਹੀ ਹਾਂ ਜਿਹੜਾ ਇਹ ਇਕਰਾਰ ਕਰ ਰਿਹਾ ਹੈ! ਮੈਂ ਸੌਂਹ ਖਾਂਦਾ ਹਾਂ ਕਿ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਉਨ੍ਹਾਂ ਬੇਇੱਜ਼ਤੀਆਂ ਲਈ ਦੁੱਖ ਭੋਗਣਾ ਪਵੇਗਾ।
8 "ਪਰ ਇਸਰਾਏਲ ਦੇ ਪਰਬਤੋਂ, ਤੁਸੀਂ ਇਸਰਾਏਲ ਦੇ ਮੇਰੇ ਲੋਕਾਂ ਲਈ ਨਵੇਂ ਰੁੱਖ ਉਗਾਵੋਁਗੇ ਅਤੇ ਫ਼ਲ ਪੈਦਾ ਕਰੋਗੇ। ਮੇਰੇ ਲੋਕ ਛੇਤੀ ਹੀ ਵਾਪਸ ਆਉਣਗੇ।
9 ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੀ ਸਹਾਇਤਾ ਕਰਾਂਗਾ ਲੋਕ ਤੇਰੀ ਜ਼ਮੀਨ ਵਾਹੁਣਗੇ। ਲੋਕ ਤੇਰੇ ਅੰਦਰ ਬੀਜ ਪਾਉਣਗੇ।
10 ਤੇਰੇ ਉੱਤੇ ਰਹਿਣ ਵਾਲੇ ਬਹੁਤ-ਬਹੁਤ ਸਾਰੇ ਲੋਕ ਹੋਣਗੇ। ਇਸਰਾਏਲ ਦਾ ਪੂਰਾ ਪਰਿਵਾਰ - ਉਹ ਸਾਰੇ ਦਾ ਸਾਰਾ ਇੱਥੇ ਰਹੇਗਾ। ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਹੋਣਗੇ। ਬਰਬਾਦ ਹੋਈਆਂ ਥਾਵਾਂ ਨਵੀਆਂ ਵਾਂਗ ਫ਼ੇਰ ਉਸਾਰੀਆਂ ਜਾਣਗੀਆਂ।
11 "ਮੈਂ ਤੈਨੂੰ ਬਹੁਤ ਸਾਰੇ ਬੰਦੇ ਅਤੇ ਜਾਨਵਰ ਦੇਵਾਂਗਾ। ਅਤੇ ਉਹ ਵਧ੍ਧਣ ਫੁੱਲਣਗੇ ਅਤੇ ਉਨ੍ਹਾਂ ਦੇ ਬਹੁਤ ਔਲਾਦ ਹੋਵੇਗੀ। ਮੈਂ ਅਤੀਤ ਵਾਂਗ ਤੇਰੇ ਉੱਤੇ ਰਹਿਣ ਲਈ ਲੋਕਾਂ ਨੂੰ ਲਿਆਵਾਂਗਾ। ਮੈਂ ਤੇਰੇ ਲਈ ਇਸਨੂੰ ਪਹਿਲਾਂ ਨਾਲੋਂ ਬਿਹਤਰ ਬਣਾ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।
12 "ਹਾਂ, ਮੈਂ ਬਹੁਤ ਸਾਰੇ ਲੋਕਾਂ, ਇਸਰਾਏਲ ਦੇ ਲੋਕਾਂ ਦੀ ਅਗਵਾਈ ਤੇਰੀ ਧਰਤੀ ਵੱਲ ਕਰਾਂਗਾ। ਤੂੰ ਉਨ੍ਹਾਂ ਦੀ ਜਾਇਦਾਦ ਹੋਵੇਂਗਾ। ਅਤੇ ਤੂੰ ਫ਼ੇਰ ਕਦੇ ਵੀ ਉਨ੍ਹਾਂ ਕੋਲੋਂ ਬੱਚੇ ਨਹੀਂ ਖੋਹੇਁਗਾ।"
13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਇਸਰਾਏਲ ਦੀ ਧਰਤੀ, ਲੋਕੀ ਤੈਨੂੰ ਮੰਦੀਆਂ ਗੱਲਾਂ ਆਖਦੇ ਹਨ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਨੂੰ ਤਬਾਹ ਕਰ ਦਿੱਤਾ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਕੋਲੋਂ ਬੱਚੇ ਖੋਹ ਲੇ।
14 ਪਰ ਤੂੰ ਲੋਕਾਂ ਨੂੰ ਹੁਣ ਫ਼ੇਰ ਨਹੀਂ ਤਬਾਹ ਕਰੇਂਗਾ। ਤੂੰ ਉਨ੍ਹਾਂ ਦੇ ਬੱਚਿਆਂ ਨੂੰ ਫੇਰ ਨਹੀਂ ਖੋਹੇਁਗਾ।" ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
15 "ਮੈਂ ਉਨ੍ਹਾਂ ਹੋਰਨਾਂ ਕੌਮਾਂ ਨੂੰ ਹੋਰ ਵਧੇਰੇ ਤੈਨੂੰ ਬੇਇੱਜ਼ਤ ਨਹੀਂ ਕਰਨ ਦਿਆਂਗਾ। ਤੂੰ ਉਨ੍ਹਾਂ ਲੋਕਾਂ ਦੁਆਰਾ ਹੋਰ ਵਧੇਰੇ ਨਹੀਂ ਸਤਾਇਆ ਜਾਵੇਂਗਾ। ਤੁਸੀਂ ਫ਼ੇਰ ਤੋਂ ਆਪਣੇ ਲੋਕਾਂ ਪਾਸੋਂ ਬੱਚੇ ਨਹੀਂ ਲਵੋਂਗੇ।" ਯਹੋਵਾਹ ਮੇਰੇ ਪ੍ਰਭੂ ਨੇ ਉਹ ਗੱਲਾਂ ਆਖੀਆਂ।
16 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,
17 "ਆਦਮੀ ਦੇ ਪੁੱਤਰ ਇਸਰਾਏਲ ਦਾ ਪਰਿਵਾਰ ਆਪਣੇ ਦੇਸ਼ ਵਿੱਚ ਰਹਿੰਦਾ ਸੀ। ਪਰ ਉਨ੍ਹਾਂ ਨੇ ਆਪਣੇ ਮੰਦੇ ਅਮਲਾਂ ਨਾਲ ਉਸ ਧਰਤੀ ਨੂੰ ਨਾਪਾਕ ਕਰ ਦਿੱਤਾ। ਮੇਰੇ ਲਈ ਉਹ ਉਸ ਔਰਤ ਵਰਗੇ ਸਨ ਜਿਹੜੀ ਆਪਣੀ ਮਾਹਵਾਰੀ ਆਉਣ ਤੇ ਪਲੀਤ ਹੋ ਜਾਂਦੀ ਹੈ।
18 ਉਨ੍ਹਾਂ ਨੇ ਧਰਤੀ ਉੱਤੇ ਖੂਨ ਡੋਲ੍ਹਿਆ ਜਦੋਂ ਉਨ੍ਹਾਂ ਨੇ ਉਸ ਧਰਤੀ ਉੱਤੇ ਲੋਕਾਂ ਨੂੰ ਕਤਲ ਕੀਤਾ। ਉਨ੍ਹਾਂ ਨੇ ਆਪਣੇ ਬੁੱਤਾਂ ਰਾਹੀਂ ਧਰਤੀ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਦਰਸਾਇਆ ਕਿ ਮੈਂ ਕਿੰਨਾ ਕਹਿਰਵਾਨ ਸਾਂ।
19 ਮੈਂ ਉਨ੍ਹਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿੱਤਾ ਅਤੇ ਸਾਰੀਆਂ ਧਰਤੀਆਂ ਉੱਤੇ ਫ਼ੈਲਾ ਦਿੱਤਾ। ਮੈਂ ਉਨ੍ਹਾਂ ਨੂੰ ਉਹ ਸਜ਼ਾ ਦਿੱਤੀ ਜਿਹੜੀ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਕਰਕੇ ਮਿਲਣੀ ਚਾਹੀਦੀ ਸੀ।
20 ਪਰ ਉਨ੍ਹਾਂ ਨੇ ਉਨ੍ਹਾਂ ਹੋਰਨਾਂ ਕੌਮਾਂ ਅੰਦਰ ਵੀ ਮੇਰੀ ਨੇਕਨਾਮੀ ਨੂੰ ਬਰਬਾਦ ਕਰ ਦਿੱਤਾ। ਕਿਵੇਂ? ਉਨ੍ਹਾਂ ਕੌਮਾਂ ਨੇ ਆਖਿਆ, 'ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੇ ਉਸਦੀ ਧਰਤੀ ਛੱਡ ਦਿੱਤੀ। ਇਸ ਲਈ ਅਵੱਸ਼ ਹੀ ਯਹੋਵਾਹ ਵਿੱਚ ਕੁਝ ਦੋਸ਼ ਹੋਵੇਗਾ!'
21 "ਇਸਰਾਏਲ ਦੇ ਲੋਕਾਂ ਨੇ, ਜਿਹੜੀਆਂ ਥਾਵਾਂ ਉੱਤੇ ਵੀ ਉਹ ਗਏ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਅਤੇ ਮੈਨੂੰ ਆਪਣੇ ਨਾਮ ਉੱਤੇ ਅਫ਼ਸੋਸ ਹੋਇਆ।
22 ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, 'ਇਸਰਾਏਲ ਦੇ ਪਰਿਵਾਰ, ਤੂੰ ਜਿੱਥੇ ਵੀ ਗਿਆ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਮੈਂ ਇਸਨੂੰ ਰੋਕਣ ਲਈ ਕੁਝ ਕਰਨ ਜਾ ਰਿਹਾ ਹਾਂ। ਇਸਰਾਏਲ, ਮੈਂ ਤੇਰੀ ਖਾਤਰ ਅਜਿਹਾ ਨਹੀਂ ਕਰਾਂਗਾ! ਮੈਂ ਅਜਿਹਾ ਆਪਣੇ ਪਵਿੱਤਰ ਨਾਮ ਖਾਤਰ ਕਰਾਂਗਾ।
23 ਮੈਂ ਉਨ੍ਹਾਂ ਕੌਮਾਂ ਨੂੰ ਦਰਸਾ ਦਿਆਂਗਾ ਕਿ ਮੇਰਾ ਮਹਾਨ ਨਾਮ ਸੱਚਮੁੱਚ ਪਵਿੱਤਰ ਹੈ। ਤੂੰ ਉਨ੍ਹਾਂ ਕੌਮਾਂ ਵਿੱਚ ਮੇਰੀ ਨੇਕਨਾਮੀ ਬਰਬਾਦ ਕਰ ਦਿੱਤੀ! ਪਰ ਮੈਂ ਤੈਨੂੰ ਦਰਸਾ ਦਿਆਂਗਾ ਕਿ ਮੈਂ ਪਵਿੱਤਰ ਹਾਂ। ਮੈਂ ਤੈਨੂੰ ਮੇਰੇ ਨਾਮ ਦਾ ਆਦਰ ਕਰਨ ਲਈ ਮਜ਼ਬੂਰ ਕਰਾਂਗਾ। ਅਤੇ ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"' ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
24 ਪਰਮੇਸ਼ੁਰ ਨੇ ਆਖਿਆ, "ਮੈਂ ਤੈਨੂੰ ਉਨ੍ਹਾਂ ਕੌਮਾਂ ਤੋਂ ਬਾਹਰ ਕੱਢ ਲਵਾਂਗਾ, ਤੁਹਾਨੂੰ ਇਕਠਿਆਂ ਕਰਾਂਗਾ, ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲਿਆਵਾਂਗਾ।
25 ਫ਼ੇਰ ਮੈਂ ਤੁਹਾਡੇ ਉੱਤੇ ਸ਼ੁਧ੍ਧ ਪਾਣੀ ਛਿੜਕਾਂਗਾ ਅਤੇ ਤੁਹਾਨੂੰ ਸ਼ੁਧ੍ਧ ਕਰਾਂਗਾ। ਮੈਂ ਤੁਹਾਡੀ ਸਾਰੀ ਮੈਲ ਧੋ ਦਿਆਂਗਾ। ਮੈਂ ਉਨ੍ਹਾਂ ਘਿਰਣਿਤ ਬੁੱਤਾਂ ਦੀ ਸਾਰੀ ਮੈਲ ਧੋ ਦਿਆਂਗਾ ਅਤੇ ਤੁਹਾਨੂੰ ਪਵਿੱਤਰ ਬਣਾ ਦਿਆਂਗਾ।"
26 ਪਰਮੇਸ਼ੁਰ ਨੇ ਆਖਿਆ, "ਮੈਂ ਤੁਹਾਡੇ ਅੰਦਰ ਨਵਾਂ ਆਤਮਾ ਪਾਵਾਂਗਾ ਅਤੇ ਤੁਹਾਡੇ ਸੋਚਣ ਦੇ ਢੰਗ ਨੂੰ ਬਦਲ ਦਿਆਂਗਾ। ਮੈਂ ਤੁਹਾਡੇ ਸ਼ਰੀਰ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਇੱਕ ਕੋਮਲ ਮਨੁੱਖੀ ਦਿਲ ਦੇਵਾਂਗਾ।
27 ਅਤੇ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਰੱਖ ਦਿਆਂਗਾ। ਮੈਂ ਤੁਹਾਨੂੰ ਇਸ ਤਰ੍ਹਾਂ ਬਦਲ ਦਿਆਂਗਾ ਕਿ ਤੁਸੀਂ ਮੇਰੇ ਕਨੂੰਨਾ ਨੂੰ ਮੰਨੋਗੇ। ਤੁਸੀਂ ਮੇਰੇ ਆਦੇਸ਼ਾਂ ਨੂੰ ਧਿਆਨ ਨਾਲ ਪ੍ਰਵਾਨ ਕਰੋਂਗੇ।
28 ਫ਼ੇਰ ਤੁਸੀਂ ਉਸ ਧਰਤੀ ਉੱਤੇ ਰਹੋਁਗੇ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਬੰਦੇ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।"
29 ਪਰਮੇਸ਼ੁਰ ਨੇ ਆਖਿਆ, "ਇਸਤੋਂ ਇਲਾਵਾ, ਮੈਂ ਤੁਹਾਨੂੰ ਬਚਾਵਾਂਗਾ ਵੀ ਅਤੇ ਨਾਪਾਕ ਹੋ ਜਾਣ ਤੋਂ ਦੂਰ ਰੱਖਾਂਗਾ। ਮੈਂ ਅਨਾਜ਼ ਨੂੰ ਉੱਗਣ ਦਾ ਆਦੇਸ਼ ਦੇਵਾਂਗਾ ਮੈਂ ਤੁਹਾਡੇ ਵਿਰੁੱਧ ਭੁੱਖਮਾਰੀ ਦਾ ਸਮਾਂ ਨਹੀਂ ਲਿਆਵਾਂਗਾ।
30 ਮੈਂ ਤੁਹਾਨੂੰ ਤੁਹਾਡੇ ਰੁੱਖਾਂ ਤੇੇ ਫ਼ਲਾਂ ਦੀਆਂ ਵੱਡੀਆਂ ਫ਼ਸਲਾਂ ਅਤੇ ਤੁਹਾਡੇ ਖੇਤਾਂ ਵਿੱਚੋਂ ਵਾਢੀਆਂ ਦੇਵਾਂਗਾ ਤਾਂ ਜੋ ਫ਼ੇਰ ਕਦੇ ਵੀ ਤੁਸੀਂ ਬਿਗਾਨੇ ਦੇਸ ਵਿੱਚ ਭੁੱਖੇ ਹੋਣ ਦੀ ਸ਼ਰਮ ਮਹਿਸੂਸ ਨਾ ਕਰੋ।
31 ਤੁਸੀਂ ਆਪਣੇ ਮੰਦੇ ਕੰਮਾਂ ਨੂੰ ਯਾਦ ਕਰੋਂਗੇ। ਤੁਸੀਂ ਯਾਦ ਕਰੋਗੇ ਕਿ ਉਹ ਗੱਲਾਂ ਚੰਗੀਆਂ ਨਹੀਂ ਸਨ। ਫ਼ੇਰ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਭਿਆਨਕ ਕਾਰਿਆਂ ਕਾਰਣ ਆਪਣੇ ਆਪਨੂੰ ਨਫ਼ਰਤ ਕਰੋਂਗੇ।"
32 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲਾਂ ਚੇਤੇ ਰੱਖੋ: ਮੈਂ ਇਹ ਗੱਲਾਂ ਤੁਹਾਡੇ ਭਲੇ ਵਾਸਤੇ ਨਹੀਂ ਕਰ ਰਿਹਾ! ਮੈਂ ਇਹ ਆਪਣੀ ਨੇਕ ਨਾਮੀ ਲਈ ਕਰ ਰਿਹਾ ਹਾਂ! ਇਸਰਾਏਲ ਦੇ ਪਰਿਵਾਰ, ਤੈਨੂੰ ਆਪਣੇ ਜੀਵਨ ਢੰਗ ਬਾਰੇ ਸ਼ਰਮਸਾਰ ਅਤੇ ਨਮੋਸ਼ੀ ਭਰਿਆ ਹੋਣਾ ਚਾਹੀਦਾ ਹੈ!"
33 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਉਸ ਦਿਨ, ਜਦੋਂ ਮੈਂ ਤੁਹਾਡੇ ਪਾਪ ਧੋਵਾਂਗਾ। ਮੈਂ ਲੋਕਾਂ ਨੂੰ ਤੁਹਾਡੇ ਸ਼ਹਿਰ ਵਿੱਚ ਵਾਪਸ ਲੈ ਆਵਾਂਗਾ। ਉਹ ਵੀਰਾਨ ਹੋਏ ਸ਼ਹਿਰ ਫ਼ੇਰ ਆਬਾਦ ਹੋ ਜਾਣਗੇ।
34 "ਲੋਕ ਫ਼ੇਰ ਜ਼ਮੀਨ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਜੋ ਜਦੋਂ ਹੋਰ ਲੋਕ ਕੋਲੋਂ ਲੰਘਣ ਤਾਂ ਉਨ੍ਹਾਂ ਨੂੰ ਬਰਬਾਦੀ ਫ਼ੇਰ ਨਜ਼ਰ ਨਾ ਆਵੇ।
35 ਉਹ ਆਖਣਗੇ, 'ਅਤੀਤ ਵਿੱਚ ਇਹ ਧਰਤੀ ਵੀਰਾਨ ਹੋ ਗਈ ਸੀ। ਪਰ ਹੁਣ ਇਹ ਬਾਗ਼ੇ ਅਦਨ ਵਾਂਗ ਹੈ। ਸ਼ਹਿਰ ਤਬਾਹ ਹੋ ਗਏ ਸਨ। ਉਹ ਵੀਰਾਨ ਅਤੇ ਉਜਾੜ ਹੋ ਗਏ ਸਨ। ਪਰ ਹੁਣ ਉਹ ਸੁਰਖਿਅਤ ਹਨ ਅਤੇ ਉਨ੍ਹਾਂ ਅੰਦਰ ਲੋਕ ਬਚਾਉ ਕਰਦੇ ਹਨ।"'
36 ਪਰਮੇਸ਼ੁਰ ਨੇ ਆਖਿਆ, "ਫ਼ੇਰ ਉਹ ਕੌਮਾਂ ਜਿਹੜੀਆਂ ਹਾਲੇ ਵੀ ਤੁਹਾਡੇ ਆਲੇ-ਦੁਆਲੇ ਹਨ, ਜਾਣ ਲੈਣਗੀਆਂ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਉਜੜੀਆਂ ਥਾਵਾਂ ਨੂੰ ਫ਼ੇਰ ਵਸਾ ਦਿੱਤਾ ਹੈ। ਮੈਂ ਇਸ ਉਜਾੜ ਜ਼ਮੀਨ ਵਿੱਚ ਚੀਜ਼ਾਂ ਬੀਜੀਆਂ। ਮੈਂ ਯਹੋਵਾਹ ਹਾਂ। ਮੈਂ ਇਹ ਗੱਲਾਂ ਆਖੀਆਂ ਅਤੇ ਮੈਂ ਇਨ੍ਹਾਂ ਨੂੰ ਵਾਪਰਨ ਦੇਵਾਂਗਾ!"
37 ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, "ਮੈਂ ਇਸਰਾਏਲ ਦੇ ਪਰਿਵਾਰ ਨੂੰ ਵੀ ਆਪਣੇ ਕੋਲ ਆਉਣ ਦੇਵਾਂਗਾ ਅਤੇ ਉਨ੍ਹਾਂ ਖਾਤਰ ਇਹ ਗੱਲਾਂ ਕਰਨ ਲਈ ਮੈਥੋਂ ਮੰਗ ਕਰਨ ਦੇਵਾਂਗਾ। ਮੈਂ ਉਨ੍ਹਾਂ ਨੂੰ ਵਧ੍ਧਣ ਦੇਵਾਂਗਾ ਅਤੇ ਬਹੁਤ-ਬਹੁਤ ਸਾਰੇ ਲੋਕ ਬਨਣ ਦਿਆਂਗਾ। ਉਹ ਭੇਡਾਂ ਦੇ ਇੱਜੜ ਵਾਂਗ ਹੋਣਗੇ।
38 ਖਾਸ ਤਿਉਹਾਰਾਂ ਦੇ ਮੌਕੇ ਤੇ ਯਰੂਸ਼ਲਮ ਉਨ੍ਹਾਂ ਭੇਡਾਂ ਅਤੇ ਬੱਕਰੀਆਂ ਦੇ ਇੱਜੜ ਨਾਲ ਭਰਿਆ ਹੁੰਦਾ ਹੈ ਜਿਨ੍ਹਾਂ ਨੂੰ ਪਵਿੱਤਰ ਬਣਾਇਆ ਗਿਆ ਹੁੰਦਾ ਹੈ। ਇਸੇ ਤਰ੍ਹਾਂ ਹੀ, ਸ਼ਹਿਰ ਅਤੇ ਉਜਾੜ ਥਾਵਾਂ ਲੋਕਾਂ ਦੇ ਇੱਜੜਾਂ ਨਾਲ ਭਰ ਜਾਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"