ਮਰਕੁਸ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 14

1 ਦੋ ਦਿਨਾਂ ਪਿਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਆਉਣ ਵਾਲਾ ਸੀ। ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਇਸ ਗੱਲ ਦੇ ਪਿਛੇ ਲੱਗੇ ਹੋਏ ਸਨ ਕਿ ਉਸਨੂੰ ਕਿਵੇ ਛਲ ਨਾਲ ਫ਼ੜ ਸਕਣ ਤੇ ਜਾਨੋਂ ਮਾਰ ਸੁੱਟਣ?
2 ਉਨ੍ਹਾਂ ਆਖਿਆ, “ਪਰ ਅਸੀਂ ਤਿਉਹਾਰ ਦੇ ਸਮੇਂ ਉਸਨੂੰ ਨਹੀਂ ਮਾਰ ਸਕਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਕ੍ਰੋਧ ਵਿੱਚ ਆਕੇ ਕੋਈ ਹੰਗਾਮਾ ਕਰਨ।”
3 ਜਦੋਂ ਯਿਸੂ ਬੈਤਅਨੀਆ ਵਿੱਚ ਸੀ ਤਾਂ ਉਹ ਸ਼ਮਊਨ ਕੋਢ਼ੀ ਦੇ ਘਰ ਰੋਟੀ ਖਾਣ ਬੈਠਾ ਸੀ ਤਾਂ ਇੱਕ ਔਰਤ ਉਸ ਕੋਲ ਆਈ। ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਕੀਮਤੀ ਅਤਰ ਭਰਕੇ ਲਿਆਈ। ਇਹ ਅਤਰ ਨਰਦ ਪੌਦੇ ਤੋਂ ਬਣਿਆ ਹੋਇਆ ਸੀ। ਉਸ ਔਰਤ ਨੇ ਸ਼ੀਸ਼ੀ ਖੋਲ੍ਹੀ ਅਤੇ ਯਿਸੂ ਦੇ ਸਿਰ ਉੱਤੇ ਰੋਢ਼ ਦਿੱਤੀ।
4 ਉਥੇ ਬੈਠੇ ਕੁਝ ਲੋਕਾਂ ਨੇ ਇਹ ਵੇਖਿਆ ਅਤੇ ਗੁੱਸੇ ਹੋ ਗਏ ਅਤੇ ਇਸ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਉਨ੍ਹਾਂ ਆਖਿਆ, “ਉਸਨੇ ਇਸ ਅਤਰ ਨੂੰ ਫ਼ਿਜ਼ੂਲ ਕਿਉਂ ਗੁਆਇਆ।
5 ਕਿਉਂਕਿ ਉਹ ਅਤਰ ਇੱਕ ਸਾਲ ਦੀ ਮਿਹਨਤ ਜਿੰਨਾ ਸੀ ਅਤੇ ਇਹੀ ਅਤਰ ਵੇਚਕੇ ਇਸਦਾ ਪੈਸਾ ਗਰੀਬ ਲੋਕਾਂ ਵਿੱਚ ਵੰਡਿਆ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ।” ਇਉਂ ਉਹ ਉਸ ਔਰਤ ਦੀ ਅਲੋਚਨਾ ਕਰਨ ਲੱਗੇ।
6 ਯਿਸੂ ਨੇ ਆਖਿਆ, “ਤੁਸੀਂ ਉਸਨੂੰ ਇਕੱਲਾ ਛੱਡ ਦਿਉ। ਤੁਸੀਂ ਉਸਨੂੰ ਪਰੇਸ਼ਾਨ ਨਾ ਕਰੋ? ਉਸਨੇ ਮੇਰੇ ਲਈ ਬਹੁਤ ਚੰਗਾ ਕੰਮ ਕੀਤਾ ਹੈ।
7 ਕਿਉਂਕਿ ਗਰੀਬ ਲੋਕ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣੇ ਹਨ ਅਤੇ ਤੁਸੀਂ ਜਦੋਂ ਚਾਹੋਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਪਰ ਮੈਂ ਹਮੇਸ਼ਾ ਤੁਹਾਡੇ ਕੋਲ ਨਹੀਂ ਰਹਿਣਾ।
8 ਉਸਨੇ ਉਹੀ ਕੀਤਾ ਜੋ ਉਹ ਕਰ ਸਕਦੀ ਸੀ। ਉਸਨੇ ਮੇਰੇ ਸ਼ਰੀਰ ਤੇ ਅਤਰ ਡੋਲ੍ਹਿਆ। ਉਸਨੇ ਇਹ ਮਿਥੇ ਸਮੇਂ ਤੋਂ ਪਹਿਲਾਂ ਮੇਰੇ ਸ਼ਰੀਰ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਹੈ।
9 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਸਾਰੀ ਦੁਨੀਆਂ ਵਿੱਚ ਜਿਥੇ ਕਿਤੇ ਖੁਸ਼-ਖਬਰੀ ਦਾ ਪ੍ਰਚਾਰ ਹੋਵੇਗਾ, ਉਥੇ ਜੋ ਇਸਨੇ ਕੀਤਾ ਹੈ, ਉਹ ਵੀ ਕਿਹਾ ਜਾਵੇਗ਼ਾ। ਅਤੇ ਲੋਕ ਇਸਨੂੰ ਯਾਦ ਰੱਖਣਗੇ।”
10 ਤਦ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਪ੍ਰਧਾਨ ਜਾਜਕ ਕੋਲ ਗਿਆ। ਉਸਦਾ ਨਾਂ ਸੀ ਯਹੂਦਾ ਇਸਕਰਿਯੋਤੀ ਅਤੇ ਇਹ ਯਿਸੂ ਨੂੰ ਉਸਦੇ ਵੈਰੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ।
11 ਪ੍ਰਧਾਨ ਜਾਜਕ ਇਹ ਸੁਣਾਕੇ ਬੜਾ ਖੁਸ਼ ਹੋਏ ਅਤੇ ਇਸ ਬਦਲੇ ਉਸਨੂੰ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਲਈ ਉਹ ਉਸਨੂੰ ਫ਼ੜਵਾਉਣ ਦਾ ਮੌਕਾ ਵੇਖ ਰਿਹਾ ਸੀ।
12 ਇਹ ਯਹੂਦੀਆਂ ਦੇ ਪਤੀਰੀ ਰੋਟੀ ਦੇ ਤਿਉਹਾਰ ਦਾ ਪਹਿਲਾ ਦਿਨ ਸੀ। ਇਹ ਉਹ ਸਮਾਂ ਸੀ ਜਦੋਂ ਉਹ ਪਸਾਹ ਦੇ ਲੇਲੇ ਦਾ ਬਲਿਦਾਨ ਕਰਦੇ ਸਨ। ਤਾਂ ਯਿਸੂ ਦੇ ਚੇਲਿਆਂ ਨੇ ਉਸਨੂੰ ਕਿਹਾ, “ਤੂੰ ਸਾਥੋਂ ਆਪਣੇ ਵਾਸਤੇ ਪਸਾਹ ਦਾ ਭੋਜਨ ਕਿਥੇ ਤਿਆਰ ਕਰਾਉਣਾ ਚਾਹੁੰਨਾ ਹੈਂ?”
13 ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸ਼ਹਿਰ ਵਿੱਚ ਭੇਜਿਆ। ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸ਼ਹਿਰ ਵੱਲ ਜਾਵੋ ਅਤੇ ਉਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘੜਾ ਚੁੱਕੀ ਆਉਂਦਾ ਮਿਲੇਗਾ। ਉਹ ਤੁਹਾਡੇ ਵੱਲ ਆਵੇਗਾ ਤਾਂ ਤੁਸੀਂ ਉਸਦੇ ਪਿਛੇ ਹੋ ਤੁਰਨਾ।
14 ਉਹ ਆਦਮੀ ਇੱਕ ਘਰ ਵੱਲ ਜਾਵੇਗਾ ਤਾਂ ਤੁਸੀਂ ਵੀ ਉਸ ਘਰ ਵਿੱਚ ਜਾਕੇ ਉਸਦੇ ਮਾਲਕ ਨੂੰ ਆਖਣਾ, ‘ਗੁਰੂ ਪੁਛਦਾ ਹੈ ਕਿ ਸਾਨੂੰ ਉਹ ਕਮਰਾ ਵਿਖਾ ਜਿਥੇ ਉਹ ਅਤੇ ਉਸਦੇ ਚੇਲੇ ਪਸਾਹ ਦਾ ਭੋਜਨ ਖਾ ਸਕਣ।’
15 ਮਾਲਕ ਤੁਹਾਨੂੰ ਘਰ ਦੇ ਉੱਪਰ ਇੱਕ ਵੱਡਾ ਚੁਬਾਰਾ ਵਿਖਾਏਗਾ। ਅਤੇ ਉਹ ਕਮਰਾ ਜੋ ਸਾਡੇ ਲਈ ਤਿਆਰ ਹੈ, ਉਥੇ ਜਾਕੇ ਸਾਡੇ ਲਈ ਭੋਜਨ ਦੀ ਤਿਆਰੀ ਕਰੋ।”
16 ਇਉਂ ਉਹ ਚੇਲੇ ਸ਼ਹਿਰ ਵੱਲ ਨੂੰ ਚਲੇ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਆਖਿਆ ਸੀ, ਅਤੇ ਉਥੇ ਹੀ ਚੇਲਿਆਂ ਨੇ ਪਸਾਹ ਦੇ ਭੋਜਨ ਦੀ ਤਿਆਰੀ ਕੀਤੀ।
17 ਸ਼ਾਮ ਦੇ ਵੇਲੇ, ਯਿਸੂ ਬਾਰ੍ਹਾਂ ਰਸੂਲਾਂ ਨਾਲ ਆਇਆ।
18 ਜਦੋਂ ਉਹ ਸਾਰੇ ਖਾ ਰਹੇ ਸਨ ਤਾਂ ਉਸਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਜੋ ਇੱਕ ਮੇਰੇ ਨਾਲ ਖਾ ਰਿਹਾ ਹੈ ਮੈਨੂੰ ਫ਼ੜਾਵਾਏਗਾ।”
19 ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਅਤੇ ਹਰ ਇੱਕ ਨੇ ਉਸਨੂੰ ਕਿਹਾ, “ਯਕੀਨਨ, ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?
20 ਉਸਨੇ ਆਖਿਆ, “ਜੋ ਆਦਮੀ ਮੈਨੂੰ ਫ਼ੜਵਾਏਗਾ ਉਹ ਤੁਹਾਡੇ ਬਾਰ੍ਹਾਂ ਵਿੱਚੋਂ ਹੀ ਹੈ ਅਤੇ ਇਹ ਉਹ ਹੈ ਜੋ ਮੇਰੇ ਭੋਜਨ ਵਾਲੇ ਕਟੋਰੇ ਵਿੱਚ ਮੇਰੇ ਨਾਲ ਹੀ ਹੱਥ ਪਾਉਂਦਾ ਹੈ।
21 ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, ਮਨੁੱਖ ਦਾ ਪੁੱਤਰ ਮਰ ਜਾਵੇਗਾ। ਪਰ ਜੋ ਉਸਨੂੰ ਫ਼ੜਵਾਏਗਾ ਉਸ ਲਈ ਇਹ ਬਹੁਤ ਬੁਰਾ ਹੋਵੇਗਾ। ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ।”
22 ਜਦੋਂ ਉਹ ਭੋਜਨ ਖਾ ਰਹੇ ਸਨ, ਯਿਸੂ ਨੇ ਰੋਟੀ ਲਈ ਤੇ ਪਰਮੇਸ਼ੁਰ ਦਾ ਸ਼ੁਕਰਾਨਾ ਕਰਕੇ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀ ਅਤੇ ਆਖਿਆ, “ਇਹ ਰੋਟੀ ਫ਼ੜੋ ਤੇ ਖਾ ਲਵੋ, ਇਹ ਮੇਰਾ ਸ਼ਰੀਰ ਹੈ।”
23 ਤਾਂ ਉਸਨੇ ਦਾਖ ਰਸ ਦਾ ਪਿਆਲਾ ਫ਼ੜਿਆ ਤੇ ਫ਼ਿਰ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤਾ। ਸਭ ਨੇ ਉਸ ਪਿਆਲੇ ਵਿੱਚੋਂ ਉਹ ਦਾਖ ਰਸ ਪੀਤਾ।
24 ਤਾਂ ਫ਼ਿਰ ਯਿਸੂ ਨੇ ਆਖਿਆ, “ਇਹ ਮੇਰਾ ਲਹੂ ਹੈ, ਇਹ ਨਵੇਂ ਕਰਾਰ ਦਾ ਲਹੂ ਹੈ ਜਿਹੜਾ ਬਹੁਤਿਆਂ ਲਈ ਵਹਾਇਆ ਗਿਆ ਹੈ
25 ਮੈਂ ਤੁਹਾਨੂੰ ਸੱਚ ਆਖਦਾ ਹੈ। ਮੈਂ ਇਹ ਦਾਖ ਰਸ ਫ਼ੇਰ ਨਹੀਂ ਪੀਵਾਂਗਾ, ਜਦੋਂ ਮੈਂ ਇਹ ਪਰਮੇਸ਼ੁਰ ਦੇ ਰਾਜ ਵਿੱਚ ਪੀਵਾਂਗਾ ਇਹ ਨਵਾਂ ਹੋਵੇਗਾ।”
26 ਉਨ੍ਹਾਂ ਸਾਰਿਆਂ ਨੇ ਮਿਲਕੇ ਇੱਕ ਗੀਤ ਗਾਇਆ ਅਤੇ ਜੈਤੂਨ ਦੇ ਪਹਾੜ ਨੂੰ ਚਲੇ ਗਏ।
27 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਤੁਸੀਂ ਸਾਰੇ ਆਪਣਾ ਵਿਸ਼ਵਾਸ ਗੁਆ ਲਵੋਂਗੇ। ਇਉਂ ਪੋਥੀਆਂ ਵਿੱਚ ਲਿਖਿਆ ਹੋਇਆ ਹੈ:‘ਮੈਂ ਆਜੜੀ ਨੂੰ ਮਾਰਾਂਗਾਅਤੇ ਭੇਡਾਂ ਖਿਲ੍ਲਰ ਜਾਣਗੀਆਂ।’
28 ਪਰ ਮੈਂ ਮਰਨ ਉਪਰੰਤ ਮੁੜ ਜਿਉਣ ਦੇ ਬਾਦ ਗਲੀਲ ਨੂੰ ਜਾਵਾਂਗਾ। ਤੁਹਾਡੇ ਉਥੇ ਪਹੁੰਚਣ ਤੋਂ ਪਹਿਲਾਂ ਮੈਂ ਉਥੇ ਹੋਵਾਂਗਾ।”
29 ਤਾਂ ਪਤਰਸ ਨੇ ਕਿਹਾ, “ਭਾਵੇ ਸਾਰੇ ਚੇਲੇ ਤੇਰੇ ਤੇ ਆਸਥਾ ਛੱਡ ਦੇਣ ਪਰ ਮੈਂ ਨਹੀਂ ਛੱਡਾਂਗਾ।”
30 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅੱਜ ਹੀ, ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਤਿੰਨ ਵਾਰ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ?”
31 ਪਰ ਪਤਰਸ ਨੇ ਬੜੀ ਦ੍ਰਿਢ਼ਤਾ ਨਾਲ ਕਿਹਾ, “ਮੈਂ ਇਹ ਕਦੇ ਵੀ ਨਹੀਂ ਕਹਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਉਸਨੂੰ ਇੰਝ ਹੀ ਆਖਿਆ।
32 ਫ਼ੇਰ ਯਿਸੂ ਆਤੇ ਉਸਦੇ ਚੇਲੇ ਗਥਸਮਨੀ ਨਾਂ ਦੀ ਇੱਕ ਜਗ੍ਹਾ ਤੇ ਗਏ ਅਤੇ ਉਸਨੇ ਜਾਕੇ ਆਪਣੇ ਚੇਲਿਆਂ ਨੂੰ ਕਿਹਾ, “ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇਥੇ ਬੈਠੋ।”
33 ਉਸਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਆਉਣ ਨੂੰ ਕਿਹਾ। ਉਹ ਬੜਾ ਦੁਖੀ ਅਤੇ ਦਿਲਗੀਰ ਸੀ।
34 ਉਸਨੇ ਉਨ੍ਹਾਂ ਨੂੰ ਕਿਹਾ, “ਮੇਰਾ ਆਤਮਾ ਬੜਾ ਉਦਾਸ ਬਲਕਿ ਮਰਨ ਤੀਕਰ ਉਦਾਸ ਹੈ। ਇਥੇ ਠਹਿਰੋ ਅਤੇ ਜਾਗਦੇ ਰਹੋ।”
35 ਯਿਸੂ ਉਨ੍ਹਾਂ ਤੋਂ ਥੋੜੀ ਹੋਰ ਅੱਗੇ ਗਿਆ ਅਤੇ ਜ਼ਮੀਨ ਤੇ ਡਿੱਗਕੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਦੁਖਾਂ ਦਾ ਇਹ ਸਮਾਂ ਉਸ ਤੋਂ ਟਲ ਜਾਵੇ।
36 ਉਸਨੇ ਪ੍ਰਾਰਥਨਾ ਕੀਤੀ, “ਅਬ੍ਬਾ, ਹੇ ਪਿਤਾ, ਤੂੰ ਸਭ ਕੁਝ ਕਰ ਸਕਦਾ ਹੈਂ। ਇਹ ਦੁਖਾਂ ਦਾ ਪਿਆਲਾ ਮੈਥੋਂ ਲੈ ਲਵੋ, ਤਾਂ ਵੀ ਹੇ ਪ੍ਰਭੂ ਜੋ ਮੈਂ ਚਾਹੁੰਦਾ ਹਾਂ ਉਹ ਨਾ ਹੋਵੇ, ਉਹੀ ਹੋਵੇ ਜੋ ਤੈਨੂੰ ਭਾਵੇ।”
37 ਤਾਂ ਉਹ ਵਾਪਸ ਆਪਣੇ ਚੇਲਿਆਂ ਕੋਲ ਗਿਆ ਤਾਂ ਉਸਨੇ ਉਨ੍ਹਾਂ ਨੂੰ ਸੁਤਿਆਂ ਹੋਇਆਂ ਵੇਖਿਆ। ਉਸਨੇ ਪਤਰਸ ਨੂੰ ਕਿਹਾ, “ਹੇ ਸ਼ਮਊਨ! ਕੀ ਤੂੰ ਸੌਂ ਰਿਹਾ ਹੈ? ਕੀ ਤੂੰ ਇੱਕ ਘੰਟੇ ਵਾਸਤੇ ਨਹੀਂ ਜਾਗ ਸਕਦਾ?
38 ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਿਆਵੇ ਵਿੱਚ ਨਾ ਪਵੋ। ਆਤਮਾ ਤਾਂ ਇਛੁਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ”
39 ਯਿਸੂ ਫ਼ਿਰ ਉਥੇ ਗਿਆ ਅਤੇ ਉਹੋਂ ਗੱਲਾਂ ਆਖਕੇ ਪ੍ਰਾਰਥਨਾ ਕੀਤੀ।
40 ਫ਼ਿਰ ਉਹ ਚੇਲਿਆਂ ਕੋਲ ਵਾਪਸ ਆਇਆ ਅਤੇ ਉਸਨੇ ਫ਼ਿਰ ਉਨ੍ਹਾਂ ਨੂੰ ਸੁਤਿਆਂ ਪਾਇਆ। ਉਨ੍ਹਾਂ ਦੀਆਂ ਅਖਾਂ ਬੜੀਆਂ ਥੱਕੀਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਉਸਨੂੰ ਕੀ ਜਵਾਬ ਦੇਣ।
41 ਜਦੋਂ ਯਿਸੂ ਤੀਜੀ ਵਾਰ ਪ੍ਰਾਰਥਨਾ ਕਰਕੇ ਆਪਣੇ ਚੇਲਿਆਂ ਕੋਲ ਵਾਪਸ ਆਇਆ ਤਾਂ ਉਸਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜੇ ਵੀ ਸੌ ਰਹੇ ਤੇ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ। ਮਨੁੱਖ ਦੇ ਪੁੱਤਰ ਦਾ ਪਾਪੀਆਂ ਹੱਥੀ ਫ਼ੜਵਾਏ ਜਾਣ ਦਾ ਵਕਤ ਆ ਗਿਆ ਹੈ।
42 ਉਠੋ, ਸਾਨੂੰ ਚੱਲਣਾ ਚਾਹੀਦਾ ਹੈ! ਵੇਖੋ! ਮੇਰਾ ਫ਼ੜਵਾਉਣਾ ਵਾਲਾ ਨੇੜੇ ਆ ਗਿਆ ਹੈ!”
43 ਜਦੋਂ ਉਹ ਅਜੇ ਬੋਲ ਹੀ ਰਿਹਾ ਸੀ ਕਿ ਯਹੂਦਾ ਉਥੇ ਪਹੁੰਚਿਆ, ਜਿਹੜਾ ਕਿ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਸੀ, ਅਤੇ ਉਸ ਨਾਲ ਹੋਰ ਵੀ ਬੜੇ ਲੋਕ ਸਨ ਜੋ ਕਿ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਵੱਲੋਂ ਭੇਜੇ ਗਏ ਸਨ, ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਸਨ।
44 ਯਹੂਦਾ ਨੇ ਲੋਕਾਂ ਨੂੰ ਇਹ ਸੰਕੇਤ ਦੇਣ ਵਾਸਤੇ ਕਿ ਕੌਣ ਯਿਸੂ ਹੈ, ਵਿਉਂਤ ਬਣਾਈ। ਉਸਨੇ ਆਖਿਆ, “ਜਿਸ ਆਦਮੀ ਨੂੰ ਮੈਂ ਚੁੰਮਾਂ, ਉਹੀ ਯਿਸੂ ਹੈ। ਤੁਸੀਂ ਉਸਨੂੰ ਗਿਰਫ਼ਤਾਰ ਕਰ ਲੈਣਾ ਅਤੇ ਉਸਨੂੰ ਨਿਗਰਾਨੀ ਨਾਲ ਲੈ ਜਾਣਾ।”
45 ਤਾਂ ਯਹੂਦਾ ਸਿਧਾ ਉਸ ਕੋਲ ਆਇਆ ਅਤੇ ਆਖਿਆ, “ਗੁਰੂ!” ਅਤੇ ਫ਼ਿਰ ਉਸਨੇ ਯਿਸੂ ਨੂੰ ਚੁੰਮਿਆ।
46 ਤਦ ਲੋਕਾਂ ਨੇ ਉਸਨੂੰ ਬੰਨ੍ਹ ਦਿੱਤਾ ਅਤੇ ਗਿਰਫ਼ਤਾੜ ਕਰ ਲਿਆ।
47 ਯਿਸੂ ਦੇ ਚੇਲਿਆਂ ਵਿੱਚੋਂ ਕੋਲ ਖੜੋਤੇ ਇੱਕ ਚੇਲੇ ਨੇ ਆਪਣੀ ਤਲਵਾਰ ਕਢੀ ਅਤੇ ਤਲਵਾਰ ਸਰਦਾਰ ਜਾਜਕ ਦੇ ਇੱਕ ਨੋਕਰ ਦੇ ਕੰਨ ਤੇ ਚਲਾਈ ਅਤੇ ਆਪਣੀ ਤਲਵਾਰ ਨਾਲ ਉਸਦਾ ਕੰਨ ਵਢ ਦਿੱਤਾ।
48 ਤਦ ਯਿਸੂ ਨੇ ਕਿਹਾ, “ਕੀ ਤੁਸੀਂ ਮੈਨੂੰ ਮੁਜਰਮ ਕਰਾਰ ਦਿੰਦੇ ਹੋ ਅਤੇ ਮੈਨੂੰ ਤਲਵਾਰਾਂ ਅਤੇ ਡਾਂਗਾ ਨਾਲ ਗਿਰਫ਼ਤਾਰ ਕਰਨ ਆਏ ਹੋ?
49 ਪਰ ਰੋਜ਼ ਮੈਂ ਮੰਦਰ ਵਿੱਚ ਉਪਦੇਸ਼ ਦਿੰਦਾ, ਤੁਹਾਡੇ ਨਾਲ ਹੁੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਇਹ ਸਭ ਇਸ ਲਈ ਹੋਇਆ ਕਿ ਪੋਥੀਆਂ ਪੂਰੀਆਂ ਹੋਣ।”
50 ਫ਼ਿਰ ਉਸਦੇ ਸਾਰੇ ਚੇਲਿਆਂ ਨੇ ਉਸਨੂੰ ਛੱਡ ਦਿੱਤਾ ਅਤੇ ਨਸ੍ਸ ਗਏ।
51 ਇੱਕ ਜਵਾਨ ਆਦਮੀ ਯਿਸੂ ਦਾ ਪਿਛਾ ਕਰ ਰਿਹਾ ਸੀ ਉਸਨੇ ਸਿਰਫ਼ ਇੱਕ ਪਤਲਾ ਕੱਪੜਾ ਲਿਆ ਹੋਇਆ ਸੀ। ਲੋਕਾਂ ਨੇ ਉਸਨੂੰ ਵੀ ਫ਼ੜਨ ਦੀ ਕੋਸ਼ਿਸ਼ ਕੀਤੀ।
52 ਪਰ ਉਸਨੇ ਆਪਣਾ ਪਤਲਾ ਕੱਪੜਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਅਤੇ ਨੰਗਾ ਹੀ ਉਥੋਂ ਭੱਜ ਗਿਆ।
53 ਜਿਨ੍ਹਾਂ ਲੋਕਾਂ ਨੇ ਉਸਨੂੰ ਗਿਰਫ਼ਤਾਰ ਕੀਤਾ ਸੀ ਉਹ ਉਸਨੂੰ ਸਰਦਾਰ ਜਾਜਕ ਦੇ ਘਰ ਲੈ ਗਏ ਜਿਥੇ ਕਿ ਸਾਰੇ ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਇਕਠੇ ਹੋਏ ਸਨ।
54 ਪਤਰਸ ਕੁਝ ਵਿਥ ਤੇ ਉਸਦੇ ਪਿਛੇ-ਪਿਛੇ ਰਿਹਾ ਪਰ ਉਸਦੇ ਨੇੜੇ ਨਾ ਗਿਆ। ਉਹ ਸਰਦਾਰ ਜਾਜਕ ਦੇ ਘਰ ਦੇ ਵਿਹੜੇ ਅੰਦਰ ਚਲਿਆ ਗਿਆ। ਅਤੇ ਉਹ ਸਿਪਾਹੀਆਂ ਨਾਲ ਬੈਠਕੇ ਅੱਗ ਨਾਲ ਆਪਣੇ-ਆਪ ਨੂੰ ਸੇਕਣ ਲੱਗਾ।
55 ਪ੍ਰਧਾਨ ਜਾਜਕ ਅਤੇ ਸਾਰੀ ਯਹੂਦੀ ਸਭਾ ਨੇ ਯਿਸੂ ਦੇ ਵਿਰੁੱਧ ਕੋਈ ਪ੍ਰਮਾਣ ਲਭਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਉਸਨੂੰ ਮਾਰ ਸਕਣ, ਪਰ ਉਹ ਅਜਿਹਾ ਨਾ ਕਰ ਸਕੇ।
56 ਬੜੇ ਲੋਕ ਉਸਦੇ ਖਿਲਾਫ਼ ਝੂਠੀਆਂ ਗੱਲਾਂ ਆਖਣ ਲੱਗੇ ਪਰ ਕਿਸੇ ਦੀ ਗਵਾਹੀ ਦੂਜੇ ਨਾਲ ਨਹੀਂ ਸੀ ਮਿਲਦੀ।
57 ਫ਼ਿਰ ਕਈ ਲੋਕਾਂ ਨੇ ਉਠਕੇ ਉਸਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਕਿ,
58 “ਅਸੀਂ ਇਸ ਆਦਮੀ ਨੂੰ ਇਹ ਕਹਿੰਦਿਆਂ ਸੁਣਿਆ, ‘ਮੈਂ ਇਸ ਮੰਦਰ ਨੂੰ, ਜੋ ਹੱਥਾਂ ਨਾਲ ਬਣਾਇਆ ਗਿਆ ਹੈ, ਢਾਹ ਦੇਵਾਂਗਾ ਅਤੇ ਇਸਦੀ ਜਗ੍ਹਾ, ਦੂਜਾ ਤਿੰਨਾਂ ਦਿਨਾਂ ਵਿੱਚ ਨਵਾਂ ਖਢ਼ਾ ਕਰ ਦੇਵਾਂਗਾ ਜਿਹੜਾ ਕਿ ਹੱਥਾਂ ਨਾਲ ਨਹੀਂ ਬਾਣਾਇਆ ਹੋਵੇਗਾ।’”
59 ਹਾਲੇ ਵੀ ਇਨ੍ਹਾਂ ਲੋਕਾਂ ਦੀ ਗਵਾਹੀ ਇੱਕ ਦੂਜੇ ਨਾਲ ਨਹੀਂ ਮਿਲੀ।
60 ਸਰਦਾਰ ਜਾਜਕ ਲੋਕਾਂ ਦੇ ਸਾਮ੍ਹਣੇ ਖਢ਼ਾ ਹੋਇਆ ਅਤੇ ਯਿਸੂ ਨੂੰ ਪੁੱਛਿਆ, “ਇਹ ਲੋਕ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਕੀ ਤੂੰ ਆਪਣੇ-ਆਪ ਨੂੰ ਬਚਾਉਣ ਲਈ ਕੋਈ ਸਫ਼ਾਈ ਦੇਣਾ ਚਾਹੁੰਦਾ ਹੈਂ? ਕੀ ਉਹ ਸੱਚ ਆਖ ਰਹੇ ਹਨ?”
61 ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਪ ਰਿਹਾ।ਫ਼ੇਰ ਸਰਦਾਰ ਜਾਜਕ ਨੇ ਉਸਨੂੰ ਇੱਕ ਹੋਰ ਪ੍ਰਸ਼ਨ ਪੁੱਛਿਆ, “ਕੀ ਤੂੰ ਮਸੀਹ ਹੈ, ਪਰਮਧਨ ਪਰਮੇਸ਼ੁਰ ਦਾ ਪੁੱਤਰ ਹੈਂ?”
62 ਯਿਸੂ ਨੇ ਆਖਿਆ, “ਹਾਂ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ਅਤੇ ਭਵਿਖ ਵਿੱਚ ਤੁਸੀਂ ਮਨੁੱਖ ਦੇ ਪੁੱਤਰ ਨੂੰ ਅੱਤ ਸ਼ਕਤੀਸ਼ਾਲੀ ਪ੍ਰਭੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਸੁਰਗ ਦੇ ਬੱਦਲਾਂ ਵਿੱਚ ਆਉਂਦਾ ਵੇਖੋਂਗੇ।”
63 ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ, ਤਾਂ ਉਸਨੂੰ ਬੜਾ ਕਰੋਧ ਆਇਆ। ਗੁੱਸੇ ਨਾਲ ਉਸਨੇ ਆਪਣੇ ਕੱਪੜੇ ਪਾੜਕੇ ਆਖਿਆ, “ਹੁਣ ਸਾਨੂੰ ਕਿਸੇ ਹੋਰ ਗਵਾਹ ਦੀ ਲੋੜ ਨਹੀਂ।
64 ਜੋ ਸਾਰੀਆਂ ਗੱਲਾਂ ਉਸਨੇ ਪਰਮੇਸ਼ੁਰ ਦੇ ਖਿਲਾਫ਼ ਆਖੀਆਂ ਹਨ ਤੁਸੀਂ ਸਭ ਨੇ ਸੁਣੀਆਂ। ਤੁਸੀਂ ਕੀ ਸੋਚਦੇ ਹੋ?”ਸਭ ਲੋਕਾਂ ਨੇ ਯਿਸੂ ਨੂੰ ਦੋਸ਼ੀ ਅਤੇ ਮੌਤ ਦਾ ਅਧਿਕਾਰੀ ਕਰਾਰ ਦਿੱਤਾ।
65 ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸਦੇ ਚਿਹਰੇ ਨੂੰ ਢਕਕੇ ਉਸਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸਨੂੰ ਦੂਰ ਲੈ ਗਏ ਅਤੇ ਉਸਨੂੰ ਕੁਟਿਆ।
66 ਉਸ ਵਕਤ, ਪਤਰਸ ਥੱਲੇ ਵਿਹੜੇ ਵਿੱਚ ਸੀ। ਸਰਦਾਰ ਜਾਜਕ ਦੀ ਇੱਕ ਨੋਕਰ ਕੁੜੀ ਆਈ ਅਤੇ ਉਸਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ।
67 ਉਹ ਉਸ ਵੱਲ ਨਿਗਾਹ ਕਰਕੇ ਬੋਲੀ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ।”
68 ਪਰ ਪਤਰਸ ਨੇ ਕਿਹਾ ਕਿ ਉਹ ਤਾਂ ਉਸ ਨਾਲ ਨਹੀਂ ਸੀ ਅਤੇ ਆਖਣ ਲੱਗਾ, “ਮੈਨੂੰ ਨਹੀਂ ਪਤਾ ਅਤੇ ਨਾ ਹੀ ਮੈਨੂੰ ਸਮਝ ਆ ਰਹੀ ਹੈ ਕਿ ਤੂੰ ਕੀ ਕਹਿ ਰਹੀ ਹੈਂ।” ਫ਼ਿਰ ਪਤਰਸ ਉਥੋਂ ਉਠਕੇ ਡਿਓਢੀ ਵੱਲ ਨੂੰ ਚਲਾ ਗਿਆ।
69 ਜਦੋਂ ਨੋਕਰਾਣੀ ਨੇ ਉਸਨੂੰ ਉਥੇ ਖੜਾ ਵੇਖਿਆ, ਉਸਨੇ ਉਥੇ ਖੜੇ ਲੋਕਾਂ ਨੂੰ ਫ਼ਿਰ ਆਖਿਆ, “ਇਹ ਆਦਮੀ ਉਨ੍ਹਾਂ ਵਿੱਚੋਂ ਇੱਕ ਹੈ।”
70 ਪਤਰਸ ਫ਼ਿਰ ਉਸਦੇ ਕਹਿਣੇ ਤੋਂ ਮੁਕ੍ਕਰ ਗਿਆ।ਕੁਝ ਦੇਰ ਬਾਦ, ਕੁਝ ਲੋਕ ਪਤਰਸ ਦੇ ਕੋਲ ਖੜੇ ਸਨ ਅਤੇ ਉਹ ਕਹਿਣ ਲੱਗੇ, “ਅਸੀਂ ਜਾਣਦੇ ਹਾਂ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ। ਕਿਉਂਕਿ ਤੂੰ ਗਲੀਲ ਤੋਂ ਹੈਂ।”
71 ਪਰ ਪਤਰਸ ਆਪਣੇ-ਆਪ ਨੂੰ ਸਰਾਪਣ ਲੱਗਾ ਅਤੇ ਦ੍ਰਿੜਤਾ ਨਾਲ ਆਖਿਆ, “ਮੈਂ ਸੌਹ ਖਾਂਦਾ ਹਾਂ ਕਿ ਜਿਸ ਆਦਮੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਉਸਨੂੰ ਨਹੀਂ ਜਾਣਦਾ।”
72 ਜਦੋਂ ਪਤਰਸ ਨੇ ਇਹ ਕਿਹਾ, “ਕੁੱਕੜ ਨੇ ਦੂਜੀ ਬਾਂਗ ਦਿੱਤੀ। ਫ਼ਿਰ ਪਤਰਸ ਨੇ ਯਾਦ ਕੀਤਾ ਕਿ ਯਿਸੂ ਨੇ ਉਸਨੂੰ ਕੀ ਕਿਹਾ ਸੀ; ਕਿ ਕੁੱਕੜ ਦੇ ਦੂਜੀ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੁਕਰੇਂਗਾ ਇਹ ਕਹਿਕੇ ਕਿ ਮੈਂ ਯਿਸੂ ਨੂੰ ਨਹੀਂ ਜਾਣਦਾ।” ਤਦ ਪਤਰਸ ਬੜਾ ਦੁਖੀ ਹੋਇਆ ਅਤੇ ਰੋਣ ਲੱਗ ਪਿਆ।