ਕਾਂਡ 5
1 ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤੇ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ ਦੇ ਰੋਗ ਤੋਂ ਬੜਾ ਦੁੱਖੀ ਸੀ।
2 ਅਰਾਮੀ ਸੈਨਾ ਨੇ ਇਸਰਾਏਲ ਵਿੱਚ ਲੜਨ ਲਈ ਬਹੁਤ ਸਾਰੇ ਟੋਲੇ ਭੇਜੇ। ਤੇ ਉਹ ਸਿਪਾਹੀ ਲੋਕਾਂ ਨੂੰ ਚੁੱਕ ਕੇ ਆਪਣੇ ਗੁਲਾਮ ਬਣਾ ਲੈਂਦੇ। ਇੱਕ ਵਾਰੀ ਉਹ ਇਸਰਾਏਲ ਤੋਂ ਇੱਕ ਨਿੱਕੀ ਜਿਹੀ ਕੁੜੀ ਚੁੱਕ ਲਿਆਏ ਜੋ ਕਿ ਨਅਮਾਨ ਦੀ ਵਹੁਟੀ ਦੀ ਗੋਲੀ ਬਣ ਗਈ।
3 ਇੱਕ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, "ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸਦੇ ਕੋੜ ਤੋਂ ਉਸਨੂੰ ਮੁਕਤ ਕਰ ਸਕਦਾ ਹੈ।"
4 ਨਅਮਾਨ ਆਪਣੇ ਮਾਲਕ (ਅਰਾਮ ਦੇ ਰਾਜੇ) ਕੋਲ ਗਿਆ ਅਤੇ ਉਸਨੂੰ ਉਹ ਦੱਸਿਆ ਜੋ ਉਸ ਇਸਰਾਏਲੀ ਕੁੜੀ ਨੇ ਆਖਿਆ ਸੀ।
5 ਤੱਦ ਅਰਾਮ ਦੇ ਰਾਜੇ ਨੇ ਆਖਿਆ, "ਹੁਣੇ ਜਾ ਅਤੇ ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਭੇਜਦਾ ਹਾਂ।"ਤੱਦ ਨਅਮਾਨ ਇਸਰਾਏਲ ਨੂੰ ਗਿਆ, ਅਤੇ ਆਪਣੇ ਨਾਲ ਕੁਝ ਸੁਗਾਤਾਂ ਵੀ ਲੈ ਗਿਆ। ਉਸਨੇ
340 ਕਿੱਲੋ ਚਾਂਦੀ,
6000 ਸੋਨੇ ਦੇ ਸਿੱਕੇ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲੇ।
6 ਉਹ ਇਸਰਾਏਲ ਦੇ ਪਾਤਸ਼ਾਹ ਕੋਲ ਉਹ ਚਿੱਠੀ ਲਿਆਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਤੀਕ ਪਹੁੰਚੇ ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਤਾਂ ਜੋ ਤੂੰ ਉਸਦੇ ਕੋੜ ਨੂੰ ਚੰਗਿਆਂ ਕਰ ਦੇਵੇਂ।
7 ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪਢ਼ੀ ਤਾਂ ਉਸਨੇ ਆਪਣੇ ਕੱਪੜੇ ਫ਼ਾੜ ਕੇ ਇਹ ਦਰਸਾਇਆ ਕਿ ਉਹ ਉਦਾਸ ਹੈ ਅਤੇ ਪਰੇਸ਼ਾਨ ਹੈ। ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, "ਕੀ ਮੈਂ ਪਰਮੇਸ਼ੁਰ ਹਾਂ? ਨਹੀਂ! ਮੈਂ ਜੀਵਨ ਅਤੇ ਮੌਤ ਉੱਪਰ ਕੋਈ ਅਧਿਕਾਰ ਨਹੀਂ ਤਾਂ ਫ਼ਿਰ ਭਲਾ ਮੈਂ ਇਸ ਕੋਹੜੀ ਮਨੁੱਖ ਨੂੰ ਇਸਦੇ ਕੋੜ ਤੋਂ ਕਿਵੇਂ ਮੁਕਤ ਕਰ ਸਕਦਾ ਹਾਂ। ਤਾਂ ਫ਼ਿਰ ਉਸਨੇ ਭਲਾ ਇਸਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜ਼ਰਾ ਧਿਆਨ ਨਾਲ ਸੋਚੋ ਤਾਂ ਪਤਾ ਚੱਲੇਗਾ ਕਿ ਇਹ ਉਸਦੀ ਚਾਲ ਹੈ। ਇਸਦਾ ਮਤਲਬ ਅਰਾਮ ਦਾ ਰਾਜਾ ਮੇਰੇ ਨਾਲ ਲੜਾਈ ਲੜਨ ਦੀ ਵਿਉਂਤ ਕਰ ਰਿਹਾ ਹੈ।"
8 ਜਦੋਂ ਅਲੀਸ਼ਾ ਨੂੰ ਇਹ ਖਬਰ ਮਿਲੀ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਕੱਪੜੇ ਫ਼ਾੜੇ ਹਨ ਅਤੇ ਉਹ ਉਦਾਸ ਅਤੇ ਪਰੇਸ਼ਾਨ ਹੈ ਤਾਂ ਅਲੀਸ਼ਾ ਨੇ ਪਾਤਸ਼ਾਹ ਨੂੰ ਇਹ ਸੁਨਿਹਾ ਭੇਜਿਆ, "ਤੂੰ ਆਪਣੇ ਵਸਤਰ ਕਿਉਂ ਫ਼ਾੜਦਾ ਹੈਂ? ਤੂੰ ਉਸ ਨਅਮਾਨ ਨੂੰ ਮੇਰੇ ਕੋਲ ਭੇਜਦੇ ਤਾਂ ਜੋ ਉਸਨੂੰ ਪਤਾ ਚੱਲੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।"
9 ਤਾਂ ਨਅਮਾਨ ਆਪਣੇ ਘੋੜਿਆਂ ਅਤੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਖੜੋਗਿਆ।
10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਕਹਿ ਕੇ ਉਸ ਕੋਲ ਭੇਜਿਆ ਕਿ ਜਾਹ ਅਤੇ ਜਾਕੇ ਯਰਦਨ ਨਦੀ ਵਿੱਚ ਸੱਤ ਚੁਬ੍ਬੀਆਂ ਮਾਰ ਤਾਂ ਤੇਰਾ ਕੋੜ ਕਟਿਆ ਜਾਵੇਗਾ ਅਤੇ ਤੂੰ ਬਿਲਕੁਲ ਪਾਕ ਪਵਿੱਤਰ ਹੋ ਜਾਵੇਂਗਾ।
11 ਨਅਮਾਨ ਬੜੇ ਕਰੋਧ ਵਿੱਚ ਉਥੋਂ ਮੁੜ ਆਇਆ ਅਤੇ ਉਸਨੇ ਕਿਹਾ, "ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ।
12 ਅਬਨਾਹ ਅਤੇ ਫ਼ਰਪਰ ਜੋ ਕਿ ਦੰਮਿਸਕ ਦੀਆਂ ਨਦੀਆਂ ਹਨ ਇਸਰਾਏਲ ਦੇ ਸਾਰੇ ਪਾਣੀਆਂ ਨਾਲੋਂ ਚੰਗੀਆਂ ਹਨ। ਕੀ ਮੈਂ ਉਨ੍ਹਾਂ ਵਿੱਚ ਨਹਾਕੇ ਸਾਫ਼ ਨਹੀਂ ਹੋ ਸਕਦਾ?" ਅਤੇ ਉਹ ਜਾਣ ਲਈ ਮੁੜਿਆ।
13 ਪਰ ਤੱਦ ਨਅਮਾਨ ਦੇ ਸੇਵਕ ਉਸ ਕੋਲ ਆਏ ਤੇ ਉਸਨੂੰ ਆਖਣ ਲੱਗੇ, "ਹੇ ਮੇਰੇ ਪਿਤਾ! ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।"
14 ਤੱਦ ਨਅਮਾਨ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਦੇ ਕਹੇ ਅਨੁਸਾਰ ਉਵੇਂ ਹੀ ਕੀਤਾ। ਉਸਨੇ ਯਰਦਨ ਨਦੀ ਵਿੱਚ ਸੱਤ ਵਾਰੀ ਚੁਬ੍ਬੀ ਮਾਰੀ ਤਾਂ ਉਸ ਦਾ ਕੋੜ ਦੂਰ ਹੋ ਗਿਆ ਤੇ ਉਹ ਸ਼ੁਧ ਹੋ ਗਿਆ। ਉਸਦੀ ਚਮੜੀ ਬੱਚਿਆਂ ਦੀ ਚਮੜੀ ਵਰਗੀ ਨਰਮ ਤੇ ਨਰੋਈ ਹੋ ਗਈ।
15 ਫ਼ਿਰ ਨਅਮਾਨ ਤੇ ਉਸਦੀ ਸਾਰੀ ਟੋਲੀ ਪਰਮੇਸ਼ੁਰ ਦੇ ਮਨੁੱਖ ਕੋਲ ਫ਼ਿਰ ਮੁੜ ਆਏ ਤੇ ਉਸਨੇ ਅਲੀਸ਼ਾ ਦੇ ਅੱਗੇ ਖਲੋਅ ਕੇ ਕਿਹਾ, "ਵੇਖ! ਮੈਂ ਜਾਣਦਾ ਹਾਂ ਕਿ ਇਸਰਾਏਲ ਦੀ ਧਰਤੀ ਤੋਂ ਸਿਵਾੇ ਹੋਰ ਸਾਰੀ ਧਰਤੀ ਤੇ ਕਿਤੇ ਵੀ ਪਰਮੇਸ਼ੁਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਮੇਰੀ ਇਹ ਭੇਂਟ ਸਵੀਕਾਰ ਕਰ।"
16 ਪਰ ਅਲੀਸ਼ਾ ਨੇ ਕਿਹਾ, "ਮੈਂ ਯਹੋਵਾਹ ਦਾ ਸੇਵਕ ਹਾਂ ਤੇ ਮੈਂ ਯਹੋਵਾਹ ਦੀ ਸਹੁੰ ਖਾਂਦਾ ਹਾਂ ਜਿਸਦੇ ਮੈਂ ਅੱਗੇ ਖਲੋਤਾ ਹਾਂ ਕਿ ਮੈਂ ਕੁਝ ਵੀ ਕਬੂਲ ਨਹੀਂ ਕਰਾਂਗਾ।"ਨਅਮਾਨ ਨੇ ਅਲੀਸ਼ਾ ਨੂੰ ਉਹ ਸੁਗਾਤ ਕਬੂਲ ਕਰਨ ਲਈ ਬਹੁਤ ਜ਼ਿਦ ਕੀਤੀ ਪਰ ਅਲੀਸ਼ਾ ਨੇ ਇਨਕਾਰ ਕੀਤਾ।
17 ਤੱਦ ਨਅਮਾਨ ਨੇ ਆਖਿਆ, "ਜੇਕਰ ਤੂੰ। ਇਹ ਭੇਂਟ ਕਬੂਲ ਨਹੀਂ ਕਰਦਾ ਤਾਂ ਫ਼ਿਰ ਮੈਨੂੰ ਦੋ ਖੱਚਰਾਂ ਲੱਦ ਕੇ ਆਪਣੇ ਇਸਰਾਏਲ ਦੀ ਮਿੱਟੀ ਇਥੋਂ ਲੈ ਜਾਣ ਦੀ ਆਗਿਆ ਦੇ। ਉਹ ਇਸ ਲਈ ਕਿਉਂ ਕਿ ਅੱਜ ਤੋਂ ਬਾਅਦ ਮੈਂ ਹੁਣ ਕਦੇ ਵੀ ਯਹੋਵਾਹ ਤੋਂ ਬਿਨਾ ਹੋਰ ਕਿਸੇ ਦੇਵਤੇ ਦੇ ਅੱਗੇ ਜਾਂ ਹੋਮ ਦੀ ਭੇਟ ਨਹੀਂ ਚੜਾਵਾਂਗਾ।
18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਮੈਨੂੰ ਇਸ ਲਈ ਖਿਮਾ ਕਰੇ ਕਿ ਭਵਿੱਖ ਵਿੱਚ, ਮੇਰਾ ਮਾਲਕ ਅਰਾਮ ਦਾ ਰਾਜਾ ਜਦੋਂ ਉਪਾਸਨਾ ਕਰਨ ਲਈ ਰਿੰਮੋਨ ਦੇ ਮੰਦਰ ਵਿੱਚ ਵੜੇ, ਉਹ ਸਹਾਰੇ ਲਈ ਮੇਰੇ ਉੱਤੇ ਢਾਸਣਾ ਲਾਉਣਾ ਚਾਹਵੇਗਾ ਅਤੇ ਮੈਨੂੰ ਰਿਂਮੋਨ ਦੇ ਮੰਦਰ ਵਿੱਚ ਆਪਣਾ ਸਿਰ ਝੁਕਾਉਣਾ ਪਵੇਗਾ। ਤਾਂ ਜਦੋਂ ਇੰਝ ਵਾਪਰੇ ਤਾਂ ਇਸ ਗੱਲ ਲਈ ਯਹੋਵਾਹ ਮੈਨੂੰ ਖਿਮਾ ਕਰੇ।"
19 ਤੱਦ ਅਲੀਸ਼ਾ ਨੇ ਨਅਮਾਨ ਨੂੰ ਆਖਿਆ, "ਜਾਹ ਅਤੇ ਸੁਖੀ ਰਹੁ।"ਤੱਦ ਨਅਮਾਨ ਉਸ ਤੋਂ ਬੋੜੀ ਦੂਰ ਚਲਾ ਗਿਆ।
20 ਪਰ ਪਰਮੇਸ਼ੁਰ ਦੇ ਮਨੁੱਖ, ਅਲੀਸ਼ਾ ਦੇ ਸੇਵਕ ਗੇਹਾਜੀ ਨੇ ਆਖਿਆ, "ਵੇਖੋ, ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਉਸਨੂੰ ਇਨਕਾਰ ਕਰਕੇ ਉਸ ਨੂੰ ਵਰਜ ਦਿੱਤਾ ਤੇ ਉਸਦੇ ਹੱਥੋਂ ਤੋਹਫ਼ੇ ਸਵੀਕਾਰ ਨਹੀਂ ਕੀਤੇ। ਜਿਉਂਦੇ ਯਹੋਵਾਹ ਦੀ ਸਹੁੰ ਮੈਂ ਸੱਚਮੁੱਚ ਉਸਦੇ ਪਿੱਛੇ ਨਸ੍ਸਾਂਗਾ ਅਤੇ ਉਸ ਕੋਲੋਂ ਕੁਝ ਲੈ ਆਵਾਂਗਾ।"
21 ਤਾਂ ਗੇਹਾਜੀ ਨਅਮਾਨ ਦੇ ਪਿੱਛੇ ਨਸਿਆ।ਨਅਮਾਨ ਨੇ ਵੇਖਿਆ ਕਿ ਉਸਦੇ ਪਿੱਛੇ ਕੋਈ ਭਜਿਆ ਆ ਰਿਹਾ ਹੈ ਤਾਂ ਉਸ ਨੇ ਆਪਣਾ ਰੱਥ ਰੋਕ ਕੇ ਉਸਤੋਂ ਬੱਲੇ ਉਤਰ ਕੇ ਗੇਹਾਜੀ ਨੂੰ ਮਿਲਿਆ ਅਤੇ ਨਅਮਾਨ ਨੇ ਪੁਛਿਆ, "ਕੀ ਸਭ ਠੀਕ-ਠਾਕ ਤਾਂ ਹੈ?"
22 ਗੇਹਾਜੀ ਨੇ ਆਖਿਆ, "ਹਾਂ, ਸਭ ਠੀਕ-ਠਾਕ ਹੈ। ਮੇਰੇ ਸੁਆਮੀ ਅਲੀਸ਼ਾ ਨੇ ਮੈਨੂੰ ਇਹ ਆਖਣ ਲਈ ਭੇਜਿਆ ਕਿ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜੁਆਨ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੇਰੇ ਕੋਲ ਆਰਹੇ ਹਨ। ਉਨ੍ਹਾਂ ਨੂੰ
34 ਕਿੱਲੋ ਚਾਂਦੀ ਅਤੇ ਦੋ ਜੋੜੇ ਬਸਤਰ ਦੇ ।"
23 ਨਅਮਾਨ ਨੇ ਆਖਿਆ, "ਖੁਸ਼ੀ ਨਾਲ
68 ਕਿੱਲੋ ਲੈ।" ਅਤੇ ਉਹ ਉਸ ਦੇ ਪਿੱਛੇ ਪੈ ਗਿਆ ਜ਼ਿਦ ਨਾਲ ਦੋ ਬੈਲੀਆਂ ਵਿੱਚ
68 ਕਿੱਲੋ ਚਾਂਦੀ ਦੇ ਅਤੇ ਦੋ ਜੋੜੇ ਬਸਤਰਾਂ ਦੇ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਸੇਵਕਾਂ ਉੱਪਰ ਲੱਦ ਦਿੱਤਾ ਅਤੇ ਉਹ ਸੇਵਕ ਉਹ ਤੋਹਫ਼ੇ ਚੁੱਕ ਕੇ ਉਸ ਦੇ ਅੱਗੇ-ਅੱਗੇ ਹੋਕੇ ਤੁਰ ਪਏ।
24 ਜਦ ਗੇਹਾਜੀ ਪਹਾੜੀ ਕੋਲ ਪਹੁੰਚਿਆ ਤਾਂ ਉਸਨੇ ਇਹ ਵਸਤਾਂ ਨੌਕਰਾਂ ਕੋਲੋਂ ਆਪਣੇ ਹੱਥਾਂ ਵਿੱਚ ਫ਼ੜਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਤੇ ਉਹ ਵਾਪਸ ਮੁੜ ਗਏ। ਉਸ ਉਪਰੰਤ ਗੇਹਾਜੀ ਨੇ ਉਹ ਵਸਤਾਂ ਆਪਣੇ ਘਰ ਵਿੱਚ ਛੁਪਾਅ ਲਈਆਂ।
25 ਜਦੋਂ ਗੇਹਾਜੀ ਅੰਦਰ ਆਕੇ ਆਪਣੇ ਸੁਆਮੀ ਅਲੀਸ਼ਾ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਸਨੂੰ ਕਿਹਾ, "ਗੇਹਾਜੀ! ਤੂੰ ਇੰਨੀ ਦੇਰ ਤੋਂ ਕਿੱਥੋ ਸੀ?"ਗੇਹਾਜੀ ਨੇ ਆਖਿਆ, "ਮੈਂ ਤਾਂ ਕਿਤੇ ਵੀ ਨਹੀਂ ਸੀ ਗਿਆ ਇੱਥੇ ਹੀ ਸੀ!"
26 ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, "ਤੂੰ ਝੂਠ ਬੋਲ ਰਿਹਾ ਹੈਂ। ਜਦੋਂ ਨਅਮਾਨ ਤੈਨੂੰ ਮਿਲਣ ਲਈ ਰੱਥ ਤੋਂ ਉਤਰਿਆ ਉਸ ਵਕਤ ਕੀ ਮੇਰਾ ਦਿਲ ਭਲਾ ਤੇਰੇ ਨਾਲ ਨਹੀਂ ਸੀ? ਚਾਂਦੀ ਲੈਣ ਅਤੇ ਵਸਤਰ, ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ, ਇੱਜੜਾਂ ਦੇ ਵੱਗਾਂ, ਸੇਵਕ ਅਤੇ ਦਾਸੀਆਂ ਨੂੰ ਲੈਣ ਲਈ ਇਹ ਵਕਤ ਠੀਕ ਨਹੀਂ।
27 ਹੁਣ ਇਸੇ ਕਾਰਣ ਨਅਮਾਨ ਦਾ ਰੋਗ ਤੈਨੂੰ ਤੇ ਤੇਰੀ ਅੰਸ ਨੂੰ ਹਮੇਸ਼ਾ ਤੀਕ ਲੱਗਾ ਰਹੇਗਾ।" ਜਦੋਂ ਗੇਹਾਜੀ ਅਲੀਸ਼ਾ ਕੋਲੋਂ ਬਾਹਰ ਗਿਆ, ਉਸਨੂੰ ਕੋੜ ਹੋ ਗਿਆ ਅਤੇ ਉਸਦੀ ਚਮੜੀ ਬਰਫ਼ ਜਿੰਨੀ ਸਫ਼ੇਦ ਸੀ।