ਗਲਾਤੀਆਂ

ਕਾਂਡ : 1 2 3 4 5 6


ਕਾਂਡ 5

1 ਹੁਣ ਤੁਸੀਂ ਅਜ਼ਾਦ ਹੋ। ਮਸੀਹ ਨੇ ਸਾਨੂੰ ਅਜ਼ਾਦ ਕੀਤਾ ਹੈ। ਇਸ ਲਈ ਮਜਬੂਤੀ ਨਾਲ ਖਲੋਵੋ। ਬਦਲੋ ਨਾ ਅਤੇ ਮੁੜ ਕੇ ਨੇਮ ਦੀ ਗੁਲਾਮੀ ਵੱਲ ਨਾ ਪਰਤੋ।
2 ਸੁਣੋ ਮੈਂ ਪੌਲੁਸ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਤੁਸੀਂ ਨੇਮ ਵੱਲ ਵਾਪਸ ਜਾਵੋ ਅਤੇ ਸੁੰਨਤੀਏ ਹੋ ਜਾਵੋ ਤਾਂ ਮਸੀਹ ਦਾ ਤੁਹਾਡੇ ਲਈ ਹੋਰ ਵਧੇਰੇ ਕੋਈ ਨਫ਼ਾ ਨਹੀਂ।
3 ਇੱਕ ਵਾਰੀ ਫ਼ੇਰ, ਮੈਂ ਹਰ ਮਨੁੱਖ ਨੂੰ ਚਿਤਾਵਨੀ ਦਿੰਦਾ ਹਾਂ; ਜੇ ਤੁਸੀਂ ਆਪਣੀ ਸੁੰਨਤ ਕਰਨ ਦਿਉਂਗੇ ਤਾਂ ਤੁਹਾਨੂੰ ਮੂਸਾ ਦੇ ਸਾਰੇ ਨੇਮਾਂ ਦਾ ਪਾਲਣ ਕਰਨਾ ਪਵੇਗਾ।
4 ਜੇ ਤੁਸੀਂ ਸ਼ਰ੍ਹਾ ਰਾਹੀਂ ਧਰਮੀ ਹੋਣ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਮਸੀਹ ਨਾਲ ਜੀਵਨ ਅੰਤ ਤੇ ਆ ਪੁਜਿਆ ਹੈ। ਤੁਸੀਂ ਪਰਮੇਸ਼ੁਰ ਦੀ ਕਿਰਪਾ ਤੋਂ ਡਿੱਗ ਚੁੱਕੇ ਹੋ।
5 ਅਸੀਂ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਤੇ ਅਸੀਂ ਆਤਮਾ ਰਾਹੀਂ ਸਾਨੂੰ ਦਿੱਤੀ ਜਾਣ ਵਾਲੀ ਉਸ ਉਮੀਦ ਦਾ ਇੰਤਜ਼ਾਰ ਕਰ ਰਹੇ ਹਾਂ।
6 ਜਦੋਂ ਕੋਈ ਵਿਅਕਤੀ ਮਸੀਹ ਯਿਸੂ ਵਿੱਚ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਸਦੀ ਸੁੰਨਤ ਹੋਈ ਹੋਵੇ ਜਾਂ ਨਾ। ਅੱਤ ਮਹੱਤਵਪੂਰਣ ਗੱਲ ਤਾਂ ਆਸਥਾ ਦੀ ਹੈ ਜਿਹੜੀ ਪ੍ਰੇਮ ਰਾਹੀਂ ਕਾਰਜ ਕਰਦੀ ਹੈ।
7 ਤੁਸੀਂ ਬੜੀ ਚੰਗੀ ਦੌੜ ਦੌਰ ਰਹੇ ਸੀ। ਤੁਸੀਂ ਸੱਚ ਦੀ ਪਾਲਣਾ ਕਰ ਰਹੇ ਸੀ। ਕਿਸਨੇ ਤੁਹਾਨੂੰ ਸੱਚ ਦੇ ਮਾਰਗ ਦਾ ਅਨੁਸਰਣ ਕਰਨ ਤੋਂ ਰੋਕਿਆ?
8 ਇਸ ਤਰ੍ਹਾਂ ਦੀ ਪ੍ਰੇਰਣਾ ਉਸ ਇੱਕ ਵੱਲੋਂ ਨਹੀਂ ਆਉਂਦੀ ਜਿਸਨੇ ਤੁਹਾਨੂੰ ਚੁਣਿਆ ਹੈ।
9 ਹੁਸ਼ਿਆਰ ਰਹੋ। “ਬਸ ਥੋੜਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਉਭਾਰ ਦਿੰਦਾ ਹੈ।”
10 ਮੈਨੂੰ ਪ੍ਰਭੂ ਉੱਤੇ ਵਿਸ਼ਵਾਸ ਹੈ ਕਿ ਤੁਸੀਂ ਉਨ੍ਹਾਂ ਵਖਰੇ ਵਿਚਾਰਾਂ ਉੱਤੇ ਵਿਸ਼ਵਾਸ ਨਹੀਂ ਕਰੋਂਗੇ। ਕੋਈ ਤੁਹਾਨੂੰ ਉਲਝਾ ਰਿਹਾ ਹੈ। ਉਹ ਵਿਅਕਤੀ ਭਾਵੇਂ ਕੋਈ ਵੀ ਹੋਵੇ ਸਜ਼ਾ ਪਾਵੇਗਾ।
11 ਮੇਰੇ ਭਰਾਵੋ ਅਤੇ ਭੈਣੋ ਮੈਂ ਇਹ ਸਿਖਿਆ ਨਹੀਂ ਦਿੰਦਾ ਕਿ ਲੋਕਾਂ ਦੀ ਸੁੰਨਤ ਜਰੂਰ ਹੋਣੀ ਚਾਹੀਦੀ ਹੈ। ਜੇ ਮੈਂ ਹਾਲੇ ਵੀ ਸੁੰਨਤ ਬਾਰੇ ਪ੍ਰਚਾਰ ਕਰਾਂ ਤਾਂ ਮੈਨੂੰ ਹਾਲੇ ਵੀ ਦੰਡ ਕਿਉਂ ਦਿੱਤੇ ਜਾ ਰਹੇ ਹਨ? ਜੇਕਰ ਇਹ ਸੱਚ ਹੁੰਦਾ, ਫ਼ੇਰ ਸਲੀਬ ਬਾਰੇ ਮੇਰੇ ਪ੍ਰਚਾਰ ਤੋਂ ਕੋਈ ਵੀ ਸਮਸਿਆ ਪੈਦਾ ਨਾ ਹੋਈ ਹੁੰਦੀ।
12 ਮੇਰੀ ਖਾਹਸ਼ ਹੈ ਜਿਹੜੇ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਹਨ ਆਪਣੀ ਸੁੰਨਤ ਦੇ ਨਾਲ ਖਸੀ ਹੋਣ ਨੂੰ ਵੀ ਸ਼ਾਮਿਲ ਕਰ ਲੈਣ।
13 ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਅਜ਼ਾਦ ਹੋਣ ਦਾ ਸੱਦਾ ਦਿੱਤਾ ਸੀ। ਪਰ ਇਸ ਅਜ਼ਾਦੀ ਨੂੰ ਆਪਣੇ ਪਾਪੀ ਆਪਿਆਂ ਨੂੰ ਪ੍ਰਸੰਨ ਕਰਨ ਦੇ ਅਰਥਾਂ ਵਾਂਗ ਇਸਤੇਮਾਲ ਨਾ ਕਰੋ। ਪਰ ਇੱਕ ਦੂਸਰੇ ਦੀ ਪਿਆਰ ਨਾਲ ਸੰਪੂਰਣ ਸੇਵਾ ਕਰੋ।
14 ਸਮੁੱਚਾ ਨੇਮ ਦਾ ਸਾਰਾਂਸ਼ ਇਸ ਇੱਕ ਹੁਕਮ ਵਿੱਚ ਹੈ; “ਹੋਰਾਂ ਨੂੰ ਵੀ ਉਵੇਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ।”
15 ਜੇ ਤੁਸੀਂ ਇੱਕ ਦੂਸਰੇ ਨੂੰ ਦੁਖੀ ਕਰਦੇ ਰਹੋਂਗੇ ਅਤੇ ਇੱਕ ਦੂਸਰੇ ਨੂੰ ਪਾੜਦੇ ਰਹੋਂਗ਼ੇ, ਤਾਂ ਸਚੇਤ ਰਹੋ। ਤੁਸੀਂ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਤਬਾਹ ਕਰ ਦਿਉਂਗੇ।
16 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ; ਆਤਮਾ ਦੀ ਅਗਵਾਈ ਵਿੱਚ ਜੀਓ। ਫ਼ੇਰ ਤੁਸੀਂ ਕੋਈ ਮੰਦਾ ਕੰਮ ਨਹੀਂ ਕਰੋਂਗੇ ਜਿਹੜੇ ਤੁਹਾਡੇ ਪਾਪੀ ਆਪੇ ਨੂੰ ਪਸੰਦ ਹਨ।
17 ਸਾਡੇ ਪਾਪੀ ਆਪੇ ਉਹੀ ਗੱਲਾਂ ਚਾਹੁੰਦੇ ਹਨ ਜੋ ਆਤਮਾ ਦੇ ਵਿਰੁੱਧ ਹਨ। ਆਤਮਾ ਉਹ ਗੱਲਾਂ ਚਾਹੁੰਦਾ ਹੈ ਜੋ ਸਾਡੇ ਪਾਪੀ ਆਪਿਆਂ ਦੇ ਵਿਰੁੱਧ ਹਨ। ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਇਸ ਲਈ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਤੁਸੀਂ ਸੱਚਮੁਚ ਕਰਨਾ ਚਾਹੁੰਦੇ ਹੋ।
18 ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨੂੰ ਆਗਿਆ ਦੇਵੋ ਤਾਂ ਤੁਸੀਂ ਨੇਮ ਦੇ ਅਧੀਨ ਨਹੀਂ ਹੋ।
19 ਮੰਦੇ ਕੰਮ, ਜਿਹੜੇ ਸਾਡਾ ਪਾਪੀ ਆਪਾ ਕਰਦਾ ਹੈ ਬੜੇ ਸਪਸ਼ਟ ਹਨ। ਜਿਨਸੀ ਗੁਨਾਹ, ਅਪਵਿੱਤਰਤਾ ਅਤੇ ਜਿਨਸੀ ਬਦੀ,
20 ਝੂਠੇ ਦੇਵੀ ਅਤੇ ਦੇਵਤਿਆਂ ਦੀ ਪੂਜਾ ਕਰਨੀ, ਜਾਦੂ ਕਰਨੇ, ਨਫ਼ਰਤ, ਝਗੜਾ, ਈਰਖਾ, ਕ੍ਰੋਧ, ਖੁਦਗਰਜ਼ੀ ਲੋਕਾਂ ਨੂੰ ਇੱਕ ਦੂਸਰੇ ਨਾਲ ਲੜਾਉਣਾ, ਵੰਡੀਆਂ ਪਾਉਣੀਆਂ,
21 ਦੋਖੀ ਹੋਣਾ, ਸ਼ਰਾਬੀ ਹੋਣਾ, ਅਨੈਤਿਕ ਦਾਅਵਤਾਂ, ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਮੈਂ ਇੱਕ ਵਾਰ ਫ਼ੇਰ ਤੁਹਾਨੂੰ ਉਸੇ ਤਰ੍ਹਾਂ ਚੇਤਾਵਨੀ ਦਿੰਦਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ; ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰਮੇਸ਼ੁਰ ਦੇ ਰਾਜ ਵਿੱਚ ਜਗ਼੍ਹਾ ਪ੍ਰਾਪਤ ਨਹੀਂ ਕਰਨਗੇ।
22 ਪਰ ਆਤਮਾ ਪ੍ਰੇਮ, ਆਨੰਦ, ਸ਼ਾਂਤੀ, ਸਬਰ, ਦਯਾ, ਚੰਗਿਆਈ, ਵਫ਼ਾਦਾਰੀ,
23 ਕੋਮਲਤਾ ਅਤੇ ਸ੍ਵੈਂ ਸੰਜਮ ਪ੍ਰਦਾਨ ਕਰਦਾ ਹੈ। ਕੋਈ ਵੀ ਨੇਮ ਅਜਿਹਾ ਨਹੀਂ ਹੈ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਗਲਤ ਆਖ ਸਕਦਾ ਹੈ।
24 ਜਿਹੜੇ ਲੋਕ ਮਸੀਹ ਯਿਸੂ ਨਾਲ ਸੰਬੰਧਿਤ ਹਨ, ਉਨ੍ਹਾਂ ਨੇ ਆਪਣੇ ਪਾਪੀ ਆਪਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਖੁਦਗਰਜ਼ੀ ਅਤੇ ਮੰਦੀਆਂ ਗੱਲਾਂ ਛੱਡ ਦਿੱਤੀਆਂ ਹਨ ਜੋ ਉਹ ਕਰਨੀਆਂ ਚਾਹੁੰਦੇ ਸਨ।
25 ਅਸੀਂ ਆਪਣਾ ਨਵਾਂ ਜੀਵਨ ਆਤਮਾ ਤੋਂ ਪਾਉਂਦੇ ਹਾਂ। ਇਸ ਲਈ ਸਾਨੂੰ ਆਤਮਾ ਦੀ ਅਗਵਾਈ ਦੇ ਅਨੁਸਾਰ ਹੀ ਵਿਹਾਰ ਕਰਨਾ ਚਾਹੀਦਾ ਹੈ।
26 ਸਾਨੂੰ ਅਭਿਮਾਨੀ ਨਹੀਂ ਹੋਣਾ ਚਾਹੀਦਾ। ਸਾਨੂੰ ਇੱਕ ਦੂਸਰੇ ਨੂੰ ਭੜਕਾਉਣਾ ਨਹੀਂ ਚਾਹੀਦਾ। ਅਤੇ ਸਾਨੂੰ ਇੱਕ ਦੂਸਰੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ।