ਕਾਂਡ 53

1 ਜਿਨ੍ਹਾਂ ਗੱਲਾਂ ਦਾ ਅਸੀਂ ਐਲਾਨ ਕੀਤਾ ਸੀ ਉਨ੍ਹਾਂ ਬਾਰੇ ਕਿਸਨੇ ਯਕੀਨ ਕੀਤਾ? ਕਿਸਨੇ ਸੱਚਮੁੱਚ ਯਹੋਵਾਹ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ?
2 ਉਹ ਪਰਮੇਸ਼ੁਰ ਦੇ ਸਾਮ੍ਹਣੇ ਇੱਕ ਛੋਟੇ ਪੌਦੇ ਵਾਂਗ ਉਗਿਆ ਸੀ। ਉਹ ਖੁਸ਼ਕ ਧਰਤੀ ਉੱਤੇ ਉੱਗਣ ਵਾਲੀ ਜਢ਼ ਵਾਂਗ ਸੀ। ਉਹ ਮਹੱਤਵਪੂਰਣ ਦਿਖਾਈ ਨਹੀਂ ਦਿੰਦਾ ਸੀ। ਉਸਦਾ ਕੋਈ ਖਾਸ ਪਰਤਾਪ ਨਹੀਂ ਸੀ। ਜੇ ਅਸੀਂ ਉਸ ਵੱਲ ਦੇਖਦੇ ਤਾਂ ਸਾਨੂੰ ਕੋਈ ਅਜਿਹੀ ਖਾਸ ਗੱਲ ਨਹੀਂ ਦਿਖਾਈ ਨਹੀਂ ਸੀ ਦੇਣੀ ਜਿਹੜੀ ਉਸਨੂੰ ਸਾਡੀ ਨਜ਼ਰ ਵਿੱਚ ਪਸੰਦ ਕਰਨ ਯੋਗ ਬਣਾਉਂਦੀ ਹੋਵੇ।
3 ਲੋਕਾਂ ਨੇ ਉਸਦਾ ਮਜ਼ਾਕ ਉਡਾਇਆ, ਅਤੇ ਉਸਦੇ ਦੋਸਤ ਉਸਨੂੰ ਛੱਡ ਗਏ। ਉਹ ਅਜਿਹਾ ਆਦਮੀ ਸੀ ਜਿਸ ਨੂੰ ਵਧੇਰੇ ਦਰਦ ਸੀ। ਉਹ ਉਦਾਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੋਕ ਉਸਨੂੰ ਇੰਨਾ ਆਦਰ ਵੀ ਨਹੀਂ ਸਨ ਦਿੰਦੇ ਕਿ ਉਸ ਵੱਲ ਧਿਆਨ ਨਾਲ ਦੇਖ ਸਕਣ। ਅਸੀਂ ਉਸ ਵੱਲ ਧਿਆਨ ਨਹੀਂ ਸੀ ਦਿੱਤਾ।
4 ਪਰ ਉਸਨੇ ਸਾਡੀਆਂ ਮੁਸੀਬਤਾਂ ਲੈ ਲਈਆਂ ਅਤੇ ਉਨ੍ਹਾਂ ਨੂੰ ਅਪਣਾ ਲਿਆ। ਉਸਨੇ ਸਾਡੇ ਦੁੱਖ ਨੂੰ ਬਰਦਾਸ਼ਤ ਕੀਤਾ ਅਤੇ ਅਸੀਂ ਇਹ ਸੋਚਿਆ ਕਿ ਪਰਮੇਸ਼ੁਰ ਉਸਨੂੰ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਕਿ ਪਰਮੇਸ਼ੁਰ ਉਸਨੂੰ ਉਸਦੇ ਅਮਲਾਂ ਦੀ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਸੀ ਕਿ ਪਰਮੇਸ਼ੁਰ ਨੇ ਉਸਦੇ ਕੀਤੇ ਦੀ ਸਜ਼ਾ ਦਿੱਤੀ ਸੀ।
5 ਪਰ ਉਸਨੂੰ ਸਾਡੀਆਂ ਬੁਰਿਆਈਆਂ ਦੀ ਸਜ਼ਾ ਮਿਲੀ ਸੀ। ਉਸਨੂੰ ਸਾਡੇ ਗੁਨਾਹ ਬਦਲੇ ਕੁਚਲਿਆ ਗਿਆ ਸੀ। ਉਹ ਕਰਜ਼ਾ ਜਿਹੜਾ ਸਾਡੇ ਸਿਰ ਸੀ-ਸਾਡੀ ਸਜ਼ਾ-ਉਹ ਉਸਨੂੰ ਮਿਲਿਆ ਸੀ। ਅਸੀਂ ਉਸਦੀ ਸਜ਼ਾ ਕਾਰਣ ਹੀ ਸਿਹਤਯਾਬ ਹੋਏ ਸਾਂ। ਸਾਨੂੰ ਅਰੋਗਤਾ ਮਿਲੀ (ਮਾਫ਼ੀ ਮਿਲੀ) ਤਾਂ ਉਸਦੇ ਦੁੱਖ ਕਾਰਣ।
6 ਅਸੀਂ ਸਾਰੇ ਹੀ ਭੇਡਾਂ ਵਾਂਗ ਭਟਕ ਗਏ। ਅਸੀਂ ਸਾਰੇ ਆਪਣੇ-ਆਪਣੇ ਰਾਹ ਤੁਰ ਗਏ। ਅਸੀਂ ਅਜਿਹਾ ਉਦੋਂ ਕੀਤਾ ਜਦੋਂ ਯਹੋਵਾਹ ਨੇ ਸਾਨੂੰ ਸਾਡੇ ਪਾਪ ਤੋਂ ਮੁਕਤ ਕਰ ਦਿੱਤਾ ਅਤੇ ਸਾਡਾ ਸਾਰਾ ਪਾਪ ਆਪਣੇ ਜ਼ਿਂਮੇ ਲੈ ਲਿਆ।
7 ਉਸ ਨੂੰ ਦੁੱਖ ਦਿੱਤਾ ਅਤੇ ਸਜ਼ਾ ਦਿੱਤੀ ਗਈ। ਪਰ ਉਸਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸਨੇ ਕੁਝ ਵੀ ਨਹੀਂ ਆਖਿਆ - ਜਿਵੇਂ ਭੇਡ ਜ਼ਿਬਾਹ ਕਰਨ ਲਿਜਾਈ ਜਾਂਦੀ ਹੈ। ਉਹ ਉਸ ਲੇਲੇ ਵਰਗਾ ਸੀ ਜਿਹੜਾ ਉਦੋਂ ਜ਼ਰਾ ਜਿੰਨਾ ਵੀ ਆਵਾਜ਼ ਨਹੀਂ ਕਰਦਾ ਜਦੋਂ ਕੋਈ ਉਸਦੀ ਉੱਨ ਲਾਹੁਂਦਾ ਹੈ। ਉਸਨੇ ਕਦੇ ਮੂੰਹ ਨਹੀਂ ਖੋਲ੍ਹਿਆ ਆਪਣੇ ਆਪ ਨੂੰ ਬਚਾਉਣ ਲਈ।
8 ਲੋਕਾਂ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਉਸਨੂੰ ਲੈ ਗਏ - ਅਤੇ ਉਨ੍ਹਾਂ ਨੇ ਉਸ ਨਾਲ ਬੇਲਾਗ ਹੋ ਕੇ ਨਿਆਂ ਨਹੀਂ ਕੀਤਾ। ਕੋਈ ਵੀ ਬੰਦਾ ਉਸਦੇ ਭਵਿੱਖ ਦੇ ਪਰਿਵਾਰ ਬਾਰੇ ਨਹੀਂ ਦੱਸ ਸਕਦਾ ਕਿਉਂ ਕਿ ਉਸਨੂੰ ਜਿਉਂਦੇ ਬੰਦਿਆਂ ਦੀ ਦੁਨੀਆਂ ਤੋਂ ਦੂਰ ਲੈ ਜਾਇਆ ਗਿਆ। ਉਸਨੂੰ ਮੇਰੇ ਬੰਦਿਆਂ ਦੇ ਪਾਪਾਂ ਦੀ ਸਜ਼ਾ ਦਿੱਤੀ ਗਈ।
9 ਉਹ ਮਰ ਗਿਆ ਅਤੇ ਉਸ ਨੂੰ ਅਮੀਰ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੂੰ ਮੰਦੇ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੇ ਕੁਝ ਵੀ ਗ਼ਲਤ ਨਹੀਂ ਸੀ ਕੀਤਾ ਉਸਨੇ ਕਦੇ ਝੂਠ ਨਹੀਂ ਸੀ ਬੋਲਿਆ - ਪਰ ਫ਼ੇਰ ਵੀ ਇਹ ਗੱਲਾਂ ਉਸ ਨਾਲ ਵਾਪਰੀਆ।
10 ਯਹੋਵਾਹ ਨੇ ਉਸਨੂੰ ਕੁਚਲਣ ਦਾ ਫ਼ੈਸਲਾ ਕੀਤਾ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਸਨੂੰ ਦੁੱਖ ਮਿਲਣਾ ਚਾਹੀਦਾ ਹੈ ਇਸ ਲਈ ਸੇਵਕ ਨੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਪਰ ਉਹ ਬਹੁਤ ਲੰਮੇ ਸਮੇਂ ਤੱਕ ਨਵਾਂ ਜੀਵਨ ਜੀਵੇਗਾ। ਉਹ ਆਪਣੇ ਲੋਕਾਂ ਨੂੰ ਮਿਲੇਗਾ। ਉਹ ਉਨ੍ਹਾਂ ਗੱਲਾਂ ਨੂੰ ਪੂਰਿਆਂ ਕਰੇਗਾ ਜਿਹੜੀਆਂ ਯਹੋਵਾਹ ਉਸ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ।
11 ਉਹ ਆਪਣੇ ਆਤਮੇ ਵਿੱਚ ਬਹੁਤ ਕਸ਼ਟ ਭੋਗੇਗਾ, ਪਰ ਉਹ ਉਨ੍ਹਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜਿਹੜੀਆਂ ਵਾਪਰਨਗੀਆਂ। ਉਹ ਆਪਣੀਆਂ ਸਿਖ੍ਖੀਆਂ ਹੋਈਆਂ ਗੱਲਾਂ ਨਾਲ ਸੰਤੁਸ਼ਟ ਹੋਵੇਗਾ। ਮੇਰਾ ਚੰਗਾ ਸੇਵਕ ਬਹੁਤ ਸਾਰੇ ਲੋਕਾਂ ਨੂੰ ਬੇਗੁਨਾਹ ਬਣਾ ਦੇਵੇਗਾ, ਉਹ ਉਨ੍ਹਾਂ ਦਾ ਪਾਪ ਦੂਰ ਲੈ ਜਾਵੇਗਾ।
12 ਇਸ ਕਾਰਣ ਮੈਂ ਆਪਣੇ ਬੰਦਿਆਂ ਵਿੱਚੋਂ ਉਸਨੂੰ ਇਨਾਮ ਦੇਵਾਂਗਾ। ਉਹ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਹਿੱਸਾ ਲਵੇਗਾ ਜਿਹੜੇ ਤਾਕਤਵਰ ਹਨ। ਮੈਂ ਉਸਦੇ ਲਈ ਹੀ ਅਜਿਹਾ ਕਰਾਂਗਾ ਕਿਉਂ ਕਿ ਉਹ ਮਰ ਗਿਆ ਅਤੇ ਲੋਕਾਂ ਨੂੰ ਆਪਣਾ ਜੀਵਨ ਦੇ ਦਿੱਤਾ।ਲੋਕਾਂ ਨੇ ਆਖਿਆ ਕਿ ਉਹ ਮੁਜਰਿਮ ਸੀ। ਪਰ ਸੱਚ ਇਹ ਹੈ ਕਿ ਉਸਨੇ ਬਹੁਤ ਸਾਰੇ ਲੋਕਾਂ ਦੇ ਪਾਪ ਆਪਣੇ ਉੱਤੇ ਲੈ ਲੇ। ਅਤੇ ਹੁਣ ਉਹ ਉਨ੍ਹਾਂ ਲੋਕਾਂ ਲਈ ਗੱਲ ਕਰਦਾ ਹੈ ਜਿਨ੍ਹਾਂ ਨੇ ਪਾਪ ਕੀਤੇ ਹਨ।"