ਕਾਂਡ 1
1 ਬਹੁਤ ਸਮਾਂ ਪਹਿਲਾਂ, ਨਿਆਂਕਾਰਾਂ ਦੇ ਸਮੇਂ ਵਿੱਚ, ਇੱਕ ਅਜਿਹਾ ਸਮਾਂ ਆਇਆ ਜਦੋਂ ਧਰਤੀ ਉੱਤੇ ਅਕਾਲ ਪੈ ਗਿਆ। ਇੱਕ ਆਦਮੀ ਯਹੂਦਾਹ ਵਿੱਚੋਂ ਬੈਤਲਹਮ ਤੋਂ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੀ ਧਰਤੀ ਉੱਤੇ ਰਹਿਣ ਲਈ ਗਿਆ।
2 ਆਦਮੀ ਦਾ ਨਾਮ ਅਲੀਮਲਕ ਸੀ। ਉਸਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਸਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਉਨ ਸਨ। ਉਹ ਯਹੂਦਾਹ ਵਿੱਚ ਬੈਤਲਹਮ ਤੋਂ ਇਫ਼ਰਾਥੀ ਦੇ ਪਰਿਵਾਰ ਵਿੱਚੋਂ ਸਨ। ਉਹ ਮੋਆਬ ਦੀ ਧਰਤੀ ਵਿੱਚ ਜਾਕੇ ਵਸ ਗਏ।
3 ਬਾਦ ਵਿੱਚ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਇਸ ਲਈ ਸਿਰਫ਼ ਨਾਓਮੀ ਅਤੇ ਉਸਦੇ ਦੋ ਪੁੱਤਰ ਪਿਛੇ ਰਹਿ ਗਏ।
4 ਉਸਦੇ ਪੁੱਤਰਾਂ ਨੇ ਮੋਆਬ ਦੇ ਦੇਸ਼ ਦੀਆਂ ਔਰਤਾਂ ਨਾਲ ਸ਼ਾਦੀ ਕਰ ਲਈ। ਇੱਕ ਪਤਨੀ ਦਾ ਨਾਮ ਆਰਪਾਹ ਸੀ ਅਤੇ ਦੂਸਰੀ ਪਤਨੀ ਦਾ ਨਾਮ ਰੂਥ ਸੀ। ਉਹ ਮੋਆਬ ਵਿੱਚ
10 ਵਰ੍ਹੇ ਰਹੇ, ਤਕਰੀਬਨ
5 ਅਤੇ ਮਹਿਲੋਨ ਅਤੇ ਕਿਲਉਨ ਵੀ ਮਰ ਗਏ। ਇਸ ਲਈ ਨਾਓਮੀ ਆਪਣੇ ਪਤੀ ਅਤੇ ਦੋ ਪੁੱਤਰਾਂ ਤੋਂ ਬਿਨਾ ਇਕਲ੍ਲੀ ਰਹਿ ਗਈ।
6 ਜਦੋਂ ਨਾਓਮੀ ਮੋਆਬ ਦੀ ਧਰਤੀ ਵਿੱਚ ਸੀ, ਉਸਨੇ ਸੁਣਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਨੂੰ ਯਹੂਦਾਹ ਵਿੱਚ ਭੋਜਨ ਦਿੱਤਾ ਸੀ। ਇਸ ਲਈ ਨਾਓਮੀ ਨੇ ਮੋਆਬ ਨੂੰ ਛੱਡਕੇ ਯਹੂਦਾਹ ਵਿੱਚ ਖੁਦ ਦੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ। ਉਸ ਦੀਆਂ ਨੂਹਾਂ ਨੇ ਵੀ ਉਸਦੇ ਨਾਲ ਹੀ ਜਾਣ ਦਾ ਫ਼ੈਸਲਾ ਕੀਤਾ।
7 ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਜਿਥੇ ਉਹ ਰਹਿ ਰਹੇ ਸਨ, ਅਤੇ ਯਹੂਦਾਹ ਦੀ ਧਰਤੀ ਉੱਤੇ ਪੈਦਲ ਵਾਪਸ ਜਾਣਾ ਸ਼ੁਰੂ ਕਰ ਦਿੱਤਾ।
8 ਫ਼ੇਰ ਨਾਓਮੀ ਨੇ ਆਪਣੀਆਂ ਨੂਹਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪਣੀ ਮਾਂ ਦੇ ਘਰ ਆਪਸ ਜਾਣਾ ਚਾਹੀਦਾ ਹੈ। ਤੁਸੀਂ ਮੇਰੇ ਅਤੇ ਮੇਰੇ ਸਵਰਗਵਾਸੀ ਪੁੱਤਰਾਂ ਨਾਲ ਬਹੁਤ ਚੰਗੀਆਂ ਰਹੀਆਂ ਹੋ। ਇਸ ਲਈ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਤੁਹਾਡੇ ਨਾਲ ਇਨਸਾਫ਼ ਕਰੇਗਾ ਅਤੇ ਤੁਹਾਡੇ ਉੱਤੇ ਮਿਹਰ ਕਰੇਗਾ।
9 ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਤੁਹਾਨੂੰ ਇੱਕ ਚੰਗੇ ਪਤੀ ਨਾਲ ਇੱਕ ਘਰ ਵਿੱਚ ਅਰਾਮ ਲਭਣ ਵਿੱਚ ਮਦਦ ਕਰੇ।” ਨਾਓਮੀ ਨੇ ਆਪਣੀਆਂ ਨੂਹਾਂ ਨੂੰ ਚੁੰਮਿਆ ਅਤੇ ਉਹ ਸਾਰੀਆਂ ਰੋਣ ਲੱਗ ਪਈਆਂ।
10 ਫ਼ੇਰ ਨੂਹਾਂ ਨੇ ਆਖਿਆ, “ਪਰ ਅਸੀਂ ਤਾਂ ਤੁਹਾਡੇ ਨਾਲ ਆਉਣਾ ਚਾਹੁੰਦੀਆਂ ਹਾਂ ਅਤੇ ਤੁਹਾਡੇ ਪਰਿਵਾਰ ਵਿੱਚ ਜਾਣਾ ਚਾਹੁੰਦੀਆਂ ਹਾਂ।”
11 ਪਰ ਨਾਓਮੀ ਨੇ ਆਖਿਆ, “ਨਹੀਂ, ਧੀਓ, ਆਪੋ-ਆਪਣੇ ਘਰਾਂ ਨੂੰ ਵਾਪਸ ਜਾਓ। ਮੇਰੇ ਨਾਲ ਤੁਸੀਂ ਕਿਉਂ ਜਾਂਦੀਆਂ ਹੋ? ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸਕਦੀ। ਮੇਰੇ ਅੰਦਰ ਹੋਰ ਕੋਈ ਪੁੱਤਰ ਨਹੀਂ ਹਨ ਜਿਹੜੇ ਤੁਹਾਡੇ ਪਤੀ ਬਣ ਸਕਣ।
12 ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਵੋ! ਮੈਂ ਇੰਨੀ ਬੁਢੀ ਹਾਂ ਕਿ ਹੋਰ ਨਵਾਂ ਪਤੀ ਨਹੀਂ ਬਣਾ ਸਕਦੀ। ਜੇ ਮੈਂ ਦੋਬਰਾ ਸ਼ਾਦੀ ਕਰਾਉਣ ਦੀ ਵੀ ਸੋਚਾਂ, ਤਾਂ ਵੀ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀ। ਜੇ ਮੈਂ ਅੱਜ ਰਾਤ ਨੂੰ ਹੀ ਗਰਭਵਤੀ ਹੋ ਜਾਵਾਂ ਅਤੇ ਦੋ ਪੁੱਤਰ ਜਣਾ ਇਸ ਨਾਲ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ।
13 ਕੀ ਤੁਸੀਂ ਉਨ੍ਹਾਂ ਦੇ ਵੱਡੇ ਹੋਣ ਤੱਕ ਲੰਮੇ ਸਮੇਂ ਲਈ ਇੰਤਜ਼ਾਰ ਕਰੋਂਗੀਆਂ? ਕੀ ਤੁਸੀਂ ਉਨ੍ਹਾਂ ਦੇ ਇੰਤਜ਼ਾਰ ਵਿੱਚ ਅਣਵਿਆਹੀਆਂ ਰਹੋਂਗੀਆਂ? ਨਹੀਂ, ਮੇਰੀਓ ਧੀਓ, ਇਹ ਮੈਨੂੰ ਤੁਹਾਡੇ ਹੋਣ ਨਾਲੋਂ ਵੀ ਵਧੇਰੇ ਉਦਾਸ ਕਰ ਦੇਵੇਗਾ। ਯਹੋਵਾਹ ਮੇਰੇ ਖਿਲਾਫ਼ ਪਰਤ ਗਿਆ ਹੈ।”
14 ਇਸ ਲਈ ਉਹ ਔਰਤਾਂ ਫ਼ੇਰ ਬਹੁਤ ਰੋਈਆਂ। ਫ਼ੇਰ ਆਰਪਾਹ ਨੇ ਨਾਓਮੀ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਨੇ ਉਸਨੂੰ ਜਫ਼ੀ ਪਾ ਲਈ ਅਤੇ ਠਹਿਰ ਗਈ।
15 ਨਾਓਮੀ ਨੇ ਆਖਿਆ, “ਦੇਖ ਤੇਰੀ ਭਰਜਾਈ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਚਲੀ ਗਈ ਹੈ। ਇਸ ਲਈ ਤੈਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਹੈ।”
16 ਪਰ ਰੂਥ ਨੇ ਆਖਿਆ, “ਮੈਨੂੰ ਤੈਨੂੰ ਛੱਡਕੇ ਜਾਣ ਲਈ ਮਜ਼ਬੂਰ ਨਾ ਕਰ! ਮੈਨੂੰ ਆਪਣੇ ਲੋਕਾਂ ਕੋਲ ਵਾਪਸ ਜਾਣ ਲਈ ਮਜ਼ਬੂਰ ਨਾ ਕਰੀਂ। ਮੈਨੂੰ ਆਪਣੇ ਨਾਲ ਆਉਣ ਦੇ। ਜਿਥੇ ਤੂੰ ਜਾਵੇਂਗੀ ਮੈਂ ਵੀ ਉਥੇ ਹੀਜਾਵਾਂਗੀ। ਜਿਥੇ ਤੂੰ ਰਹੇਂਗੀ ਮੈਂ ਵੀ ਉਥੇ ਹੀ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ, ਮੇਰਾ ਪਰਮੇਸ਼ੁਰ ਹੋਵੇਗਾ।
17 ਜਿਥੇ ਤੁਸੀਂ ਮਰੋਂਗੇ ਉਥੇ ਹੀ ਮੈਂ ਮਰਾਂਗੀ। ਅਤੇ ਉਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਮੈਂ ਯਹੋਵਾਹ ਪਾਸੋਂ ਇਹ ਮੰਗ ਕਰਦੀ ਹਾਂ ਕਿ ਮੈਂ ਇਸ ਇਕਰਾਰ ਨੂੰ ਨਾ ਨਿਭਾਵਾਂ ਤਾਂ ਉਹ ਮੈਨੂੰ ਸਜ਼ਾ ਦੇਵੇ: ਸਿਰਫ਼ ਮੌਤ ਹੀ ਸਾਨੂੰ ਵੱਖ ਕਰੇਗੀ।”
18 ਨਾਓਮੀ ਨੇ ਦੇਖਿਆ ਕਿ ਰੂਥ ਉਸਦੇ ਨਾਲ ਜਾਣਾ ਬਹੁਤ ਚਾਹੁੰਦੀ ਸੀ। ਇਸ ਲਈ ਨਾਓਮੀ ਨੇ ਉਸਦੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ।
19 ਨਾਓਮੀ ਅਤੇ ਰੂਥ ਸਫ਼ਰ ਕਰਦੀਆਂ ਰਹੀਆਂ ਜਦੋਂ ਤੱਕ ਕਿ ਉਹ ਬੈਤਲਹਮ ਦੇ ਕਸਬੇ ਵਿੱਚ ਨਹੀਂ ਪਹੁੰਚ ਗਈਆਂ। ਜਦੋਂ ਦੋਹਾਂ ਔਰਤਾਂ ਨੇ ਬੈਤਲਹਮ ਵਿੱਚ ਪ੍ਰਵੇਸ਼ ਕੀਤਾ ਸਾਰੇ ਲੋਕ ਬਹੁਤ ਉਤਸੁਕ ਸਨ। ਉਨ੍ਹਾਂ ਆਖਿਆ, “ਇਹ ਤਾਂ ਨਾਓਮੀ ਹੈ?”
20 ਪਰ ਨਾਓਮੀ ਨੇ ਲੋਕਾਂ ਨੂੰ ਆਖਿਆ, “ਮੈਨੂੰ ਨਾਓਮੀ ਨਾ ਬੁਲਾਓ, ਮੈਨੂੰ ਮਾਰਾ ਬੁਲਾਓ। ਇਸੇ ਨਾਮ ਦੀ ਵਰਤੋਂ ਕਰੋ, ਕਿਉਂਕਿ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਉਦਾਸ ਬਣਾ ਦਿੱਤਾ ਹੈ।
21 ਜਦੋਂ ਮੈਂ ਗਈ ਸੀ ਮੇਰੇ ਕੋਲ ਲੋੜੀਂਦੀਆਂ ਸਾਰੀਆਂ ਚੀਜ਼ਾਂ ਸਨ। ਪਰ ਹੁਣ, ਯਹੋਵਾਹ ਮੈਨੂੰ ਖਾਲੀ ਹਥੀ ਘਰ ਵਾਪਸ ਲਿਆਇਆ ਹੈ। ਉਸਨੇ ਮੈਨੂੰ ਉਦਾਸੀ ਦਿੱਤੀ ਹੈ, ਤਾਂ ਤੁਸੀਂ ਮੈਨੂੰ ‘ਖੁਸ਼’ ਕਿਉਂ ਬੁਲਾਉਂਦੇ ਹੋ? ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੈਨੂੰ ਬਹੁਤ ਸਰੀਆਂ ਮੁਸੀਬਤਾਂ ਦਿੱਤੀਆਂ ਹਨ।”
22 ਇਸ ਤਰ੍ਹਾਂ ਨਾਓਮੀ ਅਤੇ ਉਸਦੀ ਨੂੰਹ ਰੂਥ, ਮੋਆਬੀ ਔਰਤ, ਮੋਆਬ ਦੀ ਧਰਤੀ ਤੋਂ ਯਹੁਦਾਹ ਵਿੱਚ ਬੈਤਲਹਮ ਨੂੰ ਜੌਆਂ ਦੀ ਵਾਢੀ ਦੇ ਸ਼ੁਰੂ ਵਿੱਚ ਵਾਪਸ ਆ ਗਈਆਂ।