ਰੋਮੀਆਂ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 6

1 ਤਾਂ ਤੁਸੀਂ ਕੀ ਸੋਚਦੇ ਹੋ ਕਿ ਸਾਨੂੰ ਪਾਪ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪਰਮੇਸ਼ੁਰ ਸਾਡੇ ਤੇ ਵਧ ਤੋਂ ਵਧ ਕਿਰਪਾ ਦਰਸ਼ਾਵੇ। ਨਿਸ਼ਚਿਤ ਹੀ ਨਹੀਂ।
2 ਅਸੀਂ ਆਪਣੀ ਪੁਰਾਣੀ ਪਾਪ ਦੀ ਜ਼ਿੰਦਗੀ ਲਈ ਮਰ ਚੁੱਕੇ ਹਾਂ। ਤਾਂ ਹੁਣ ਅਸੀਂ ਪਾਪ ਨਾਲ ਜਿਉਣਾ ਜਾਰੀ ਕਿਵੇਂ ਰਖ ਸਕਦੇ ਹਾਂ?
3 ਕੀ ਤੁਸੀਂ ਭੁੱਲ ਗਏ ਹੋ ਕਿ ਅਸੀਂ ਸਾਰੇ, ਜਿਨ੍ਹਾਂ ਨੂੰ ਮਸੀਹ ਯਿਸੂ ਵਿੱਚ ਬਪਤਿਸਮਾ ਦਿੱਤਾ ਗਿਆ ਸੀ, ਉਸਦਾ ਇੱਕ ਅੰਗ ਬਣ ਚੁੱਕੇ ਹਾਂ। ਅਸੀਂ ਉਸਦੇ ਬਪਤਿਸਮੇ ਰਾਹੀਂ ਉਸਦੀ ਮੌਤ ਨੂੰ ਸਾਂਝਾ ਕੀਤਾ ਹੈ ਜਿਹੜਾ ਅਸਾਂ ਲਿਤਾ ਸੀ।
4 ਇਸ ਲਈ ਜਦੋਂ ਸਾਨੂੰ ਬਪਤਿਸਮਾ ਦਿੱਤਾ ਗਿਆ ਸੀ, ਅਸੀਂ ਮਸੀਹ ਦੇ ਨਾਲ ਹੀ ਦਫ਼ਨਾਏ ਗਏ ਸਾਂ ਅਤੇ ਉਸ ਨਾਲ ਮੌਤ ਸਾਂਝੀ ਕੀਤੀ। ਅਸੀਂ ਮਸੀਹ ਨਾਲ ਇਸ ਲਈ ਦਫ਼ਨਾਏ ਗਏ ਤਾਂ ਜੋ ਅਸੀਂ ਉਭਾਰੇ ਜਾਈਏ ਅਤੇ ਇੱਕ ਨਵਾਂ ਜੀਵਨ ਜੀਵੀਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਮਸੀਹ ਨੂੰ ਪਿਤਾ ਦੀ ਮਹਾਨ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਉਭਾਰਿਆ ਗਿਆ ਸੀ।
5 ਮਸੀਹ ਮਰਿਆ, ਅਤੇ ਉਸ ਨਾਲ ਮੌਤ ਸਾਂਝੀ ਕਰਕੇ ਅਸੀਂ ਉਸ ਨਾਲ ਜੁੜ ਗਏ ਹਾਂ, ਇਸ ਲਈ ਨਿਸ਼ਚਿਤ ਤੌਰ ਤੇ ਅਸੀਂ ਉਸਦੇ ਪੁਨਰ ਉਥਾਨ ਵਿੱਚ ਉਸਦੇ ਨਾਲ ਜੁੜਾਂਗੇ।
6 ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਪਾਪੀ ਸੁਭਾਅ ਯਿਸੂ ਦੇ ਨਾਲ ਸਲੀਬ ਤੇ ਚਢ਼ਾਇਆ ਗਿਆ ਸੀ। ਇਹ ਇਸ ਲਈ ਵਾਪਰਿਆ ਤਾਂ ਜੋ ਸਾਡੇ ਪਾਪੀ ਸੁਭਾਅ ਦਾ ਸਾਡੇ ਉੱਤੇ ਕੋਈ ਇਖਤਿਆਰ ਨਾ ਹੋਵੇ। ਅਸੀਂ ਪਾਪ ਦੇ ਹੋਰ ਗੁਲਾਮ ਨਾ ਹੋਈਏ।
7 ਕੋਈ ਵੀ ਮਨੁੱਖ ਜੋ ਮਰ ਗਿਆ ਹੈ ਪਾਪ ਦੀ ਸ਼ਕਤੀ ਤੋਂ ਅਜ਼ਾਦ ਹੈ।
8 ਜੇ ਅਸੀਂ ਮਸੀਹ ਨਾਲ ਮਰੇ, ਤਾਂ ਸਾਡਾ ਵਿਸ਼ਵਾਸ ਹੈ ਕਿ ਅਸੀਂ ਵੀ ਉਸਦੇ ਨਾਲ ਜੀਵਾਂਗੇ।
9 ਸਾਨੂੰ ਪਤਾ ਹੈ ਕਿ ਮਸੀਹ ਮੁਰਦਿਆਂ ਤੋਂ ਜੀਵਾਲਿਆ ਗਿਆ ਸੀ, ਇਸ ਲਈ ਉਹ ਦੁਬਾਰਾ ਨਹੀਂ ਮਰ ਸਕਦਾ। ਹੁਣ ਮੌਤ ਦਾ ਉਸ ਉੱਪਰ ਕੋਈ ਵਸ ਨਹੀਂ।
10 ਹਾਂ, ਮਸੀਹ ਸਾਡੇ ਪਾਪਾਂ ਲਈ ਇੱਕੋ ਵਾਰ ਮਰ ਗਿਆ ਸੀ। ਅਤੇ ਜਿਹੜੀ ਜ਼ਿੰਦਗੀ ਉਹ ਹੁਣ ਜਿਉਂ ਰਿਹਾ ਹੈ ਉਹ ਪਰਮੇਸ਼ੁਰ ਲਈ ਹੈ।
11 ਇਸੇ ਤਰ੍ਹਾਂ, ਤੁਸੀਂ ਵੀ ਆਪਣੇ-ਆਪ ਨੂੰ ਪਾਪ ਵੱਲੋਂ ਮਰੇ ਹੋਏ ਸਮਝੋ। ਪਰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਲਈ ਜਿਉਂਦੇ ਸਮਝੋ।
12 ਪਰ ਪਾਪ ਨੂੰ, ਇਥੇ ਆਪਣੇ ਧਰਤੀ ਦੇ ਜੀਵਨ ਤੇ, ਕਾਬੂ ਨਾ ਕਰਨ ਦਿਉ। ਤੁਹਾਨੂੰ ਆਪਣੇ ਪਾਪੀ ਮਨ ਦੀਆਂ ਦੁਸ਼ਟ ਇੱਛਾਵਾਂ ਲਈ ਇਸਦੇ ਵਸ ਨਹੀਂ ਹੋਣਾ ਚਾਹੀਦਾ।
13 ਆਪਣੇ ਸ਼ਰੀਰ ਦੇ ਅੰਗਾਂ ਨੂੰ, ਬਦੀ ਕਰਨ ਦੇ ਸੰਦਾਂ ਵਾਂਗ, ਪਾਪ ਨੂੰ ਭੇਂਟ ਨਾ ਕਰੋ ਪਰ ਇਹ ਜਾਣਦੇ ਹੋਏ ਆਪਣੇ-ਆਪ ਨੂੰ ਪਰਮੇਸ਼ੁਰ ਨੂੰ ਭੇਟ ਕਰੋ ਕਿ ਤੁਸੀਂ ਮੁਰਦੇ ਸੀ ਅਤੇ ਹੁਣ ਤੁਸੀਂ ਜਿਉਂਦੇ ਹੋ। ਆਪਣੇ ਸ਼ਰੀਰ ਦੇ ਅੰਗਾਂ ਨੂੰ, ਚੰਗਿਆਈ ਕਰਨ ਲਈ ਸੰਦਾਂ ਵਾਂਗ, ਪਰਮੇਸ਼ੁਰ ਨੂੰ ਭੇਂਟ ਕਰੋ।
14 ਪਾਪ ਤੁਹਾਡਾ ਮਾਲਕ ਨਹੀਂ ਹੋਵੇਗਾ। ਕਿਉਂਕਿ ਤੁਸੀਂ ਸ਼ਰ੍ਹਾ ਦੇ ਹੇਠ ਨਹੀਂ ਹੋ ਸਗੋਂ ਤੁਸੀਂ ਪਰਮੇਸ਼ੁਰ ਦੀ ਕਿਰਪਾ ਦੇ ਹੇਠ ਹੋ।
15 ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਪਾਪ ਕਰਨੇ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਅਸੀਂ ਸ਼ਰ੍ਹਾ ਦੇ ਅਧੀਨ ਨਹੀਂ ਹਾਂ ਸਗੋਂ ਕਿਰਪਾ ਹੇਠ ਹਾਂ? ਬਿਲਕੁਲ ਨਹੀਂ।
16 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਦਾਸ ਦੀ ਤਰ੍ਹਾਂ, ਉਸਦੀ ਪਾਲਣਾ ਕਰਨ ਲਈ, ਆਪਣੇ ਆਪ ਨੂੰ ਹਵਾਲੇ ਕਰਦੇ ਹੋ, ਫ਼ੇਰ ਤੁਸੀਂ ਉਸਦੇ ਦਾਸ ਬਣ ਜਾਂਦੇ ਹੋ। ਅਤੇ ਜਿਸ ਵਿਅਕਤੀ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡਾ ਮਾਲਕ ਹੋਵੇਗਾ। ਇਸੇ ਢੰਗ ਨਾਲ ਹੀ, ਤੁਸੀਂ ਪਾਪ ਨੂੰ ਆਪਣਾ ਮਾਲਕ ਜਾਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾ ਸਕਦੇ ਹੋ। ਪਾਪ ਆਤਮਕ ਮੌਤ ਲਿਆਉਂਦਾ ਹੈ, ਪਰ ਪਰਮੇਸ਼ੁਰ ਲਈ ਆਗਿਆਕਾਰੀ ਹੋਣਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ।
17 ਅਤੀਤ ਵਿੱਚ, ਤੁਸੀਂ ਪਾਪ ਦੇ ਗੁਲਾਮਾਂ ਵਾਂਗ ਜਿਉਂਦੇ ਸੀ। ਪਰ ਪਰਮੇਸ਼ੁਰ ਦਾ ਸ਼ੁਕਰ ਹੈ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਉਨ੍ਹਾਂ ਉਪਦੇਸ਼ਾਂ ਦੀ ਪਾਲਣਾ ਕੀਤੀ ਜੋ ਤੁਹਾਨੂੰ ਸਿਖਾਏ ਗਏ ਸਨ।
18 ਇਸ ਲਈ ਤੁਸੀਂ ਪਾਪਾਂ ਤੋਂ ਅਜ਼ਾਦ ਕੀਤੇ ਗਏ ਸੀ, ਅਤੇ ਹੁਣ ਤੁਸੀਂ ਸਹੀ ਜੀਵਨ ਦੇ ਗੁਲਾਮ ਹੋ।
19 ਇਸ ਦੀ ਵਿਆਖਿਆ ਕਰਨ ਲਈ, ਮੈਂ ਇੱਕ ਮਿਸਾਲ ਦਿੰਦਾ ਹਾਂ ਜੋ ਲੋਕਾਂ ਨੂੰ ਪਤਾ ਹੈ। ਮੈਂ ਇਸਦੀ ਵਿਆਖਿਆ ਇਸ ਢੰਗ ਨਾਲ ਕਰਦਾ ਹਾਂ ਕਿਉਂਕਿ ਇਹ ਤੁਹਾਨੂੰ ਸਮਜਣ ਲਈ ਔਖਾ ਹੈ। ਅਤੀਤ ਵਿੱਚ, ਤੁਸੀਂ ਆਪਣੇ ਸ਼ਰੀਰ ਦੇ ਅੰਗ, ਬਦੀ ਦੇ ਦਾਸ ਹੋਣ ਵਾਸਤੇ, ਪਾਪ ਨੂੰ ਸਮਰਪਿਤ ਕੀਤੇ ਸਨ। ਸੋ ਹੁਣ, ਆਪਣੇ ਸ਼ਰੀਰ ਦੇ ਅੰਗਾਂ ਨੂੰ, ਸਦਾਚਾਰੀ ਦੇ ਦਾਸ ਹੋਣ ਲਈ, ਅਰਪਿਤ ਕਰੋ। ਫ਼ੇਰ ਤੁਸੀਂ ਸਿਰਫ਼ ਪਰਮੇਸ਼ੁਰ ਲਈ ਜੀਵੋਂਗੇ।
20 ਅਤੀਤ ਵਿੱਚ, ਤੁਸੀਂ ਪਾਪ ਦੇ ਕਾਬੂ ਹੇਠ ਸੀ ਅਤੇ ਇਸੇ ਕਾਰਣ ਸਦਾਚਾਰ ਤੁਹਾਨੂੰ ਆਪਣੇ ਕਾਬੂ ਹੇਠ ਨਾ ਰਖ ਸਕਿਆ।
21 ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ।
22 ਪਰ ਹੁਣ ਤੁਸੀਂ ਪਾਪ ਤੋਂ ਅਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਵੀ ਜੀਵਨ ਪ੍ਰਾਪਤ ਕਰੋਂਗੇ।
23 ਤੁਹਾਡੇ ਪਾਪਾਂ ਦੀ ਤਨਖਾਹ ਮੌਤ ਹੈ। ਪਰ ਪਰਮੇਸ਼ੁਰ ਆਪਣੇ ਮਨੁੱਖਾਂ ਨੂੰ, ਮਸੀਹ ਯਿਸੂ, ਸਾਡੇ ਪ੍ਰਭੂ, ਵਿੱਚ ਮੁਫ਼ਤ ਦਾਤ ਦੀ ਤਰ੍ਹਾਂ, ਸਦੀਵੀ ਜੀਵਨ ਦਿੰਦਾ ਹੈ।