ਕਾਂਡ 6
1 ਯਰੀਹੋ ਸ਼ਹਿਰ ਬੰਦ ਸੀ। ਸ਼ਹਿਰ ਦੇ ਲੋਕ ਭੈਭੀਤ ਸਨ ਕਿਉਂਕਿ ਇਸਰਾਏਲ ਦੇ ਲੋਕ ਨੇੜੇ ਸਨ। ਕੋਈ ਵੀ ਸ਼ਹਿਰ ਦੇ ਅੰਦਰ ਨਹੀਂ ਸੀ ਜਾਂਦਾ ਅਤੇ ਨਾ ਹੀ ਬਾਹਰ ਜਾਂਦਾ ਸੀ।
2 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਦੇਖੋ, ਮੈਂ ਤੁਹਾਨੂੰ ਯਰੀਹੋ ਸ਼ਹਿਰ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਤੁਸੀਂ ਸ਼ਹਿਰ ਦੇ ਰਾਜੇ ਅਤੇ ਸਾਰੇ ਲੜਾਕੂਆਂ ਨੂੰ ਹਰਾ ਦੇਵੋਂਗੇ।
3 ਹਰ ਰੋਜ਼ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਆਪਣੀ ਫ਼ੌਜ ਨਾਲ ਮਾਰਚ ਕਰੋ। ਛੇ ਦਿਨਾ ਤੱਕ ਇਵੇਂ ਹੀ ਕਰੋ।
4 ਜਾਜਕਾਂ ਨੂੰ ਪਵਿੱਤਰ ਸੰਦੂਕ ਚੁੱਕਣ ਲਈ ਆਖੋ ਜਾਜਕਾਂ ਵਿੱਚੋਂ ਸੱਤ ਜਾਣਿਆ ਨੂੰ ਭੇਡੂਆਂ ਦੇ ਸਿੰਗਾ ਤੋਂ ਬਣੀਆਂ ਤੂਰ੍ਹੀਆਂ ਲਿਆਉਣ ਲਈ ਆਖੋ ਅਤੇ ਪਵਿੱਤਰ ਸੰਦੂਕ ਦੇ ਸਾਮ੍ਹਣੇ ਮਾਰਚ ਕਰੋ। ਸੱਤਵੇਂ ਦਿਨ ਸ਼ਹਿਰ ਦੇ ਗਿਰਦ ਸੱਤ ਵਾਰੀ ਮਾਰਚ ਕਰੋ। ਸੱਤਵੇਂ ਦਿਨ ਜਾਜਕਾਂ ਨੂੰ ਉਦੋਂ ਤੂਰ੍ਹੀਆਂ ਵਜਾਉਣ ਲਈ ਆਖੋ ਜਦੋਂ ਉਹ ਮਾਰਚ ਕਰ ਰਹੇ ਹੋਣ।
5 ਜਾਜਕ ਤੂਰ੍ਹੀਆਂ ਨਾਲ ਬਹੁਤ ਉੱਚਾ ਸ਼ੋਰ ਪੈਦਾ ਕਰਨਗੇ। ਜਦੋਂ ਤੁਸੀਂ ਉਹ ਸ਼ੋਰ ਸੁਣੋ ਤਾਂ ਸਾਰੇ ਲੋਕਾਂ ਨੂੰ ਸ਼ੋਰ ਮਚਾਉਣਾ ਸ਼ੁਰੂ ਕਰਨ ਲਈ ਆਖੋ। ਜਦੋਂ ਤੁਸੀਂ ਇਵੇਂ ਕਰੋਂਗੇ, ਤਾਂ ਸ਼ਹਿਰ ਦੀਆਂ ਕੰਧਾਂ ਢਹਿ ਜਾਣਗੀਆਂ ਅਤੇ ਤੁਹਾਡੇ ਲੋਕ ਸ਼ਹਿਰ ਵਿੱਚ ਸਿਧੇ ਹੀ ਪ੍ਰਵੇਸ਼ ਕਰਨ ਦੇ ਯੋਗ ਹੋ ਜਾਣਗੇ।”
6 ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਇਕਠਿਆ ਕੀਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕੋ। ਅਤੇ ਸੱਤ ਜਾਜਕਾਂ ਨੂੰ ਤੂਰ੍ਹੀਆਂ ਚੁੱਕੇ ਅਤੇ ਸੰਦੂਕ ਦੇ ਅੱਗੇ ਮਾਰਚ ਕਰਨ ਲਈ ਆਖੋ।”
7 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ, “ਹੁਣ, ਜਾਓ! ਸ਼ਹਿਰ ਦੇ ਇਰਦ-ਗਿਰਦ ਮਾਰਚ ਕਰੋ। ਹਥਿਆਰ ਬੰਦ ਸਿਪਾਹੀ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨਗੇ।”
8 ਜਦੋਂ ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਸਭ ਕੁਝ ਦੱਸਿਆ, ਸ੍ਸੱਤ ਜਾਜਕ ਭੇਡੂ ਦੇ ਸਿੰਗ ਵਜਾਉਂਦੇ ਹੋਏ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨ ਲੱਗ ਪਏ। ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਣ ਵਾਲੇ ਜਾਜਕ ਉਨ੍ਹਾਂ ਦੇ ਪਿਛੇ ਗਏ।
9 ਹਥਿਆਰ ਬੰਦ ਸਿਪਾਹੀ ਜਿਹੜੇ ਜਾਜਕਾਂ ਦੇ ਅੱਗੇ ਮਾਰਚ ਕਰ ਰਹੇ ਸਨ ਤੂਰ੍ਹੀਆਂ ਵਜਾ ਰਹੇ ਸਨ ਅਤੇ ਬਾਕੀ ਦੇ ਆਦਮੀ ਪਵਿੱਤਰ ਸੰਦੂਕ ਦੇ ਪਿਛੇ ਤੁਰ ਪਏ। ਇਸ ਤਰ੍ਹਾਂ, ਉਹ ਮਾਰਚ ਕਰਦੇ ਅਤੇ ਭੇਡੂ ਦੇ ਸਿੰਗ ਵਜਾਉਂਦੇ ਹੋਏ ਸ਼ਹਿਰ ਦੇ ਗਿਰਦ ਘੁੰਮੇ।
10 ਯਹੋਸ਼ੁਆ ਨੇ ਲੋਕਾਂ ਨੂੰ ਜੰਗ ਦਾ ਨਾਹਰਾ ਨਾ ਮਾਰਨ ਲਈ ਆਖਿਆ ਹੋਇਆ ਸੀ। ਉਸਨੇ ਆਖਿਆ, “ਸ਼ੋਰ ਨਾ ਮਚਾਉ। ਉਦੋਂ ਤੱਕ ਇੱਕ ਸ਼ਬਦ ਨਹੀਂ ਬੋਲਣਾ ਜਦੋਂ ਤੱਕ ਮੈਂ ਆਖਦਾ ਨਹੀਂ। ਫ਼ੇਰ ਤੁਸੀਂ ਸ਼ੋਰ ਮਚਾ ਸਕੋਂਗੇ!”
11 ਇਸ ਲਈ ਯਹੋਸ਼ੁਆ ਨੇ ਜਾਜਕਾਂ ਕੋਲੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਇੱਕ ਵਾਰੀ ਸ਼ਹਿਰ ਦੇ ਗਿਰਦ ਘੁਮਾਇਆ ਫ਼ੇਰ ਉਸ ਡੇਰੇ ਤੇ ਵਾਪਸ ਚਲੇ ਗਏ ਅਤੇ ਰਾਤ ਉਥੇ ਹੀ ਬਿਤਾਈ।
12 ਅਗਲੀ ਸਵੇਰ, ਸੁਵਖਤੇ ਹੀ ਯਹੋਸ਼ੁਆ ਉਠ ਖੜਾ ਹੋਇਆ। ਜਾਜਕਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਫ਼ੇਰ ਚੁੱਕ ਲਿਆ।
13 ਅਤੇ ਸੱਤ ਜਾਜਕਾਂ ਨੇ ਸੱਤ ਤੂਰ੍ਹੀਆਂ ਚੁੱਕ ਲਈਆਂ। ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਦੇ ਹੋਏ ਅਤੇ ਤੂਰ੍ਹੀਆਂ ਵਜਾਉਂਦੇ ਹੋਏ ਤੁਰ ਰਹੇ ਸਨ। ਹਥਿਆਰ ਬੰਦ ਸਿਪਾਹੀ ਉਨ੍ਹਾਂ ਦੇ ਅੱਗੇ ਮਾਰਚ ਕਰ ਰਹੇ ਸਨ। ਬਾਕੀ ਦੇ ਲੋਕ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਪਿਛੇ ਮਾਰਚ ਕਰ ਰਹੇ ਸਨ। ਉਹ ਮਾਰਚ ਕਰਦੇ ਹੋਏ ਅਤੇ ਤੂਰ੍ਹੀਆਂ ਵਜਾਉਂਦੇ ਹੋ ਸ਼ਹਿਰ ਦੇ ਆਲੇ-ਦੁਆਲੇ ਗਏ।
14 ਇਸ ਲਈ ਦੂਸਰੇ ਦਿਨ ਵੀ ਉਨ੍ਹਾਂ ਸਾਰਿਆਂ ਨੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਮਾਰਚ ਕੀਤੀ। ਅਤੇ ਫ਼ੇਰ ਉਹ ਡੇਰੇ ਵੱਲ ਵਾਪਸ ਚਲੇ ਗਏ। ਉਨ੍ਹਾਂ ਨੇ ਛੇ ਦਿਨਾ ਤੱਕ ਹਰ ਰੋਜ਼ ਇਹੀ ਕੁਝ ਕਰਨਾ ਜਾਰੀ ਰੱਖਿਆ।
15 ਸੱਤਵੇਂ ਦਿਨ ਉਹ ਸਰਘੀ ਵੇਲੇ ਉਠ ਖਲੋਤੇ। ਅਤੇ ਉਨ੍ਹਾਂ ਨੇ ਸ਼ਹਿਰ ਦੇ ਆਲੇ-ਦੁਆਲੇ ਸੱਤ ਵਾਰੀ ਮਾਰਚ ਕੀਤੀ। ਉਨ੍ਹਾਂ ਨੇ ਉਸੇ ਤਰ੍ਹਾਂ ਨਾਲ ਮਾਰਚ ਕੀਤੀ ਜਿਵੇਂ ਇਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਕੀਤਾ ਸੀ, ਪਰ ਉਸ ਦਿਨ ਉਨ੍ਹਾਂ ਨੇ ਸ਼ਹਿਰ ਦੇ ਦੁਆਲੇ ਸੱਤ ਵਾਰੀ ਮਾਰਚ ਕੀਤੀ।
16 ਜਦੋਂ ਉਨ੍ਹਾਂ ਨੇ ਸ਼ਹਿਰ ਦਾ ਸੱਤਵਾਂ ਚਕਰ ਕਢਿਆ ਤਾਂ ਜਾਜਕਾਂ ਨੇ ਆਪਣੀਆਂ ਤੂਰ੍ਹੀਆਂ ਵਜਾਈਆਂ। ਉਸ ਵੇਲੇ ਯਹੋਸ਼ੁਆ ਨੇ ਆਦੇਸ਼ ਦਿੱਤਾ: “ਹੁਣ, ਸ਼ੋਰ ਮਚਾਉ! ਯਹੋਵਾਹ ਤੁਹਾਨੂੰ ਇਹ ਸ਼ਹਿਰ ਦੇ ਰਿਹਾ ਹੈ!
17 ਇਹ ਸ਼ਹਿਰ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਹੈ। ਸਿਰਫ਼ ਵੇਸਵਾ ਰਾਹਾਬ ਅਤੇ ਉਸਦੇ ਘਰ ਦੇ ਸਾਰੇ ਆਦਮੀ ਜਿਉਂਦੇ ਬਚਣਗੇ। ਇਨ੍ਹਾਂ ਲੋਕਾਂ ਨੂੰ ਬਿਲਕੁਲ ਨਾ ਮਾਰਿਆ ਜਾਵੇ ਕਿਉਂਕਿ ਰਾਹਾਬ ਨੇ ਦੋ ਜਸੂਸਾਂ ਦੀ ਸਹਾਇਤਾ ਕੀਤੀ ਸੀ।
18 ਅਤੇ ਇਹ ਵੀ ਯਾਦ ਰਖੋ ਸਾਨੂੰ ਹੋਰ ਹਰ ਚੀਜ਼ ਜ਼ਰੂਰ ਤਬਾਹ ਕਰ ਦੇਣੀ ਚਾਹੀਦੀ ਹੈ। ਉਹ ਚੀਜ਼ਾਂ ਨਹੀਂ ਚੁੱਕਣੀਆਂ। ਜੇ ਤੁਸੀਂ ਉਹ ਚੀਜ਼ਾਂ ਚੁੱਕ ਲਵੋਂਗੇ ਅਤੇ ਉਨ੍ਹਾਂ ਨੂੰ ਡੇਰੇ ਵਿੱਚ ਲੈ ਆਵੋਂਗੇ ਤਾਂ ਤੁਹਾਨੂੰ ਖੁਦ ਨੂੰ ਵੀ ਤਬਾਹ ਕਰ ਦਿੱਤਾ ਜਾਵੇਗਾ। ਅਤੇ ਤੁਸੀਂ ਇਸਰਾਏਲ ਦੇ ਸਮੂਹ ਲੋਕਾਂ ਲਈ ਮੁਸੀਬਤ ਦਾ ਕਾਰਣ ਬਣੋਗੇ।
19 ਸਾਰੀਆਂ ਚਾਂਦੀ ਅਤੇ ਸੋਨੇ ਅਤੇ ਪਿੱਤਲ ਅਤੇ ਲੋਹੇ ਦੀਆਂ ਚੀਜ਼ਾਂ ਯਹੋਵਾਹ ਦੀਆਂ ਹਨ। ਉਨ੍ਹਾਂ ਚੀਜ਼ਾਂ ਨੂੰ ਅਵੱਸ਼ ਯਹੋਵਾਹ ਦੇ ਤੋਂਸ਼ੇ ਖਾਨੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ।”
20 ਜਾਜਕਾਂ ਨੇ ਤੂਰ੍ਹੀਆਂ ਵਜਾਈਆਂ। ਲੋਕਾਂ ਨੇ ਤੂਰ੍ਹੀਆਂ ਦੀ ਆਵਾਜ਼ ਸੁਣੀ ਅਤੇ ਸ਼ੋਰ ਮਚਾਉਣ ਲੱਗੇ। ਕੰਧਾਂ ਢਹਿ ਗਈਆਂ ਅਤੇ ਲੋਕ ਸਿਧੇ ਸ਼ਹਿਰ ਵੱਲ ਦੌੜੇ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ।
21 ਲੋਕਾਂ ਨੇ ਸ਼ਹਿਰ ਦੀ ਹਰ ਚੀਜ਼ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਉਥੋਂ ਦੀ ਹਰ ਜਾਨਦਾਰ ਸ਼ੈਅ ਤਬਾਹ ਕਰ ਦਿੱਤੀ। ਉਨ੍ਹਾਂ ਨੇ ਜਵਾਨ ਆਦਮੀਆਂ ਅਤੇ ਬੁਢਿਆਂ ਨੂੰ ਜਵਾਨ ਔਰਤਾ ਅਤੇ ਬੁਢੀਆਂ ਔਰਤਾਂ ਨੂੰ, ਜਾਨਵਰਾ, ਭੇਡਾਂ ਅਤੇ ਗਧਿਆ ਨੂੰ ਮਾਰ ਮੁਕਾਇਆ।
22 ਯਹੋਸ਼ੁਆ ਨੇ ਦੋਹਾਂ ਜਸੂਸਾਂ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, “ਵੇਸਵਾ ਦੇ ਘਰ ਜਾਉ। ਉਸਨੂੰ ਬਾਹਰ ਲਿਆਉ। ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਲਿਆਉ ਜਿਹੜੇ ਉਸਦੇ ਨਾਲ ਹਨ। ਅਜਿਹਾ ਇਸ ਵਾਸਤੇ ਕਰੋ ਕਿਉਂਕਿ ਤੁਸੀਂ ਉਸ ਨਾਲ ਇਕਰਾਰ ਕੀਤਾ ਸੀ।”
23 ਇਸ ਲਈ ਉਹ ਦੋਵੇਂ ਉਸਦੇ ਘਰ ਵਿੱਚ ਗਏ ਅਤੇ ਰਾਹਾਬ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸਦੇ ਪਿਤਾ, ਮਾਤਾ, ਭਰਾਵਾ ਉਸਦੇ ਸਾਰੇ ਪਰਿਵਾਰ ਅਤੇ ਹੋਰ ਸਾਰੇ ਲੋਕਾਂ ਨੂੰ ਜੋ ਉਸਦੇ ਨਾਲ ਸਨ, ਬਾਹਰ ਲਿਆਂਦਾ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਡੇਰੇ ਤੋਂ ਬਾਹਰ ਸੁਰਖਿਅਤ ਥਾਂ ਉੱਤੇ ਬਿਠਾ ਦਿੱਤਾ।
24 ਫ਼ੇਰ ਇਸਰਾਏਲ ਦੇ ਲੋਕਾਂ ਨੇ ਸਾਰਾ ਸ਼ਹਿਰ ਸਾੜ ਦਿੱਤਾ। ਉਨ੍ਹਾਂ ਨੇ ਚਾਂਦੀ, ਸੋਨੇ, ਪਿੱਤਲ ਅਤੇ ਲੋਹੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੋਂ ਇਲਾਵਾ ਹੋਰ ਹਰ ਸ਼ੈਅ ਸਾੜ ਦਿੱਤੀ। ਉਨ੍ਹਾਂ ਨੇ ਇਹ ਚੀਜ਼ਾਂ ਯਹੋਵਾਹ ਦੇ ਤੋਂਸ਼ੇਖਾਨੇ ਵਿੱਚ ਰੱਖ ਦਿੱਤੀਆਂ।
25 ਯਹੋਸ਼ੁਆ ਨੇ ਵੇਸਵਾ ਰਾਹਾਬ ਨੂੰ, ਉਸਦੇ ਪਰਿਵਾਰ ਅਤੇ ਉਨ੍ਹਾਂ ਹੋਰ ਸਾਰੇ ਲੋਕਾਂ ਨੂੰ ਬਚਾ ਲਿਆ ਜਿਹੜੇ ਉਸਦੇ ਨਾਲ ਸਨ। ਯਹੋਸ਼ੁਆ ਨੇ ਉਨ੍ਹਾਂ ਨੂੰ ਜਿਉਣ ਦਿੱਤਾ ਕਿਉਂਕਿ ਰਾਹਾਬ ਨੇ ਉਨ੍ਹਾਂ ਜਸੂਸਾਂ ਦੀ ਸਹਾਇਤਾ ਕੀਤੀ ਸੀ। ਜਿਨ੍ਹਾਂ ਨੂੰ ਯਹੋਸ਼ੁਆ ਨੇ ਯਰੀਹੋ ਵਿੱਚ ਭੇਜਿਆ ਸੀ ਰਾਹਾਬ ਅੱਜ ਵੀ ਇਸਰਾਏਲ ਦੇ ਲੋਕਾਂ ਨਾਲ ਰਹਿੰਦੀ ਹੈ।
26 ਉਸ ਵੇਲੇ, ਯਹੋਸ਼ੁਆ ਨੇ ਇਹ ਮਹੱਤਵਪੂਰਣ ਇਕਰਾਰ ਕੀਤਾ,“ਯਹੋਵਾਹ ਉਸ ਆਦਮੀ ਨੂੰ ਸਰਾਪੇਗਾਜੋ ਯਰੀਹੋ ਸ਼ਹਿਰ ਨੂੰ ਫ਼ਿਰ ਤੋਂ ਉਸਾਰੇਗਾ।ਉਹ ਜੋ ਉਸ ਸ਼ਹਿਰ ਦੀ ਬੁਨਿਆਦ ਰਖੇਗਾ ਆਪਣਾਸਭ ਤੋਂ ਵੱਡਾ ਪੁੱਤਰ ਗਵਾ ਲਵੇਗਾ।ਜੋ ਵੀ ਕੋਈ ਆਦਮੀ ਫ਼ਾਟਕ ਖੜਾ ਕਰੇਗਾ ਆਪਣੇਸਭ ਤੋਂ ਛੋਟੇ ਪੁੱਤਰ ਨੂੰ ਗਵਾ ਲਵੇਗਾ।”
27 ਇਸ ਲਈ ਯਹੋਵਾਹ ਯਹੋਸ਼ੁਆ ਦੇ ਨਾਲ ਸੀ। ਅਤੇ ਯਹੋਸ਼ੁਆ ਸਾਰੇ ਦੇਸ਼ ਵਿੱਚ ਪ੍ਰਸ਼ਿਧ ਹੋ ਗਿਆ।