੧ ਪਤਰਸ

ਕਾਂਡ : 1 2 3 4 5


ਕਾਂਡ 4

1 ਯਿਸੂ ਨੇ ਤਸੀਹੇ ਝੱਲੇ ਜਦੋਂ ਉਹ ਆਪਣੇ ਸ਼ਰੀਰ ਵਿੱਚ ਰਿਹਾ। ਇਸ ਲਈ ਤੁਹਾਨੂੰ ਵੀ ਆਪਣੇ ਆਪ ਨੂੰ ਉਸੇ ਸੋਚ ਨਾਲ ਲੈਸ ਕਰ ਲੈਣਾ ਚਾਹੀਦਾ ਹੈ ਜਿਹੜੀ ਯਿਸੂ ਕੋਲ ਸੀ, ਕਿਉਂਕਿ ਉਹ ਜਿਸਨੇ ਸ਼ਰੀਰਕ ਤਸੀਹੇ ਝੱਲੇ ਹਨ ਪਾਪ ਕਰਨੇ ਬੰਦ ਕਰ ਦਿੱਤੇ ਹਨ।
2 ਆਪਣੇ ਆਪ ਨੂੰ ਮਜ਼ਬੂਤ ਬਣਾਉ ਤਾਂ ਜੋ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਉਸ ਅਨੁਸਾਰ ਜੀਵੋ ਜਿਸਦੀ ਪਰਮੇਸ਼ੁਰ ਕਾਮਨਾ ਕਰਦਾ ਹੈ, ਨਾ ਕਿ ਲੋਕਾਂ ਦੀਆਂ ਬਦ ਕਾਮਨਾਵਾਂ ਦੇ ਅਨੁਸਾਰ।
3 ਅਤੀਤ ਵਿੱਚ, ਤੁਸੀਂ ਬਹੁਤਾ ਸਮਾਂ ਉਸੇ ਵਿੱਚ ਬਰਬਾਦ ਕਰ ਦਿੱਤਾ ਜੋ ਅਨਾਸਥਾਵਾਨ ਕਰਦੇ ਹਨ। ਤੁਸੀਂ ਅਨੈਤਿਕ ਗੱਲਾਂ ਕਰ ਰਹੇ ਸੀ। ਤੁਸੀਂ ਉਹੀ ਭਰਿਸ਼ਟ ਗੱਲਾਂ ਕਰ ਰਹੇ ਸੀ ਜੋ ਤੁਸੀਂ ਕਰਨੀਆਂ ਪਸੰਦ ਕੀਤੀਆਂ। ਤੁਸੀਂ ਸ਼ਰਾਬੀ ਹੋ ਰਹੇ ਸੀ, ਐਸ਼ ਪ੍ਰਸਤ ਦਾਅਵਤਾਂ ਅਤੇ ਸ਼ਰਾਬੀ ਸਭਾਵਾਂ ਕਰਦੇ ਸੀ ਅਤੇ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ ਜਿਨ੍ਹਾਂ ਤੇ ਪਾਬੰਦੀ ਹੈ।
4 ਇਹ ਉਨ੍ਹਾਂ ਨੂੰ ਹੈਰਾਨ ਕਰਦਾ ਹੈ ਕਿ ਹੁਣ ਤੁਸੀਂ ਉਨ੍ਹਾਂ ਦੇ ਇਨ੍ਹਾਂ ਅਸਭਿਅ ਅਤੇ ਫ਼ਿਜ਼ੂਲ ਵਿਹਾਰ ਵਿੱਚ ਸ਼ਾਮਿਲ ਨਹੀਂ ਹੁੰਦੇ। ਇਸ ਲਈ ਉਹ ਤੁਹਾਨੂੰ ਗਾਲਾਂ ਦੇਣ ਲੱਗ ਪੈਂਦੇ ਹਨ।
5 ਪਰ ਇਨ੍ਹਾਂ ਲੋਕਾਂ ਨੂੰ ਆਪਣੇ ਹਰ ਕੰਮ ਦੀ ਵਿਆਖਿਆ ਜੋ ਉਹ ਕਰਦੇ ਹਨ, ਉਸ ਇੱਕ ਨੂੰ ਕਰਨੀ ਪਵੇਗੀ, ਜੋ ਜਿਉਂਦਿਆਂ ਅਤੇ ਮਰੇ ਲੋਕਾਂ ਦਾ ਨਿਰਣ ਕਰਨ ਲਈ ਤਿਆਰ ਹੈ।
6 ਖੁਸ਼ ਖਬਰੀ ਦਾ ਉਪਦੇਸ਼ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਸੀ ਜਿਹੜੇ ਹੁਣ ਮਰ ਚੁੱਕੇ ਹਨ ਕਿਉਂਕਿ ਉਨ੍ਹਾਂ ਲੋਕਾਂ ਬਾਰੇ ਵੀ ਉਸੇ ਤਰ੍ਹਾਂ ਨਿਰਣਾ ਹੋਵੇਗਾ ਜਿਵੇਂ ਸਮੂਹ ਲੋਕਾਂ ਬਾਰੇ ਹੁੰਦਾ ਹੈ। ਖੁਸ਼ਖਬਰੀ ਦਾ ਪ੍ਰਚਾਰ ਉਨ੍ਹਾਂ ਨੂੰ ਇਸ ਲਈ ਕੀਤਾ ਗਿਆ ਸੀ ਤਾਂ ਜੋ ਉਹ ਉਸੇ ਤਰ੍ਹਾਂ ਆਤਮਾ ਵਿੱਚ ਜਿਉਂ ਸਕਣ ਜਿਵੇਂ ਪਰਮੇਸ਼ੁਰ ਰਹਿੰਦਾ ਹੈ।
7 ਉਹ ਦਿਨ ਨੇੜੇ ਹੈ ਜਦੋਂ ਸਭ ਕੁਝ ਨਸ਼ਟ ਹੋ ਜਾਵੇਗਾ। ਇਸ ਲਈ ਸਾਫ਼ ਮਨ ਰਖੋ ਅਤੇ ਸਵੈ ਕਾਬੂ ਰਖੋ ਅਤੇ ਇਹ ਤੁਹਾਨੂੰ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਸਹਾਇਤਾ ਕਰੇਗਾ।
8 ਸਭ ਤੋਂ ਜ਼ਰੂਰੀ ਗੱਲ ਹੈ ਇੱਕ ਦੂਸਰੇ ਨੂੰ ਡੂੰਘਾਈ ਨਾਲ ਪਿਆਰ ਕਰਨਾ ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢਕ ਲੈਂਦਾ ਹੈ।
9 ਬਿਨਾ ਕਿਸੇ ਸ਼ਿਕਾਇਤ ਦੇ ਇੱਕ ਦੂਸਰੇ ਦੀ ਆਓ ਭਗਤ ਕਰੋ।
10 ਤੁਸੀਂ ਸਾਰਿਆਂ ਨੇ ਪਰਮੇਸ਼ੁਰ ਪਾਸੋਂ ਆਤਮਕ ਦਾਤਾਂ ਪ੍ਰਾਪਤ ਕੀਤੀਆਂ। ਪਰਮੇਸ਼ੁਰ ਨੇ ਤੁਹਾਨੂੰ ਆਪਣੀ ਕਿਰਪਾ ਵਖ ਵਖ ਢੰਗਾਂ ਨਾਲ ਦਰਸ਼ਾਈ ਹੈ। ਤੁਹਾਨੂੰ ਪਰਮੇਸ਼ੁਰ ਦੀਆਂ ਦਾਤਾਂ ਵਰਤਣ ਲਈ ਸੌਂਪੀਆਂ ਗਈਆਂ ਹਨ। ਇਸੇ ਲਈ, ਤੁਹਾਨੂੰ ਚੰਗੇ ਨੋਕਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਇੱਕ ਦੂਸਰੇ ਦੀ ਸੇਵਾ ਕਰਨ ਦੇ ਉਦੇਸ਼ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।
11 ਜੇ ਕੋਈ ਵਿਅਕਤੀ ਬੋਲਦਾ ਹੈ ਤਾਂ ਉਸਨੂੰ ਪਰਮੇਸ਼ੁਰ ਦੇ ਸ਼ਬਦ ਬੋਲਣੇ ਚਾਹੀਦੇ ਹਨ। ਜਿਹੜੇ ਕੋਈ ਸੇਵਾ ਕਰਦਾ ਹੈ, ਉਸਨੂੰ ਅਜਿਹਾ ਉਸ ਤਾਕਤ ਨਾਲ ਕਰਨ ਦਿਓ ਜਿਹੜੀ ਪਰਮੇਸ਼ੁਰ ਉਸਨੂੰ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ, ਪਰਮੇਸ਼ੁਰ ਮਸੀਹ ਯਿਸੂ ਰਾਹੀਂ ਮਹਿਮਾਮਈ ਹੋਵੇ। ਸ਼ਕਤੀ ਅਤੇ ਮਹਿਮਾ ਸਦੀਵੀ ਉਸੇ ਦੀ ਹੋਵੇ। ਆਮੀਨ।
12 ਮੇਰੇ ਮਿੱਤਰੋ, ਉਨ੍ਹਾਂ ਦੁੱਖ ਭਰੇ ਤਸੀਹਿਆਂ ਤੇ ਹੈਰਾਨ ਨਾ ਹੋਵੋ ਜਿਹੜੇ ਤੁਸੀਂ ਭੋਗ ਰਹੇ ਹੋਂ, ਕਿਉਂਕਿ ਇਹ ਤਸੀਹੇ ਤੁਹਾਡੀ ਨਿਹਚਾ ਦੀ ਪਰਖ ਕਰਨ ਲਈ ਹਨ। ਇਹ ਨਾ ਸੋਚੋ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ।
13 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਮਸੀਹ ਦੇ ਤਸੀਹਿਆਂ ਵਿਚ ਸ਼ਰੀਕ ਹੋ ਰਹੇ ਹੋ ਤਾਂ ਜੋ ਜਦੋਂ ਉਹ ਮਹਿਮਾ ਵਿੱਚ ਆਵੇ ਤਾਂ, ਤੁਸੀਂ ਖੁਸ਼ ਅਤੇ ਆਨੰਦਿਤ ਹੋਵੋਂਗੇ।
14 ਜੇ ਕੋਈ ਮਸੀਹ ਦੇ ਚੇਲੇ ਹੋਣ ਕਾਰਣ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਖੁਸ਼ ਹੋਵੋ। ਕਿਉਂਕਿ ਮਹਿਮਾ ਦਾ ਆਤਮਾ, ਜੋ ਕਿ ਪਰਮੇਸ਼ੁਰ ਦਾ ਆਤਮਾ ਹੈ, ਤੁਹਾਡੇ ਨਾਲ ਹੈ।
15 ਜੇਕਰ ਤੁਸੀਂ ਤਸੀਹੇ ਸਹਿੰਦੇ ਹੋ, ਤਾਂ ਇਹ ਗੱਲ ਯਕੀਨੀ ਬਣਾਓ ਕਿ ਇਹ ਕਾਤਿਲ ਹੋਣ ਵਾਸਤੇ ਜਾਂ ਚੋਰ, ਜਾਂ ਬਦੀ ਕਰਨ ਵਾਲੇ ਵਾਸਤੇ ਨਹੀਂ ਜਾਂ ਉਸ ਵਾਸਤੇ ਨਹੀਂ ਹਨ ਜਿਹੜਾ ਬਿਨ ਬੁਲਾਇਆਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ।
16 ਪਰ ਜੇ ਤੁਸੀਂ ਇੱਕ ਮਸੀਹੀ ਹੋਣ ਕਰਕੇ ਤਸੀਹੇ ਝੱਲਦੇ ਹੋ ਤਾਂ ਸ਼ਰਮਿੰਦਗੀ ਮਹਿਸੂਸ ਨਾ ਕਰੋ, ਸਗੋਂ ਤੁਹਾਨੂੰ ਉਸ ਨਾਂ ਵਾਸਤੇ ਪਰਮੇਸ਼ੁਰ ਦੀ ਉਸਤਤਿ ਕਰਨੀ ਚਾਹੀਦੀ ਹੈ।
17 ਨਿਰਣੇ ਦੀ ਘੜੀ ਆ ਚੁੱਕੀ ਹੈ ਅਤੇ ਇਹ ਨਿਰਣਾ ਪਰਮੇਸ਼ੁਰ ਦੇ ਪਰਿਵਾਰ ਨਾਲ ਆਰੰਭ ਹੋਵੇਗਾ। ਜੇਕਰ ਇਹ ਸਾਡੇ ਨਾਲ ਸ਼ੁਰੂ ਹੋਣ ਵਾਲਾ ਹੈ, ਤਾਂ ਉਨ੍ਹਾਂ ਲੋਕਾਂ ਨਾਲ ਕੀ ਵਾਪਰੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ?
18 “ਅਤੇ ਜੇਕਰ ਇੱਕ ਨੇਕ ਆਦਮੀ ਲਈ ਬਚਣਾ ਇੰਨਾ ਹੀ ਔਖਾ ਹੈ,ਉਸ ਵਿਅਕਤੀ ਨਾਲ ਕੀ ਵਾਪਰੇਗਾ ਜਿਹੜਾ ਪਰਮੇਸ਼ੁਰ ਦੇ ਖਿਲਾਫ਼ ਹੈ ਅਤੇ ਪਾਪੀ ਹੈ।”
19 ਇਸ ਲਈ ਜਿਹਾੜੇ ਲੋਕ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਤਸੀਹੇ ਝੱਲਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਦੀ ਸਾਜਨਾ ਕੀਤੀ ਹੈ ਅਤੇ ਜਿਸਤੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀਆਂ ਕਰਨੀਆਂ ਕਰਦੇ ਰਹਿਣਾ ਚਾਹੀਦਾ ਹੈ।