੧ ਤਿਮੋਥਿਉਸ

ਕਾਂਡ : 1 2 3 4 5 6


ਕਾਂਡ 3

1 ਜੋ ਮੈਂ ਕਹਿੰਦਾ ਹਾਂ ਉਹ ਸੱਚ ਹੈ; ਜੇ ਕੋਈ ਵਿਅਕਤੀ ਕਲੀਸਿਯਾ ਦਾ ਬਜ਼ੁਰਗ ਬਣਨਾ ਚਾਹੁੰਦਾ ਹੈ ਤਾਂ ਉਹ ਚੰਗਾ ਕੰਮ ਕਰਨਾ ਚਾਹ ਰਿਹਾ ਹੈ।
2 ਬਜ਼ੁਰਗ ਨੂੰ ਇਸ ਹੱਦ ਤੱਕ ਚੰਗਾ ਹੋਣ ਚਾਹੀਦਾ ਹੈ ਕਿ ਲੋਕ ਉਸਨੂੰ ਹੱਕੀ ਤੌਰ ਤੇ ਗਲਤ ਨਾ ਕਹਿ ਸਕਣ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਬਜ਼ੁਰਗ ਨੂੰ ਆਪਣੇ ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ ਅਤੇ ਸਿਆਣਾ ਹੋਣਾ ਚਾਹੀਦਾ ਹੈ। ਉਸਨੂੰ ਚੰਗਾ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸਨੂੰ ਇੱਜ਼ਤ ਦੇ ਸਕਣ। ਉਸਨੂੰ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਆਪਣੇ ਘਰ ਵਿੱਚ ਪ੍ਰਵਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਹ ਇੱਕ ਚੰਗਾ ਉਪਦੇਸ਼ਕ ਹੋਣਾ ਚਾਹੀਦਾ ਹੈ।
3 ਉਸਨੂੰ ਬਹੁਤੀ ਸੁਰਾ ਨਹੀਂ ਪੀਣੀ ਚਾਹੀਦੀ। ਉਸਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ। ਉਹ ਸ਼ਰੀਫ਼ ਅਤੇ ਅਮਨ ਪਸੰਦ ਹੋਣਾ ਚਾਹੀਦਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜੇ ਪੈਸੇ ਨਾਲ ਪਿਆਰ ਕਰਦਾ ਹੋਵੇ।
4 ਉਸਨੂੰ ਆਪਣੇ ਘਰ ਦਾ ਇੱਕ ਚੰਗਾ ਆਗੂ ਹੋਣਾ ਚਾਹੀਦਾ। ਇਸਦਾ ਅਰਥ ਇਹ ਹੈ ਕਿ ਉਸਦੇ ਬੱਚੇ ਪੂਰੀ ਇੱਜ਼ਤ ਨਾਲ ਉਸਦਾ ਆਖਾ ਮੰਨਦੇ ਹੋਣ।
5 ਜੇ ਕਿਸੇ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਆਗੂ ਨਹੀਂ ਬਣਨਾ ਆਉਂਦਾ ਤਾਂ ਉਹ ਪਰਮੇਸ਼ੁਰ ਦੀ ਕਲੀਸਿਯਾ ਦਾ ਧਿਆਨ ਰੱਖਣ ਦੇ ਯੋਗ ਨਹੀਂ ਹੋ ਸਕਦਾ।
6 ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ।
7 ਇੱਕ ਬਜ਼ੁਰਗ ਨੂੰ ਉਨ੍ਹਾਂ ਲੋਕਾਂ ਵੱਲੋਂ ਵੀ ਇੱਜ਼ਤ ਮਿਲਣੀ ਚਾਹੀਦੀ ਹੈ ਜਿਹੜੇ ਕਲੀਸਿਯਾ ਨਾਲ ਸੰਬੰਧ ਨਹੀਂ ਰਖਦੇ। ਫ਼ੇਰ ਉਸ ਦੀ ਆਲੋਚਨਾ, ਹੋਰਨਾਂ ਦੁਆਰਾ ਨਹੀਂ ਹੋਵੇਗੀ ਅਤੇ ਉਹ ਸ਼ੈਤਾਨ ਦੁਆਰਾ ਨਹੀਂ ਫ਼ਸਾਇਆ ਜਾ ਸਕਦਾ।
8 ਇਸੇ ਢੰਗ ਨਾਲ, ਜਿਹੜੇ ਆਦਮੀ ਕਲੀਸਿਯਾ ਵਿੱਚ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਦੇ ਹਨ, ਇੱਜ਼ਤ ਦੇ ਭਾਗੀ ਵਿਅਕਤੀ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਉਹ ਗੱਲਾਂ ਨਹੀਂ ਆਖਣੀਆਂ ਚਾਹੀਡੀਆਂ ਜਿਨ੍ਹਾਂ ਦਾ ਕੋਈ ਅਰਥ ਨਹੀਂ, ਅਤੇ ਉਨ੍ਹਾਂ ਨੂੰ ਆਪਣਾ ਸਮਾਂ ਸੁਰਾ ਪੀਣ ਵਿੱਚ ਨਹੀਂ ਬਿਤਾਉਣਾ ਚਾਹੀਦਾ। ਉਹ ਅਜਿਹੇ ਵਿਅਕਤੀ ਨਹੀਂ ਹੋਣੇ ਚਾਹੀਦੇ ਜਿਹੜੇ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
9 ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਚੱਲਣਾ ਚਾਹੀਦਾ ਹੈ ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ। ਅਤੇ ਉਨ੍ਹਾਂ ਨੂੰ ਹਮੇਸ਼ਾ ਉਸੇ ਆਧਾਰ ਤੇ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਸਨੂੰ ਉਹ ਸਹੀ ਸਮਝਦੇ ਹਨ।
10 ਤੁਹਾਨੂੰ ਇਨ੍ਹਾਂ ਲੋਕਾਂ ਦੀ ਪਰਖ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਉਨ੍ਹਾਂ ਵਿੱਚ ਕੋਈ ਨੁਕਸ ਦਿਖਾਈ ਨਾ ਦੇਵੇ ਤਾਂ ਉਹ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰ ਸਕਦੇ ਹਨ।
11 ਇਸੇ ਤਰ੍ਹਾਂ ਹੀ ਔਰਤਾਂ ਨੂੰ ਵੀ ਹੋਰਨਾਂ ਲੋਕਾਂ ਪਾਸੋਂ ਇੱਜ਼ਤ ਦੇ ਯੋਗ ਹੋਣਾ ਚਾਹੀਦਾ ਹੈ। ਉਹ ਅਜਿਹੀਆਂ ਔਰਤਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਦੂਸਰਿਆਂ ਬਾਰੇ ਮੰਦਾ ਬੋਲਦੀਆਂ ਹਨ। ਉਨ੍ਹਾਂ ਨੂੰ ਆਪਣੇ ਆਪ ਉੱਤੇ ਸੰਜਮ ਹੋਣ ਚਾਹੀਦਾ ਹੈ ਅਤੇ ਅਜਿਹੀਆਂ ਔਰਤਾਂ ਬਣਨਾ ਚਾਹੀਦਾ ਹੈ ਜਿਨ੍ਹਾਂ ਉੱਪਰ ਹਰ ਗੱਲੋਂ ਇਤਬਾਰ ਕੀਤਾ ਜਾ ਸਕੇ।
12 ਜਿਹੜੇ ਆਦਮੀ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕੇਵਲ ਇੱਕ ਪਤਨੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਆਪਣੇ ਬਚਿਆਂ ਦੇ ਚੰਗੇ ਆਗੂ ਹੋਣਾ ਚਾਹੀਦਾ ਹੈ।
13 ਉਹ ਜਿਹੜੇ ਸਹੀ ਢੰਗ ਨਾਲ ਸੇਵਾ ਕਰਦੇ ਹਨ ਆਪਣੇ ਆਪ ਲਈ ਸਨਮਾਨ ਯੋਗ ਥਾਂ ਬਣਾ ਰਹੇ ਹਨ ਅਤੇ ਉਹ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੀ ਨਿਸ਼ਚਿਤਤਾ ਪਾਉਣਗੇ।
14 ਮੈਨੂੰ ਉਮੀਦ ਹੈ ਕਿ ਮੈਂ ਛੇਤੀ ਹੀ ਤੁਹਾਡੇ ਵੱਲ ਆ ਸਕਦਾ ਹਾਂ। ਪਰ ਹੁਣ ਮੈਂ ਤੁਹਾਨੂੰ ਇਹ ਗੱਲਾਂ ਲਿਖ ਰਿਹਾ ਹਾਂ।
15 ਤਾਂ ਫ਼ੇਰ ਜੇ ਮੈਂ ਤੁਹਾਡੇ ਵੱਲ ਛੇਤੀ ਨਾ ਵੀ ਆ ਸਕਿਆ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣ ਲਵੋ ਜਿਹੜਿਆਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਲੋਕਾਂ ਲਈ ਕਰਨੀਆਂ ਜ਼ਰੂਰੀ ਹਨ। ਇਹ ਪਰਿਵਾਰ ਜਿਉਂਦੇ ਜਾਗਦੇ ਪਰਮੇਸ਼ੁਰ ਦੀ ਕਲੀਸਿਯਾ ਹੈ। ਅਤੇ ਪਰਮੇਸ਼ੁਰ ਦੀ ਕਲੀਸਿਯਾ ਸੱਚ ਦਾ ਸਹਾਰਾ ਤੇ ਬੁਨਿਆਦ ਹੈ।
16 ਬਿਨਾ ਕਿਸੇ ਸ਼ੱਕ, ਸਾਡੀ ਰੱਬੀ ਜ਼ਿੰਦਗੀ ਦਾ ਰਹੱਸ ਮਹਾਨ ਹੈ:“ਉਹ ਸਾਨੂੰ ਮਨੁੱਖੀ ਸ਼ਰੀਰ ਦੇ ਰੂਪ ਵਿੱਚ ਦਰਸ਼ਾਇਆ ਗਿਆ ਸੀ;ਆਤਮਾ ਨੇ ਇਹ ਪ੍ਰਮਾਣ ਦਿੱਤਾ ਕਿ ਉਹ ਸਹੀ ਸੀ;ਉਸ ਨੂੰ ਦੂਤਾਂ ਨੇ ਦੇਖਿਆ।ਉਸ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਹੋਰਾਂ ਕੌਮਾਂ ਵਿੱਚ ਕੀਤਾ ਗਿਆ;ਦੁਨੀਆਂ ਦੇ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾਉਸਨੂੰ ਪੂਰੀ ਮਹਿਮਾ ਨਾਲ ਸਵਰਗਾਂ ਵਿੱਚ ਲਿਜਾਇਆ ਗਿਆ।