ਲੋਕਾ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24


ਕਾਂਡ 5

1 ਯਿਸੂ ਗਨੇਸਰਤ ਦੀ ਝੀਲ ਕੰਢੇ ਖੜਾ ਸੀ ਅਤੇ ਭੀੜ ਪਰਮੇਸ਼ੁਰ ਦੇ ਉਪਦੇਸ਼ ਸੁਨਣ ਲਈ, ਉਸਦੇ ਆਸ-ਪਾਸ ਇਕਠੀ ਹੋ ਰਹੀ ਸੀ।
2 ਫ਼ਿਰ ਉਸਨੇ ਝੀਲ ਦੇ ਕੰਢੇ ਦੋ ਬੇੜੀਆਂ ਦੇਖੀਆਂ। ਬੇੜੀਆਂ ਵਿੱਚੋਂ ਮਾਛੀ ਬਾਹਰ ਆਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ।
3 ਯਿਸੂ ਇੱਕ ਬੇੜੀ ਵਿੱਚ ਚੜ੍ਹ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸਨੇ ਬੇੜੀ ਨੂੰ ਕੰਢੇ ਤੋਂ ਥੋੜੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇੜੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
4 ਜਦੋਂ ਉਹ ਬੋਲ ਹਟਿਆ, ਉਸਨੇ ਸ਼ਮਊਨ ਨੂੰ ਕਿਹਾ, “ਡੂੰਘੇ ਪਾਣੀਆਂ ਵਿੱਚ ਜਾਓ ਅਤੇ ਮਛੀਆਂ ਲਈ ਆਪਣੇ ਜਾਲ ਪਾਣੀ ਵਿੱਚ ਸੁੱਟੋ।”
5 ਸ਼ਮਊਨ ਨੇ ਜਵਾਬ ਦਿੱਤਾ, “ਮਾਲਕ! ਅਸੀਂ ਸਾਰੀ ਰਾਤ ਮਛੀਆਂ ਫ਼ੜਨ ਲਈ ਬਹੁਤ ਕੋਸ਼ਿਸ਼ ਕਰਦੇ ਰਹੇ, ਪਰ ਸਾਡੇ ਹੱਥ ਕੁਝ ਵੀ ਨਹੀਂ ਲੱਗਾ। ਪਰ ਤੁਸੀਂ ਆਖਦੇ ਹੋ ਕਿ ਮੈਂ ਜਾਲ ਪਾਣੀ ਵਿੱਚ ਪਾਵਾਂ। ਇਸ ਲਈ ਮੈਂ ਇੰਝ ਹੀ ਕਰਦਾ ਹਾਂ ਜਿਵੇਂ ਤੁਸੀਂ ਆਖਦੇ ਹੋ।
6 ਸਭ ਮਾਛੀਆਂ ਨੇ ਆਪਣੇ ਜਾਲ ਪਾਣੀ ਵਿੱਚ ਪਾਏ ਤਾਂ ਉਨ੍ਹਾਂ ਦੇ ਜਾਲ ਮਛੀਆਂ ਨਾਲ ਇਸ ਕਦਰ ਭਾਰੇ ਹੋ ਗਏ ਹੋ ਕਿ ਉਹ ਭਾਰ ਨਾਲ ਟੁਟਣੇ ਸ਼ੁਰੂ ਹੋ ਗਏ।
7 ਉਨ੍ਹਾਂ ਨੇ ਦੂਜੀ ਬੇੜੀ ਵਿੱਚ ਬੈਠੇ ਆਪਣੇ ਹੋਰਨਾਂ ਸਾਥੀਆਂ ਨੂੰ ਆਪਣੀ ਮਦਦ ਲਈ ਬੁਲਾਇਆ। ਜਦੋਂ ਉਨ੍ਹਾਂ ਦੇ ਮਿੱਤਰ ਮਦਦ ਲਈ ਆਏ ਤਾਂ ਉਨ੍ਹਾਂ ਦੀਆਂ ਦੋਨੇ ਬੇੜੀਆਂ ਇਸ ਕਦਰ ਮਛੀਆਂ ਨਾਲ ਭਰ ਗਈਆਂ ਕਿ ਇੰਝ ਮਾਲੂਮ ਹੁੰਦਾ ਸੀ ਕਿ ਬੇੜੀਆਂ ਹੁਣੇ ਹੀ ਡੁੱਬ ਜਾਣਗੀਆਂ।
8 ਜਦੋਂ ਸ਼ਮਊਨ ਨੇ ਇਹ ਵੇਖਿਆ, ਤਾਂ ਉਸਨੇ ਯਿਸੂ ਅੱਗੇ ਸਿਰ ਝੁਕਾਇਆ ਅਤੇ ਆਖਿਆ, “ਪ੍ਰਭੂ ਮੈਂ ਇੱਕ ਪਾਪੀ ਬੰਦਾ ਹਾਂ, ਤੂੰ ਮੇਰੇ ਕੋਲੋਂ ਦੂਰ ਚਲਿਆ ਜਾ।” ਉਸਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਉਹ ਅਤੇ ਹੋਰ ਜੋ ਉਸਦੇ ਨਾਲ ਸਨ ਇੰਨੀਆਂ ਮਛੀਆਂ ਫ਼ੜੇ ਜਾਣ ਲਈ ਹੈਰਾਨ ਸਨ।
9
10 ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਬੜੇ ਹੈਰਾਨ ਹੋਏ। ਯਾਕੂਬ ਅਤੇ ਯੂਹੰਨਾ ਸ਼ਮਊਨ ਨਾਲ ਸਾਂਝਾ ਕੰਮ ਕਰਦੇ ਸਨ।ਯਿਸੂ ਨੇ ਸ਼ਮਊਨ ਨੂੰ ਕਿਹਾ, “ਭੈਭੀਤ ਨਾ ਹੋ! ਹੁਣ ਤੋਂ ਤੂੰ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਂਗਾ।”
11 ਫ਼ੇਰ ਉਨ੍ਹਾਂ ਨੇ ਆਪਣੀਆਂ ਬੇੜੀਆਂ ਨੂੰ ਕੰਢੇ ਤੇ ਲਿਆਂਦਾ। ਅਤੇ ਉਨ੍ਹਾਂ ਨੇ ਸਭ ਕੁਝ ਪਿਛੇ ਛਡ ਦਿੱਤਾ ਅਤੇ ਯਿਸੂ ਦੇ ਮਗਰ ਹੋ ਤੁਰੇ।
12 ਇੱਕ ਵਾਰ ਯਿਸੂ ਇੱਕ ਨਗਰ ਵਿੱਚ ਸੀ। ਉਥੇ ਕੋੜ੍ਹ ਨਾਲ ਭਰਪੂਰ ਇੱਕ ਬੰਦਾ ਸੀ। ਜਦੋਂ ਉਸਨੇ ਯਿਸੂ ਨੂੰ ਵੇਖਿਆ ਉਹ ਯਿਸੂ ਦੇ ਪੈਰਾਂ ਤੇ ਝੁਕ ਗਿਆ ਅਤੇ ਉਸਨੂੰ ਬੇਨਤੀ ਕੀਤੀ, “ਪ੍ਰਭੂ, ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਠੀਕ ਕਰ ਦਿਓ ਕਿਉਂਕਿ ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤਾਂ ਮੈਨੂੰ ਰਾਜੀ ਕਰ ਸਕਦੇ ਹੋਂ।
13 ਯਿਸੂ ਨੇ ਆਪਣਾ ਹੱਥ ਬਾਹਰ ਫ਼ੈਲਾਕੇ ਉਸਨੂੰ ਛੋਹਿਆ ਅਤੇ ਉਸਨੂੰ ਆਖਿਆ, “ਮੈਂ ਤੈਨੂੰ ਰਾਜੀ ਕਰਨਾ ਚਾਹੁੰਦਾ ਹਾਂ, ਰਾਜੀ ਹੋ ਜਾ!” ਤੁਰੰਤ ਹੀ ਕੋੜ ਗਾਇਬ ਹੋ ਗਿਆ।
14 ਤਦ ਯਿਸੂ ਨੇ ਕਿਹਾ, “ਕਿਸੇ ਕੋਲ ਵੀ ਇਸ ਬਾਰੇ ਜ਼ਿਕਰ ਨਾ ਕਰੀਂ ਜਾਜਕ ਕੋਲ ਜਾਕੇ ਆਪਣੇ-ਆਪ ਨੂੰ ਵਿਖਾ ਅਤੇ ਜਿਵੇਂ ਮੂਸਾ ਨੇ ਹੁਕਮ ਦਿੱਤਾ ਜਾਕੇ ਬਲੀ ਭੇਟਾ ਕਰ। ਇੰਝ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈ।”
15 ਪਰ ਯਿਸੂ ਦੀ ਚਰਚਾ ਵਧ ਤੋਂ ਵਧ ਫ਼ੈਲਦੀ ਗਈ। ਲੋਕਾਂ ਦੀ ਭੀੜ ਉਸਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਰਾਜੀ ਹੋਣ ਲਈ ਉਸ ਕੋਲ ਆਈ।
16 ਪਰ ਅਕਸਰ ਯਿਸੂ ਇਕਾਂਤ ਵਾਲੀਆਂ ਥਾਵਾਂ ਤੇ ਪ੍ਰਾਰਥਨਾ ਕਰਨ ਲਈ ਚਲਿਆ ਜਾਂਦਾ ਸੀ।
17 ਇੱਕ ਦਿਨ ਯਿਸੂ ਜਦੋਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਫ਼ਰੀਸੀ, ਅਤੇ ਕੁਝ ਨੇਮ ਦੇ ਉਪਦੇਸ਼ਕ ਵੀ ਉਥੇ ਬੈਠੇ ਹੋਏ ਸਨ। ਉਹ ਗਲੀਲ ਅਤੇ ਯਹੂਦਿਯਾ ਦੇ ਹਰ ਨਗਰ ਤੋਂ ਅਤੇ ਯਰੂਸ਼ਲਮ ਤੋਂ ਵੀ ਆਏ ਸਨ। ਪ੍ਰਭੂ ਯਿਸੂ ਨੂੰ ਲੋਕਾਂ ਨੂੰ ਠੀਕ ਕਰਨ ਲਈ ਆਪਣੀ ਸਮਰਥਾ ਦੇ ਰਿਹਾ ਸੀ।
18 ਉਥੇ ਇੱਕ ਮਨੁੱਖ ਸੀ ਜਿਸਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਮ੍ਹਣੇ ਰੱਖਣ।
19 ਪਰ ਉਥੇ ਇੰਨੀ ਭੀੜ ਸੀ ਕਿ ਜਦ ਉਨ੍ਹਾਂ ਨੂੰ ਅੰਦਰ ਜਾਣ ਦਾ ਕੋਈ ਢੰਗ ਨਾ ਦਿਸਿਆ ਫ਼ਿਰ ਉਹ ਛੱਤ ਉੱਤੇ ਚੜ੍ਹੇ ਅਤੇ ਉਨ੍ਹਾਂ ਨੇ ਕੁਝ ਖਪਰੈਲਾਂ ਕਢੀਆਂ ਅਤੇ ਭੀੜ ਦੇ ਵਿਚਕਾਰ ਅਤੇ ਠੀਕ ਯਿਸੂ ਦੇ ਸਾਮ੍ਹਣੇ ਉਸ ਬਿਮਾਰ ਮਨੁੱਖ ਨੂੰ ਉਸਦੇ ਬਿਸਤਰੇ ਸਮੇਤ ਹੇਠਾਂ ਲਾਹ ਦਿੱਤਾ।
20 ਯਿਸੂ ਨੇ ਉਨ੍ਹਾਂ ਦੀ ਆਸਥਾ ਵੇਖਕੇ ਬਿਮਾਰ ਮਨੁੱਖ ਨੂੰ ਕਿਹਾ, “ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ।”
21 ਯਹੂਦੀ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਪਸ ਵਿੱਚ ਸੋਚਿਆ, “ਇਹ ਕੌਣ ਆਦਮੀ ਹੈ ਜੋ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ? ਕਿਉਂਕਿ ਕੇਵਲ ਪ੍ਰਭੂ ਹੀ ਪਾਪ ਮਾਫ਼ ਕਰ ਸਕਦਾ ਹੈ।”
22 ਯਿਸੂ ਉਨ੍ਹਾਂ ਦੀ ਸੋਚਾਂ ਨੂੰ ਜਾਣਦਾ ਸੀ ਤਾਂ ਉਸਨੇ ਕਿਹਾ, “ਤੁਹਾਡੇ ਮਨ ਵਿੱਚ ਅਜਿਹੇ ਵਿਚਾਰ ਕਿਉਂ ਪੈਦਾ ਹੋ ਰਹੇ ਹਨ?
23 ਕਿਹੜੀ ਗੱਲ ਸੌਖੀ ਹੈ? ਇਹ ਆਖਣਾ ‘ਤੇਰੇ ਪਾਪ ਮਾਫ਼ ਹੋ ਗਏ ਹਨ’, ‘ਜਾਂ ਉਠ ਅਤੇ ਚੱਲ।’
24 ਪਰ ਮੈਂ ਤੁਹਾਨੂੰ ਇਹ ਸਬੂਤ ਦਿਆਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਤਾਂ ਉਸਨੇ ਅਧਰੰਗੀ ਮਨੁੱਖ ਨੂੰ ਆਖਿਆ। “ਮੈਂ ਤੈਨੂੰ ਕਹਿੰਦਾ ਹਾਂ, ਖੜਾ ਹੋ ਆਪਣਾ ਬਿਸਤਰਾ ਚੁੱਕ ਅਤੇ ਘਰ ਨੂੰ ਜਾ।”
25 ਤਾਂ ਉਹ ਮਨੁੱਖ ਤੁਰੰਤ ਹੀ ਉਨ੍ਹਾਂ ਸਾਮ੍ਹਣੇ ਉਠ ਖਲੋਇਆ। ਉਸਨੇ ਆਪਣਾ ਬਿਸਤਰਾ ਚੁਕਿਆ ਅਤੇ ਪ੍ਰਭੂ ਦੀ ਉਸਤਤਿ ਕਰਦਾ ਹੋਇਆ ਘਰ ਨੂੰ ਚਲਾ ਗਿਆ।
26 ਉਹ ਹੈਰਾਨ ਸਨ ਅਤੇ ਉਨ੍ਹਾਂ ਨੇ ਪੂਰੀ ਇਜ੍ਜਤ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ, “ਅੱਜ ਅਸੀਂ ਹੈਰਾਨੀ ਭਰੀਆਂ ਗੱਲਾਂ ਵੇਖਿਆਂ ਹਨ।”
27 ਇਸਤੋਂ ਬਾਦ ਯਿਸੂ ਬਾਹਰ ਗਿਆ ਉਸਨੇ ਇੱਕ ਮਸੂਲੀਏ ਲੇਵੀ ਨੂੰ ਮਸੂਲ ਦੀ ਚੌਕੀਂ ਤੇ ਬੈਠੇ ਵੇਖਿਆ। ਯਿਸੂ ਨੇ ਉਸਨੂੰ ਕਿਹਾ, “ਮੇਰੇ ਪਿਛੇ ਹੋ ਤੁਰ!”
28 ਲੇਵੀ ਸਭ ਕੁਝ ਛੱਡਕੇ ਉਸਦੇ ਪਿਛੇ ਹੋ ਤੁਰਿਆ।
29 ਲੇਵੀ ਨੇ ਆਪਣੇ ਘਰ ਵਿੱਚ ਯਿਸੂ ਲਈ ਇੱਕ ਵੱਡੀ ਦਾਵਤ ਦਾ ਇੰਤਜਾਮ ਕੀਤਾ। ਖਾਣੇ ਦੀ ਮੇਜ ਤੇ ਕਾਫ਼ੀ ਸਾਰੇ ਮਸੂਲੀਏ ਅਤੇ ਕੁਝ ਹੋਰ ਵੀ ਲੋਕ ਇਕੱਤਰ ਹੋਏ ਸਨ।
30 ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸੂ ਦੇ ਚੇਲਿਆਂ ਨੂੰ ਸ਼ਿਕਾਇਤ ਕੀਤੀ “ਤੁਸੀਂ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਖਾ-ਪੀ ਰਹੇ ਹੋ?”
31 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਇਹ ਬਿਮਾਰ ਮਨੁੱਖ ਹਨ, ਜਿਨ੍ਹਾਂ ਨੂੰ ਵੈਦ ਦੀ ਜ਼ਰੂਰਤ ਹੈ ਨਾ ਕਿ ਤੰਦਰੁਸਤਾਂ ਨੂੰ।
32 ਮੈਂ ਪਾਪੀਆਂ ਨੂੰ ਉਨ੍ਹਾਂ ਦੇ ਦਿਲ ਅਤੇ ਜੀਵਨ ਬਦਲਣ ਲਈ ਆਖਣ ਲਈ ਆਇਆ ਹਾਂ, ਨਾ ਕਿ ਧਰਮੀਆਂ ਨੂੰ।”
33 ਉਨ੍ਹਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਵੀ ਆਮ ਤੌਰ ਤੇ ਫ਼ਰੀਸੀਆਂ ਦੇ ਚੇਲਿਆਂ ਵਾਂਗ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਸਨ, ਪਰ ਤੇਰੇ ਚੇਲੇ ਹਰ ਵਕਤ ਖਾਂਦੇ-ਪੀਂਦੇ ਰਹਿੰਦੇ ਹਨ।”
34 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਲਾੜੇ ਦੇ ਦੋਸਤਾਂ ਤੋਂ ਵਰਤ ਰੱਖਵਾ ਸਕਦੇ ਹੋ ਜਦੋਂ ਤੱਕ ਕਿ ਲਾੜਾ ਉਨ੍ਹਾਂ ਦੇ ਨਾਲ ਹੁੰਦਾ ਹੈ?
35 ਪਰ ਵਕਤ ਆਵੇਗਾ ਜਦੋਂ ਲਾੜਾ ਉਨ੍ਹਾਂ ਤੋਂ ਲੈ ਲਿਆ ਜਾਵੇਗਾ। ਉਸ ਵਕਤ ਉਹ ਵਰਤ ਰੱਖਣਗੇ।”
36 ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ, “ਕੋਈ ਵੀ ਮਨੁੱਖ ਨਵੇਂ ਕੱਪੜੇ ਦੀ ਟਾਕੀ ਪਾੜਕੇ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਜੇਕਰ ਉਹ ਇਹ ਕਰਦਾ ਹੈ ਤਾਂ ਉਹ ਨਵੀਂ ਪੁਸ਼ਾਕ ਨੂੰ ਖਰਾਬ ਕਰ ਲਵੇਗਾ, ਪਰ ਹਾਂ ਨਵੀਂ ਪੁਸ਼ਾਕ ਦੀ ਟਾਕੀ ਵੀ ਪੁਰਾਣੀ ਪੋਸ਼ਾਕ ਤੇ ਮੇਲ ਨਹੀਂ ਖਾਂਦੀ।
37 ਲੋਕ ਨਵੀਂ ਮੈਅ ਨੂੰ ਕਦੇ ਵੀ ਪੁਰਾਣੀ ਮਸ਼ਕਾਂ ਵਿੱਚ ਨਹੀਂ ਪਾਉਂਦੇ। ਕਿਉਂ? ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਮੈਅ ਉਨ੍ਹਾਂ ਵਿੱਚੋਂ ਡੁਲ੍ਹ ਜਾਵੇਗੀ ਅਤੇ ਮਸ਼ਕਾਂ ਨਸ਼ਟ ਹੋ ਜਾਣਗੀਆਂ।
38 ਇਸੇ ਲਈ ਲੋਕ ਨਵੀਂ ਮੈ ਹਮੇਸ਼ਾ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ।
39 ਅਤੇ ਪੁਰਾਣੀ ਮੈ ਪੀਕੇ ਨਵੀਂ ਕੋਈ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹ ਆਖਦਾ ਹੈ ਕਿ, ‘ਪੁਰਾਣੀ ਮੈ ਹੀ ਵਧੀਆ ਹੈ।’”