ਕਾਂਡ 13
1 ਯਹੋਵਾਹ ਨੇ ਮੁਸਾ ਤੇ ਹਾਰੂਨ ਨੂੰ ਆਖਿਆ,
2 “ਕਿਸੇ ਬੰਦੇ ਦੀ ਚਮੜੀ ਤੇ ਸੋਜਸ਼ ਜਾਂ ਖੁਜਲੀ ਹੋ ਸਕਦੀ ਹੈ ਜਾਂ ਫ਼ੋੜਾ ਹੋ ਸਕਦਾ ਹੈ। ਜੇ ਫ਼ੋੜਾ ਕੋੜ ਵਰਗਾ ਲਗਦਾ ਹੋਵੇ, ਉਸ ਬੰਦੇ ਨੂੰ ਜਾਜਕ ਹਾਰੂਨ ਜਾਂ ਉਸਦੇ ਕਿਸੇ ਇੱਕ ਜਾਜਕ ਪੁੱਤਰ ਕੋਲ ਲਿਆਂਦਾ ਜਾਣਾ ਚਾਹੀਦਾ ਹੈ।
3 ਜਾਜਕ ਨੂੰ ਉਸ ਬੰਦੇ ਦੀ ਚਮੜੀ ਉਤਲੇ ਫ਼ੋੜੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਫ਼ੋੜੇ ਦਾ ਵਾਲ ਚਿੱਟਾ ਹੋ ਗਿਆ ਹੈ ਅਤੇ ਜੇ ਫ਼ੋੜਾ ਉਸ ਬੰਦੇ ਦੀ ਚਮੜੀ ਨਾਲ ਡੂੰਘਾ ਨਜ਼ਰ ਆਉਂਦਾ ਹੈ, ਤਾਂ ਇਹ ਕੋੜ ਦੀ ਬਿਮਾਰੀ ਹੈ। ਉਸ ਬੰਦੇ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
4 “ਜੇਕਰ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟਾ ਨਿਸ਼ਾਨ ਹੈ ਅਤੇ ਇਹ ਚਮੜੀ ਨਾਲੋਂ ਡੂੰਘਾ ਦਿਖਾਈ ਦਿੰਦਾ ਅਤੇ ਧੱਬੇ ਵਿਚਲੇ ਵਾਲ ਚਿੱਟੇ ਨਹੀਂ ਹੋਏ। ਜੇ ਇਹ ਸੱਚ ਹੈ, ਜਾਜਕ ਨੂੰ, ਉਸਨੂੰ ਸੱਤਾਂ ਦਿਨਾਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।
5 ਸੱਤਵੇਂ ਦਿਨ, ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਜਾਜਕ ਦੇਖਦਾ ਹੈ ਕਿ ਫ਼ੋੜਾ ਨਹੀਂ ਬਦਲਿਆ ਤੇ ਚਮੜੀ ਉੱਤੇ ਨਹੀਂ ਫ਼ੈਲਿਆ, ਉਸਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
6 ਸੱਤਾਂ ਦਿਨਾਂ ਮਗਰੋਂ ਜਾਜਕ ਨੂੰ ਇੱਕ ਵਰੀ ਫ਼ੇਰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ੋੜਾ ਮਧਮ ਹੋ ਗਿਆ ਹੈ ਅਤੇ ਚਮੜੀ ਉੱਤੇ ਨਹੀਂ ਫ਼ੈਲਿਆ ਉਸਨੂੰ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ ਅਤੇ ਇਹ ਕਿ ਫ਼ੋੜਾ ਸਿਰਫ਼ ਖਾਰਸ਼ ਹੀ ਹੈ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਇੱਕ ਵਾਰੀ ਫ਼ੇਰ ਉਹ ਪਾਕ ਹੋ ਜਾਵੇਗਾ।
7 “ਪਰ ਜੇ, ਉਸ ਬੰਦੇ ਨੂੰ ਪਾਕ ਘੋਸ਼ਿਤ ਹੋਣ ਲਈ ਦੋਬਾਰਾ ਜਾਜਕ ਨੂੰ ਦਿਖਾਏ ਜਾਣ ਤੋਂ ਬਾਦ, ਫ਼ੋੜਾ ਉਸਦੀ ਚਮੜੀ ਉੱਤੇ ਹੋਰ ਵੀ ਵਧੇਰੇ ਫ਼ੈਲ ਗਿਆ ਹੋਵੇ ਤਾਂ ਉਸ ਬੰਦੇ ਨੂੰ ਇੱਕ ਵਾਰੀ ਫ਼ੇਰ ਜਾਜਕ ਕੋਲ ਆਉਣਾ ਚਾਹੀਦਾ ਹੈ।
8 ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਪਪੜੀ ਚਮੜੀ ਉੱਤੇ ਫ਼ੈਲ ਗਈ ਹੈ, ਤਾਂ ਜਾਜਕ ਇਹ ਐਲਾਨ ਕਰੇ ਕਿ ਬੰਦਾ ਪਲੀਤ ਹੈ। ਇਹ ਕੋੜ ਦੀ ਬਿਮਾਰੀ ਹੈ।
9 “ਜੇ ਕਿਸੇ ਬੰਦੇ ਨੂੰ ਕੋੜ ਦੀ ਬਿਮਾਰੀ ਹੈ ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਵੇ।
10 ਜਾਜਕ ਨੂੰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਉਸਦੇ ਸ਼ਰੀਰ ਉੱਤੇ ਚਿੱਟੇ ਰੰਗ ਦੀ ਸੋਜ਼ਿਸ਼ ਹੈ ਅਤੇ ਜੇ ਵਾਲ ਚਿੱਟੇ ਹੋ ਗਏ ਹਨ ਅਤੇ ਜੇਕਰ ਚਮੜੀ ਉਸ ਜਗ਼੍ਹਾ ਤੋਂ ਕੱਚੀ ਹੋਵੇ ਜਿਥੋਂ ਇਹ ਸੁੱਜੀ ਹੋਈ ਹੈ,
11 ਤਾਂ ਇਹ ਛੂਤ ਦੀ ਬਿਮਾਰੀ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਨੂੰ ਉਸ ਬੰਦੇ ਨੂੰ ਥੋੜੇ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਬੰਦਾ ਨਾਪਾਕ ਹੈ।
12 “ਕਈ ਵਾਰੀ ਕੋਈ ਚਮੜੀ ਦਾ ਰੋਗ ਕਿਸੇ ਬੰਦੇ ਦੇ ਸਾਰੇ ਸ਼ਰੀਰ ਉੱਤੇ ਫ਼ੈਲ ਜਾਵੇਗਾ। ਇਹ ਚਮੜੀ ਦਾ ਰੋਗ ਉਸ ਬੰਦੇ ਦੀ ਚਮੜੀ ਦੇ ਸਿਰ ਤੋਂ ਪੈਰਾਂ ਤੱਕ ਫ਼ੈਲ ਜਾਵੇਗਾ। ਜਾਜਕ ਨੂੰ ਉਸ ਬੰਦੇ ਦੇ ਸਾਰੇ ਸ਼ਰੀਰ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ।
13 ਜੇ ਜਾਜਕ ਦੇਖਦਾ ਹੈ ਕਿ ਚਮੜੀ ਦਾ ਰੋਗ ਸਾਰੇ ਸ਼ਰੀਰ ਉੱਤੇ ਫ਼ੈਲਿਆ ਹੋਇਆ ਹੈ ਅਤੇ ਇਸਨੇ ਉਸ ਬੰਦੇ ਦੀ ਸਾਰੀ ਚਮੜੀ ਨੂੰ ਚਿੱਟਾ ਕਰ ਦਿੱਤਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ।
14 ਪਰ ਜੇਕਰ ਉਥੇ ਕੱਚੀ ਚਮੜੀ ਹੈ, ਤਾਂ ਉਹ ਨਾਪਾਕ ਹੈ।
15 ਜਦੋਂ ਜਾਜਕ ਕੱਚੀ ਚਮੜੀ ਨੂੰ ਦੇਖੇ, ਉਸਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਬੰਦਾ ਨਾਪਾਕ ਹੈ। ਕੱਚੀ ਚਮੜੀ ਪਾਕ ਨਹੀਂ ਹੈ, ਇਹ ਕੋੜ ਹੈ।
16 “ਜੇ ਕੱਚੀ ਚਮੜੀ ਰੰਗ ਬਦਲੇ ਅਤੇ ਚਿੱਟੀ ਹੋ ਜਾਵੇ, ਉਸ ਵਿਅਕਤੀ ਨੂੰ ਜਾਜਕ ਕੋਲ ਆਉਣਾ ਚਾਹੀਦਾ ਹੈ।
17 ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਜਗ਼੍ਹਾ ਚਿੱਟੀ ਹੋ ਗਈ ਹੋਵੇ, ਉਸਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਵਿਅਕਤੀ ਪਾਕ ਹੈ।
18 “ਕਿਸੇ ਬੰਦੇ ਦੇ ਫ਼ੋੜਾ ਹੋ ਸਕਦਾ ਜੋ ਬਾਦ ਵਿੱਚ ਰਾਜੀ ਹੋ ਜਾਵੇ।
19 ਜੇਕਰ ਉਸ ਜਗ਼੍ਹਾ ਤੇ ਚਿੱਟੀ ਸੋਜ਼ਿਸ਼ ਹੋਵੇ ਜਾਂ ਲਾਲ ਧਾਰੀਆਂ ਵਾਲਾ ਚਮਕੀਲਾ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਉਸ ਬੰਦੇ ਨੂੰ ਉਹ ਜਗ਼੍ਹਾ ਜਾਜਕ ਨੂੰ ਦਿਖਾਉਣੀ ਚਾਹੀਦੀ ਹੈ।
20 ਜੇ ਫ਼ੋੜਾ ਚਮੜੀ ਨਾਲੋਂ ਗਹਿਰਾ ਹੈ ਅਤੇ ਇਸਦੇ ਉੱਪਰ ਵਾਲ ਚਿੱਟੇ ਹੋ ਜਾਣ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਫ਼ੋੜੇ ਵਿੱਚੋਂ ਛੂਤ ਦੀ ਭੈੜੀ ਸਥਿਤੀ ਫੁੱਟ ਪਈ ਹੈ।
21 ਪਰ ਜੇ ਜਾਜਕ ਧਿਆਨ ਨਾਲ ਉਸ ਨਿਸ਼ਾਨ ਨੂੰ ਦੇਖਦਾ ਹੈ ਅਤੇ ਇਸਦੇ ਉੱਪਰ ਚਿੱਟੇ ਵਾਲ ਨਹੀਂ ਹਨ ਅਤੇ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
22 ਜੇ ਫ਼ੋੜਾ ਚਮੜੀ ਉੱਪਰ ਫ਼ੈਲ ਜਾਵੇ, ਤਾਂ ਉਸਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਨਾਪਾਕ ਹੈ। ਇਹ ਛੂਤ ਹੈ।
23 ਪਰ ਜੇ ਚਮਕੀਲਾ ਨਿਸ਼ਾਨ ਉਸੇ ਥਾਂ ਰਹਿੰਦਾ ਹੈ ਅਤੇ ਫ਼ੈਲਦਾ ਨਹੀਂ, ਇਹ ਸਿਰਫ਼ ਪੁਰਾਣੇ ਫ਼ੋੜੇ ਦਾ ਚਟਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਪਾਕ ਹੈ।
24 “ਕਿਸੇ ਬੰਦੇ ਦੀ ਚਮੜੀ ਉੱਤੇ ਛਾਲਾ ਹੋ ਸਕਦਾ ਹੈ। ਜੇ ਰਿਸਦੀ ਹੋਈ ਚਮੜੀ ਚਿੱਟਾ ਨਿਸ਼ਾਨ ਜਾਂ ਲਾਲ ਧਾਰੀਆਂ ਵਾਲਾ ਚਿੱਟਾ ਨਿਸ਼ਾਨ ਬਣ ਜਾਂਦੀ ਹੈ, ਤਾਂ ਜਾਜਕ ਨੂੰ ਇਸ ਵੱਲ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਉਹ ਚਿੱਟਾ ਨਿਸ਼ਾਨ ਚਮੜੀ ਨਾਲੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਇਸ ਨਿਸ਼ਾਨ ਉੱਪਰ ਵਾਲ ਚਿੱਟੇ ਹੋ ਗਏ ਹਨ ਤਾਂ ਇਹ ਕੋੜ ਦਾ ਰੋਗ ਹੈ। ਕੋੜ ਛਾਲੇ ਵਿੱਚੋਂ ਫੁੱਟ ਰਿਹਾ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ। ਇਹ ਕੋੜ ਦਾ ਰੋਗ ਹੈ।
25
26 ਪਰ ਜੇ ਉਹ ਨਿਸ਼ਾਨ ਦਾ ਧਿਆਨ ਨਾਲ ਨਿਰੀਖਣ ਕਰਦਾ ਹੈ ਅਤੇ ਚਮਕੀਲੇ ਨਿਸ਼ਾਨ ਉੱਤੇ ਚਿੱਟੇ ਵਾਲ ਨਹੀਂ ਹਨ ਅਤੇ ਜੇਕਰ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ, ਉਸ ਨੂੰ ਉਸ ਵਿਅਕਤੀ ਨੂੰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
27 ਸੱਤਵੇਂ ਦਿਨ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਚਮੜੀ ਦਾ ਨਿਸ਼ਾਨ ਫ਼ੈਲ ਜਾਂਦਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਲੀਤ ਹੈ। ਇਹ ਕੋੜ ਦਾ ਰੋਗ ਹੈ।
28 ਪਰ ਜੇ ਚਮਕੀਲਾ ਨਿਸ਼ਾਨ ਚਮੜੀ ਉੱਤੇ ਹੋਰ ਨਹੀਂ ਫ਼ੈਲਿਆ ਅਤੇ ਮੱਧਮ ਹੋ ਗਿਆ, ਤਾਂ ਇਹ ਛਾਲੇ ਦੀ ਸੋਜ਼ਿਸ਼ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ। ਇਹ ਸਿਰਫ਼ ਛਾਲੇ ਦਾ ਦਾਗ ਹੈ।
29 “ਕਿਸੇ ਬੰਦੇ ਦੇ ਸਿਰ ਜਾਂ ਦਾਢ਼ੀ ਉੱਤੇ ਕੋਈ ਛੂਤ ਲੱਗ ਸਕਦੀ ਹੈ।
30 ਜਾਜਕ ਨੂੰ ਇਸ ਬੁਰੇ ਅਸਰ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਲੱਗੇ ਕਿ ਇਹ ਚਮੜੀ ਤੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਜੇ ਇਸ ਵਿਚਲੇ ਵਾਲ ਪਤਲੇ ਤੇ ਪੀਲੇ ਹਨ ਉਸਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਵਿਅਕਤੀ ਨਾਪਾਕ ਹੈ। ਇਹ ਇੱਕ ਮੰਦਾ ਰੋਗ ਹੈ। ਇਹ ਸਿਰ ਜਾਂ ਦਾਢ਼ੀ ਉੱਤੇ ਛੂਤ ਦੀ ਇੱਕ ਭੈੜੀ ਸਥਿਤੀ ਹੈ।
31 ਜੇ ਬਿਮਾਰੀ ਚਮੜੀ ਤੋਂ ਡੂੰਘੇਰੀ ਦਿਖਾਈ ਨਹੀਂ ਦਿੰਦੀ, ਪਰ ਇਸ ਵਿੱਚ ਕੋਈ ਕਾਲਾ ਵਾਲ ਨਹੀਂ ਹੈ, ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
32 ਸੱਤਵੇਂ ਦਿਨ ਜਾਜਕ ਨੂੰ ਛੂਤ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਬਿਮਾਰੀ ਹੋਰ ਨਹੀਂ ਵਧੀ ਅਤੇ ਇਸ ਵਿੱਚ ਪੀਲੇ ਵਾਲ ਨਹੀਂ ਉਗੇ ਹੋਏ ਅਤੇ ਬਿਮਾਰੀ ਚਮੜੀ ਤੋਂ ਡੂੰਘੇਰੀ ਨਹੀਂ ਜਾਪਦੀ,
33 ਤਾਂ ਉਸ ਬੰਦੇ ਨੂੰ ਆਪਣੀ ਹਜਾਮਤ ਕਰਾਉਣੀ ਚਾਹੀਦੀ ਹੈ ਪਰ ਉਸਨੂੰ ਬਿਮਾਰੀ ਵਾਲੀ ਥਾਂ ਦੀ ਹਜਾਮਤ ਨਹੀਂ ਕਰਾਉਣੀ ਚਾਹੀਦੀ। ਜਾਜਕ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
34 ਸੱਤਵੇਂ ਦਿਨ ਉਸਨੂੰ ਬਿਮਾਰੀ ਦਾ ਹੋਰ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਬਿਮਾਰੀ ਚਮੜੀ ਉੱਤੇ ਹੋਰ ਨਹੀਂ ਫ਼ੈਲੀ ਅਤੇ ਇਹ ਚਮੜੀ ਨਾਲੋਂ ਗਹਿਰੀ ਨਹੀਂ ਦਿਖਾਈ ਦਿੰਦੀ, ਉਸਨੂੰ ਐਲਾਨ ਕਰਨਾ ਚਾਹੀਦਾ ਕਿ ਬੰਦਾ ਪਾਕ ਹੈ। ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਪਾਕ ਹੋ ਜਾਵੇਗਾ।
35 ਪਰ ਜੇ ਉਸ ਬੰਦੇ ਦੇ ਪਾਕ ਹੋ ਜਾਣ ਤੋਂ ਬਾਦ ਬਿਮਾਰੀ ਚਮੜੀ ਉੱਤੇ ਫ਼ੈਲ ਜਾਂਦੀ ਹੈ,
36 ਤਾਂ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਜੇ ਬਿਮਾਰੀ ਚਮੜੀ ਵਿੱਚ ਫ਼ੈਲ ਗਈ ਹੈ ਤਾਂ ਜਾਜਕ ਨੂੰ ਪੀਲੇ ਵਾਲਾਂ ਨੂੰ ਦੇਖਣ ਦੀ ਲੋੜ ਨਹੀਂ। ਉਹ ਬੰਦਾ ਪਲੀਤ ਹੈ।
37 ਪਰ ਜੇ ਜਾਜਕ ਸੋਚਦਾ ਹੈ ਕਿ ਬਿਮਾਰੀ ਰੁਕ ਗਈ ਹੈ ਅਤੇ ਇਸ ਵਿੱਚ ਕਾਲੇ ਵਾਲ ਉੱਗ ਰਹੇ ਹਨ ਤਾਂ ਬਿਮਾਰੀ ਠੀਕ ਹੋ ਗਈ ਹੈ। ਬੰਦਾ ਪਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ।
38 “ਜੇ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟੇ ਨਿਸ਼ਾਨ ਹਨ,
39 ਤਾਂ ਜਾਜਕ ਨੂੰ ਉਨ੍ਹਾਂ ਨੂੰ ਨਿਸ਼ਾਨਾਂ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਉਸ ਬੰਦੇ ਦੀ ਚਮੜੀ ਉਤਲੇ ਨਿਸ਼ਾਨ ਮੱਧਮ ਜਿਹੇ ਚਿੱਟੇ ਹਨ, ਤਾਂ ਇਹ ਬਿਮਾਰੀ ਨੁਕਸਾਨ ਰਹਿਤ ਖਾਰਸ਼ ਹੀ ਹੈ ਅਤੇ ਉਹ ਬੰਦਾ ਪਾਕ ਹੈ।
40 “ਹੋ ਸਕਦਾ ਹੈ ਕਿ ਕੋਈ ਬੰਦਾ ਗੰਜਾ ਹੋ ਜਾਵੇ। ਉਹ ਪਾਕ ਹੈ। ਇਹ ਸਿਰਫ਼ ਗੰਜ ਹੈ।
41 ਹੋ ਸਕਦਾ ਹੈ ਕਿਸੇ ਬੰਦੇ ਦੇ ਮਥੇ ਦੇ ਵਾਲ ਝੜ ਜਾਣ। ਉਹ ਪਾਕ ਹੈ। ਇਹ ਸਿਰਫ਼ ਇੱਕ ਹੋਰ ਤਰ੍ਹਾਂ ਦਾ ਗੰਜਾਪਨ ਹੈ।
42 ਪਰ ਜੇ ਉਸਦੇ ਸਿਰ ਦੀ ਚਮੜੀ ਉੱਤੇ ਲਾਲ ਅਤੇ ਚਿੱਟੀ ਛੂਤ ਹੈ, ਇਹ ਛੂਤ ਦੀ ਇੱਕ ਭੈੜੀ ਸਥਿਤੀ ਹੈ।
43 ਜਾਜਕ ਨੂੰ ਉਸ ਬੰਦੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਛੂਤ ਦੀ ਸੋਜ਼ਿਸ਼ ਲਾਲ ਅਤੇ ਚਿੱਟੀ ਹੈ ਅਤੇ ਸ਼ਰੀਰ ਦੇ ਹੋਰਨਾਂ ਹਿਸਿਆਂ ਉੱਤੇ ਕੋੜ ਵਰਗੀ ਦਿਖਾਈ ਦਿੰਦੀ ਹੈ,
44 ਤਾਂ ਉਸ ਬੰਦੇ ਦੇ ਸਿਰ ਦੀ ਚਮੜੀ ਉੱਤੇ ਕੋੜ ਦਾ ਰੰਗ ਹੈ। ਉਹ ਬੰਦਾ ਪਲੀਤ ਹੈ। ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
45 “ਜੇਕਰ ਕਿਸੇ ਬੰਦੇ ਨੂੰ ਛੂਤ ਦੀ ਅਜਿਹੀ ਭੈੜੀ ਬਿਮਾਰੀ ਹੈ ਉਸਨੂੰ ਹੋਰਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਉਸਨੂੰ ਉੱਚੀ ਅਵਾਜ਼ ਵਿੱਚ ਐਲਾਨ ਕਰਨਾ ਚਾਹੀਦਾ ਹੈ, ‘ਨਾਪਾਕ, ਨਾਪਾਕ।’ ਉਸਦੇ ਕੱਪੜਿਆਂ ਨੂੰ ਪਾੜ ਦੇਣਾ ਚਾਹੀਦਾ ਹੈ, ਉਸਨੂੰ ਆਪਣੇ ਵਾਲ ਨਹੀਂ ਵਾਹੁਣੇ ਚਾਹੀਦੇ ਅਤੇ ਆਪਣਾ ਮੂੰਹ ਢਕ ਲੈਣਾ ਚਾਹੀਦਾ ਹੈ।
46 ਜਿੰਨਾ ਚਿਰ ਤੱਕ ਉਸ ਬੰਦੇ ਨੂੰ ਬਿਮਾਰੀ ਲਗੀ ਹੋਈ ਹੈ, ਉਹ ਨਾਪਾਕ ਰਹੇਗਾ ਅਤੇ ਉਸਨੂੰ ਇਕੱਲੇ ਨੂੰ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ।
47 “ਕੁਝ ਕੱਪੜਿਆਂ ਉੱਤੇ ਫ਼ਫ਼ੂੰਦੀ ਦੇ ਨਿਸ਼ਾਨ ਹੋ ਸਕਦੇ ਹਨ। ਇਹ ਕੱਪੜਾ ਲਿਨਨ ਦਾ ਜਾਂ ਉੱਨ ਦਾ ਵੀ ਹੋ ਸਕਦਾ ਹੈ, ਜਾਂ ਲਿਨਨ ਜਾਂ ਉੱਨ ਤੋਂ ਉਣਿਆ ਹੋਇਆ ਜਾਂ ਬੁਣਿਆ ਹੋਇਆ ਹੋ ਸਕਦਾ ਹੈ। ਜਾਂ ਇਹ ਫ਼ਫ਼ੂੰਦੀ ਦਾ ਨਿਸ਼ਾਨ ਕਿਸੇ ਚਮੜੇ ਜਾਂ ਚਮੜੇ ਦੀ ਬਣੀ ਹੋਈ ਚੀਜ਼ ਉੱਪਰ ਹੋ ਸਕਦਾ ਹੈ।
48
49 ਜੇ ਫ਼ਫ਼ੂੰਦੀ ਹਰੀ ਜਾਂ ਲਾਲ ਹੈ ਤਾਂ ਇਹ ਨੁਕਸਾਨ ਦਾਇਕ ਫ਼ਫ਼ੂੰਦੀ ਹੈ ਅਤੇ ਇਸਨੂੰ ਜਾਜਕ ਨੂੰ ਦਿਖਾਉਣਾ ਚਾਹੀਦਾ ਹੈ।
50 ਜਾਜਕ ਨੂੰ ਇਸ ਫ਼ਫ਼ੂੰਦੀ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਉਸਨੂੰ ਇਹ ਚੀਜ਼ ਸੱਤ ਦਿਨਾਂ ਲਈ ਵਖਰੀ ਥਾਂ ਰੱਖ ਦੇਣੀ ਚਾਹੀਦੀ ਹੈ।
51 ਸੱਤਵੇਂ ਦਿਨ, ਉਸਨੂੰ ਇਸ ਫ਼ਫ਼ੂੰਦੀ ਦਾ ਬੜੇ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਕਾਸੇ ਲਈ ਵਰਤੇ ਗਏ ਚਮੜੇ ਉੱਤੇ ਹੈ ਜਾਂ ਉਣੇ ਹੋਏ ਕੱਪੜੇ ਉੱਤੇ ਹੈ। ਜੇ ਫ਼ਫ਼ੂੰਦੀ ਫ਼ੈਲ ਗਈ ਹੈ, ਉਹ ਕੱਪੜਾ ਜਾਂ ਚਮੜਾ ਨਾਪਾਕ ਹੈ। ਇਹ ਨੁਕਸਾਨਦੇਹ ਫ਼ਫ਼ੂੰਦੀ ਹੈ ਜਾਜਕ ਨੂੰ ਉਹ ਕੱਪੜਾ ਜਾਂ ਚਮੜਾ ਸਾੜ ਦੇਣਾ ਚਾਹੀਦਾ ਹੈ।
52
53 “ਜੇ ਜਾਜਕ ਉਸ ਕੱਪੜੇ ਜਾਂ ਚਮੜੇ ਦਾ ਨਿਰੀਖਣ ਕਰਦਾ ਅਤੇ ਵੇਖਦਾ ਕਿ ਫ਼ਫ਼ੂੰਦੀ ਨਹੀਂ ਫ਼ੈਲੀ,
54 ਤਾਂ ਜਾਜਕ ਨੂੰ ਲੋਕਾਂ ਨੂੰ ਉਸ ਚਮੜੇ ਜਾਂ ਕੱਪੜੇ ਦੇ ਟੁਕੜੇ ਨੂੰ ਧੋਣ ਦਾ ਆਦੇਸ਼ ਦੇਣਾ ਚਾਹੀਦਾ ਭਾਵੇਂ ਇਹ ਬੁਣਿਆ ਹੋਵੇ ਜਾਂ ਉਣਿਆ ਹੋਵੇ, ਅਤੇ ਉਸ ਚਮੜੇ ਜਾਂ ਕੱਪੜੇ ਨੂੰ ਹੋਰ ਸੱਤ ਦਿਨਾਂ ਲਈ ਵਖਰਾ ਰਖਣਾ ਚਾਹੀਦਾ ਹੈ।
55 ਇਸ ਸਮੇਂ ਤੋਂ ਬਾਦ, ਜਾਜਕ ਨੂੰ ਇੱਕ ਵਾਰੀ ਫ਼ੇਰ ਧਿਆਨ ਨਾਲ ਇਸਦਾ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ਫ਼ੂੰਦੀ ਫ਼ੇਰ ਵੀ ਉਸੇ ਤਰ੍ਹਾਂ ਦਿਖਾਈ ਦਿੰਦੀ ਹੈ ਅਤੇ ਬਦਲੀ ਨਹੀਂ, ਇਹ ਨਾਪਾਕ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਉਸ ਚਮੜੇ ਜਾਂ ਕੱਪੜੇ ਦੇ ਅੰਦਰਲੇ ਪਾਸੇ ਹੈ ਜਾਂ ਬਾਹਰਲੇ ਪਾਸੇ। ਤੁਹਾਨੂੰ ਇਸਨੂੰ ਸਾੜ ਦੇਣਾ ਚਾਹੀਦਾ ਹੈ।
56 “ਪਰ ਜੇ ਜਾਜਕ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਦਾ ਨਿਰੀਖਣ ਕਰਦਾ ਹੈ, ਅਤੇ ਫ਼ਫ਼ੂੰਦੀ ਮਧਮ ਪੈ ਗਈ ਹੋਵੇ, ਤਾਂ ਜਾਜਕ ਨੂੰ ਚਮੜੇ ਜਾਂ ਕੱਪੜੇ ਤੋਂ ਉਸ ਫ਼ਫ਼ੂੰਦੀ ਨੂੰ ਪਾੜ ਦੇਣਾ ਚਾਹੀਦਾ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।
57 ਪਰ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਉੱਤੇ ਫ਼ਫ਼ੂੰਦੀ ਫ਼ੇਰ ਉਭਰ ਸਕਦੀ ਹੈ। ਇਸ ਲਈ ਇਸਨੂੰ ਸਾੜ ਦੇਣਾ ਚਾਹੀਦਾ ਹੈ।
58 ਪਰ ਜੇ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਨੂੰ ਧੋਣ ਤੋਂ ਮਗਰੋਂ ਫ਼ਫ਼ੂੰਦੀ ਫ਼ੇਰ ਨਹੀਂ ਉਭਰੀ, ਇਸਨੂੰ ਫ਼ੇਰ ਤੋਂ ਧੋਤਾ ਜਾਣਾ ਚਾਹੀਦਾ ਹੈ। ਫ਼ੇਰ ਇਹ ਪਾਕ ਹੋ ਜਾਵੇਗਾ।”
59 ਚਮੜੇ ਜਾਂ ਕੱਪੜੇ ਦੇ ਟੁਕੜੇ ਉੱਤੇ ਫ਼ਫ਼ੂੰਦੀ ਪਾਕ ਹੈ ਜਾਂ ਨਾਪਾਕ ਦਾ ਫ਼ੈਸਲਾ ਕਰਨ ਦੇ ਲਈ ਇਹ ਬਿਧੀਆਂ ਹਨ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਲਿਨਨ ਤੋਂ ਬਣਿਆ ਜਾਂ ਉੱਨ ਤੋਂ ਜਾਂ ਇਹ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।